ਜਿਹੜੀਆਂ ਕੌਮਾਂ ਰੂਹ ਦੇ ਜ਼ੋਰ ਨਾਲ ਜਿਉਂਦੀਆਂ ਹਨ, ਉਨ੍ਹਾਂ ਦੇ ਦੁੱਖ ਗਹਿਰਾਈ ਤੱਕ ਵੀ ਮਾਪੇ ਨਹੀਂ ਜਾ ਸਕਦੇ। ਇਹੋ ਜਿਹੀਆਂ ਕੌਮਾਂ ਦੀ ਦਾਸਤਾਨ ਬੜੀ ਅਨੋਖੀ ਹੋਇਆ ਕਰਦੀ ਹੈ। ਜਦੋਂ ਇਹੋ ਜਿਹੀਆਂ ਕੌਮਾਂ ਗੰਭੀਰ ਖਤਰਿਆਂ ਵਿਚ ਘਿਰ ਜਾਂਦੀਆਂ ਹਨ ਅਤੇ ਉਨ੍ਹਾਂ ਦੇ ਆਗੂ ਮਿੱਟੀ ਦੇ ਮਾਧੋ ਹੋ ਜਾਂਦੇ ਹਨ ਤੇ ਉਨ੍ਹਾਂ ਦੀ ਸੋਚ ਵਿਕਾਊ ਹੋ ਜਾਂਦੀ ਹੈ ਤਾਂ ਇਹੋ ਜਿਹੇ ਸਮੇਂ ਦੌਰਾਨ ਰੂਹ ਦੇ ਜ਼ੋਰ ਨਾਲ ਜਿਉਣ ਵਾਲੀਆਂ ਕੌਮਾਂ ਅੰਦਰ ਵੱਲ ਪਰਤ ਜਾਂਦੀਆਂ ਹਨ। ਇਸੇ ਨੂੰ ਢਹਿੰਦੀ ਕਲਾ ਦਾ ਨਾਮ ਦਿੱਤਾ ਜਾ ਸਕਦਾ ਹੈ।
ਜਾਪਦਾ ਹੈ ਕਿ ਸਿੱਖ ਕੌਮ ਦੀ ਦਰਦਨਾਕ ਦਾਸਤਾਂ ਵੀ ਅਜਿਹੀ ਹੈ, ਜਿਸ ਦਾ ਦਰਦ ਖਮੋਸ਼ੀ ਨਾਲ ਜੁੜ ਗਿਆ। ਇਹ ਦੌਰ ਬਹੁਤ ਲੰਮਾ ਜਾਪਦਾ ਹੈ। ਸਿੱਖ ਕੌਮ ਜਿਸ ਦੌਰ ਵਿਚੋਂ ਗੁਜ਼ਰ ਰਹੀ ਹੈ, ਉਹ ਦੌਰ ਕਦੇ ਵੀ ਇਤਿਹਾਸ ਵਿਚ ਅੱਜ ਤੱਕ ਨਹੀਂ ਵਾਪਰਿਆ। ਅੱਜ ਡੂੰਘਾ ਸਵਾਲ ਇਹੀ ਹੈ। ਸਿੱਖ ਕਿਉਂ ਰੁਲਦੇ ਜਾਂਦੇ ਹਨ?
20ਵੀਂ ਸਦੀ ਦੇ ਪ੍ਰਸਿੱਧ ਪੰਜਾਬੀ ਕਵੀ ਪ੍ਰੋ. ਪੂਰਨ ਸਿੰਘ ਨੇ ਵੀ ਅਜਿਹਾ ਤੌਖਲਾ ਪ੍ਰਗਟਾਇਆ ਸੀ। ਉਸ ਨੇ ਆਪਣੀ ਇਕ ਕਵਿਤਾ ਵਿਚ ਲਿਖਿਆ ਸੀ-
ਇਹ ਗਲੀ!
ਮਾਹੀ ਯਾਰ ਦੀ ਹਾਂ
ਇਹ ਰਾਹ!
ਸੱਚੀ ਸਰਕਾਰ ਦੀ ਹਾਂ
ਓਏ!
ਸਿੱਖ ਕਿਉਂ ਰੁਲਦੇ ਜਾਂਦੇ ਨੀ?
ਪੂਰਨ ਸਿੰਘ ਨੇ ਆਪਣੀ ਇਸ ਕਵਿਤਾ ਵਿਚ ਸਿੱਖਾਂ ਦੇ ਰੁਲ ਜਾਣ ਦੀ ਗੱਲ ਕੀਤੀ ਹੈ। ਸਾਨੂੰ ਹੁਣ ਇਨ੍ਹਾਂ ਕਾਰਨਾਂ ਦਾ ਲੇਖਾ-ਜੋਖਾ ਕਰਨਾ ਪਵੇਗਾ ਕਿ ਸਿੱਖਾਂ ਵਿਚ ਢਹਿੰਦੀ ਕਲਾ ਕਿਉਂ ਆ ਰਹੀ ਹੈ ਤੇ ਉਹ ਰੁਲ ਕਿਉਂ ਰਹੇ ਨੇ?
ਅਸੀਂ ਇਕ ਅਜਿਹੇ ਪੜਾਅ 'ਤੇ ਆ ਪਹੁੰਚੇ ਹਾਂ ਜਿੱਥੇ ਸਾਨੂੰ ਆਪਣੇ ਅੰਦਰ ਇਕ ਡੂੰਘੀ ਝਾਤ ਪਾਉਣੀ ਪੈਣੀ ਹੈ। ਪਰ ਸਮਝ ਨਹੀਂ ਪੈਂਦੀ ਕਿ ਸਿੱਖਾਂ ਉੱਪਰ ਅਜਿਹਾ ਦੌਰ ਕਿਉਂ ਆ ਰਿਹਾ ਹੈ। ਸਿੱਖਾਂ ਦਾ ਇਤਿਹਾਸ ਗਵਾਹ ਹੈ ਕਿ ਸਿੱਖ ਹਮੇਸ਼ਾ ਖਤਰਿਆਂ ਦੇ ਨਾਲ ਖੇਡਦੇ ਰਹੇ ਹਨ। ਸ਼ਹਾਦਤਾਂ ਦਿੰਦੇ ਰਹੇ ਹਨ। ਬੜੀਆਂ ਮੁਸੀਬਤਾਂ ਵਿਚੋਂ ਵੀ ਗੁਜ਼ਰੇ ਹਨ ਪਰ ਅਜਿਹਾ ਦੌਰ ਕਦੇ ਵੀ ਨਹੀਂ ਆਇਆ ਕਿ ਉਹ ਬਿਲਕੁਲ ਹੀ ਖਾਮੋਸ਼ ਹੋ ਗਏ ਹੋਣ ਜਿਵੇਂ ਕਿ ਅੱਜ ਹਨ। ਸਿੱਖਾਂ ਦੇ ਬੀਤ ਚੁੱਕੇ ਇਤਿਹਾਸ ਵੱਲ ਝਾਤੀ ਮਾਰੀਏ ਤਾਂ ਪਤਾ ਲੱਗਦਾ ਹੈ ਕਿ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਤੋਂ ਬਾਅਦ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਮੀਰੀ-ਪੀਰੀ ਦੇ ਸੰਕਲਪ ਤਹਿਤ ਸ੍ਰੀ ਅਕਾਲ ਤਖਤ ਸਾਹਿਬ ਦੀ ਸਿਰਜਣਾ ਕੀਤੀ। ਸੰਸਾਰਕ ਰਾਜਨੀਤੀ ਤੋਂ ਵੀ ਉੱਪਰ ਧਰਮ ਦਾ ਤਖਤ ਐਲਾਨ ਕਰ ਦਿੱਤਾ, ਜਿੱਥੇ ਧਰਮ ਤੇ ਰਾਜਨੀਤੀ ਸਾਂਝੀ ਸੀ। ਅਰਥਾਤ ਰਾਜਨੀਤੀ ਉੱਪਰ ਧਰਮ ਦਾ ਕੁੰਡਾ ਸੀ।
ਕਹਿਣ ਤੋਂ ਭਾਵ ਕਿ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਨੇ ਸਿੱਖ ਕੌਮ ਵਿਚ ਚੜ੍ਹਦੀ ਕਲਾ ਦਾ ਦੌਰ ਸਿਰਜਿਆ। ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਮਨੁੱਖੀ ਅਧਿਕਾਰਾਂ ਦੇ ਹਿੱਤ ਵਿਚ ਸ਼ਹਾਦਤ ਹੋਈ ਤਾਂ ਗੁਰੂ ਗੋਬਿੰਦ ਸਿੰਘ ਜੀ ਨੇ ਸ਼ਸਤਰ ਚੁੱਕ ਲਏ। ਇਸ ਕਰਕੇ ਕਿ ਇਨ੍ਹਾਂ ਤੋਂ ਬਿਨਾਂ ਸਿੱਖ ਕੌਮ ਦੀ ਵੱਖਰੀ ਹੋਂਦ ਕਾਇਮ ਨਹੀਂ ਰੱਖੀ ਜਾ ਸਕਦੀ ਸੀ ਤੇ ਨਾ ਹੀ ਜ਼ੁਲਮ ਨਾਲ ਟੱਕਰ ਲਈ ਜਾ ਸਕਦੀ ਸੀ। ਗੁਰੂ ਦਾ ਨਿਸ਼ਾਨਾ ਇਹ ਸੀ ਕਿ ਸਿੱਖਾਂ ਨੂੰ ਨਿਮਾਣਿਆਂ ਦਾ ਮਾਣ, ਨਿਤਾਣਿਆਂ ਦਾ ਤਾਣ, ਨਿਓਟਿਆਂ ਦੀ ਓਟ ਬਣਨਾ ਪਵੇਗਾ। ਇਸੇ ਸੰਕਲਪ ਅਧੀਨ ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਿਰਜਣਾ ਕੀਤੀ, ਜਿਸ ਦਾ ਨਿਸ਼ਾਨਾ ਸੀ ਹਲੇਮੀ ਰਾਜ। ਜਿੱਥੇ ਸਮੂਹ ਲੋਕ ਸੁਖੀ ਰਹਿਣ ਭਾਵੇਂ ਉਹ ਕਿਸੇ ਜਾਤ ਦੇ ਹੋਣ, ਕਿਸੇ ਧਰਮ ਦੇ ਹੋਣ। ਗੁਰੂ ਦੀ ਬਖਸ਼ਿਸ਼ ਸਦਕਾ ਉਹ ਦੌਰ ਬਾਬਾ ਬੰਦਾ ਸਿੰਘ ਬਹਾਦਰ ਦੇ ਰਾਜ ਵੇਲੇ ਆਇਆ। ਜਿਥੇ ਦਬੇ-ਕੁਚਲਿਆਂ, ਲੁੱਟੇ-ਕੁੱਟੇ ਕਿਸਾਨਾਂ ਨੂੰ ਰਾਜੇ ਬਣਾਇਆ ਗਿਆ। ਜੰਗ ਦੇ ਮੈਦਾਨ ਵਿਚ ਜੂਝਣ ਦਾ ਉਨ੍ਹਾਂ ਨੇ ਵੱਲ ਸਿੱਖਿਆ। ਇਹ ਦਬੇ-ਕੁਚਲੇ ਲੋਕ ਉਨ੍ਹਾਂ ਸਵਰਨ ਹਿੰਦੂ ਜਾਤਾਂ ਦੀ ਕਿਸਮਤ ਦੇ ਘਾੜੇ ਬਣੇ ਜੋ ਉਨ੍ਹਾਂ ਨੂੰ ਗੁਲਾਮਾਂ ਦੀ ਤਰ੍ਹਾਂ ਲਿਤਾੜਦੇ ਸਨ ਅਤੇ ਉੱਚ ਜਾਤ ਦਾ ਗੁਮਾਨ ਰੱਖ ਕੇ ਦਬੇ-ਕੁਚਲੇ ਲੋਕਾਂ ਅਤੇ ਕਿਸਾਨਾਂ ਨਾਲ ਪਸ਼ੂਆਂ ਤੋਂ ਵੀ ਭੈੜਾ ਸਲੂਕ ਕਰਦੇ ਸਨ।
ਸਿੱਖਾਂ ਦੀ ਫੁੱਟ ਕਾਰਨ ਬਾਬਾ ਬੰਦਾ ਸਿੰਘ ਬਹਾਦਰ ਦਾ ਰਾਜ ਗਿਆ, ਕੁਰਬਾਨੀਆਂ ਹੋਈਆਂ, ਸਿੱਖਾਂ ਦੇ ਬੰਦ-ਬੰਦ ਕੱਟੇ ਗਏ, ਮਾਵਾਂ ਨੇ ਸਿੱਖੀ ਸਿਦਕ ਨਾ ਹਾਰਦਿਆਂ ਆਪਣੇ ਬੱਚਿਆਂ ਦੇ ਟੋਟੇ ਕਰਵਾ ਕੇ ਆਪਣੀਆਂ ਝੋਲੀਆਂ 'ਚ ਪੁਆ ਲਏ। ਕਿੰਨਾ ਭਿਆਨਕ ਦੌਰ ਸੀ ਜਦੋਂ ਮੁਗਲ ਹਕੂਮਤ ਦੌਰਾਨ ਮਨੁੱਖੀ ਅਧਿਕਾਰਾਂ ਦੀ ਕੋਈ ਕਦਰ ਨਹੀਂ ਸੀ ਪਰ ਸਿੱਖ ਫਿਰ ਵੀ ਨਹੀਂ ਹਾਰੇ, ਫਿਰ ਵੀ ਨਹੀਂ ਰੁਲੇ। ਗੁਰੂ ਨੂੰ ਅੰਗ-ਸੰਗ ਸਮਝ ਕੇ ਚੜ੍ਹਦੀ ਕਲਾ ਵਿਚ ਰਹੇ।
ਮਿਸਲਾਂ ਦਾ ਯੁਗ ਆਇਆ, ਮੁਗਲ ਹਕੂਮਤ ਤਬਾਹ ਹੋ ਕੇ ਰਹਿ ਗਈ। ਸਿੱਖ ਕੌਮ ਦੀ ਅਹਿਮਦ ਸ਼ਾਹ ਅਬਦਾਲੀ, ਨਾਦਰ ਸ਼ਾਹ ਨਾਲ ਟੱਕਰ ਹੋਈ, ਦੋ ਘੱਲੂਘਾਰੇ ਹੋਏ ਪਰ ਸਿੱਖ ਚੜ੍ਹਦੀ ਕਲਾ ਵਿਚ ਰਹੇ। 18ਵੀਂ ਸਦੀ ਦੌਰਾਨ ਬਾਬਾ ਬਘੇਲ ਸਿੰਘ ਦੀ ਅਗਵਾਈ ਵਿਚ ਸਿੱਖਾਂ ਨੇ ਦਿੱਲੀ 'ਤੇ ਕੇਸਰੀ ਨਿਸ਼ਾਨ ਸਾਹਿਬ ਲਹਿਰਾ ਕੇ ਪੂਰੇ ਦੇਸ਼ ਨੂੰ ਵੀ ਕਬਜ਼ੇ ਵਿਚ ਕਰ ਲਿਆ ਸੀ। ਇਸੇ ਲਈ ਸਿੱਖਾਂ ਦੇ ਸੀਨੇ-ਬਸੀਨੇ ਇਹ ਸ਼ਬਦ ਘਰ ਕੀਤਾ ਹੋਇਆ ਹੈ 'ਦਿੱਲੀ ਤਖਤ ਪਰ ਬਹੇਗੀ ਆਪ ਗੁਰੂ ਕੀ ਫੌਜ, ਛਤਰ ਝੁਲੇਂਗੇ ਸੀਸ ਪਰ ਬੜੀ ਕਰੇਗੀ ਮੌਜ'।
ਮਹਾਰਾਜਾ ਰਣਜੀਤ ਸਿੰਘ ਦੇ ਦੌਰ ਦੌਰਾਨ ਸਿੱਖਾਂ ਨੇ ਪੰਜਾਬ ਉੱਪਰ ਰਾਜ ਕੀਤਾ। ਅਫਗਾਨੀਆਂ ਅਤੇ ਅੰਗਰੇਜ਼ਾਂ ਨੂੰ ਡੱਕ ਕੇ ਰੱਖੀ ਰੱਖਿਆ। ਮਰਹੱਟੇ ਅਤੇ ਰਾਜਪੂਤ ਵੀ ਸਿੱਖਾਂ ਤੋਂ ਖੌਫ ਖਾਂਦੇ ਸਨ। ਅੰਗਰੇਜ਼ਾਂ ਦੇ ਸਮੇਂ ਸਿੱਖਾਂ ਨੇ ਭਾਰਤ ਨੂੰ ਗੁਲਾਮੀ ਤੋਂ ਛੁਟਕਾਰਾ ਦੁਆਉਣ ਲਈ 80% ਕੁਰਬਾਨੀਆਂ ਕੀਤੀਆਂ, ਜੇਲ੍ਹਾਂ ਕੱਟੀਆਂ ਪਰ ਫਿਰ ਵੀ ਸਿੱਖ ਚੜ੍ਹਦੀ ਕਲਾ ਵਿਚ ਰਹੇ।
ਬੀਤੇ ਤਿੰਨ ਦਹਾਕਿਆਂ ਦੌਰਾਨ ਸਿੱਖਾਂ ਨੇ ਗੰਭੀਰ ਸੰਤਾਪ ਝੱਲਿਆ। ਜੂਨ 84 ਅਤੇ ਨਵੰਬਰ-84 ਦੇ ਦੋ ਘੱਲੂਘਾਰਿਆਂ ਨੂੰ ਹੰਢਾਇਆ ਹੈ। ਜਿਸ ਵਿਚ ਸਿੱਖਾਂ ਦਾ ਵੱਡਾ ਜਾਨੀ ਤੇ ਮਾਲੀ ਨੁਕਸਾਨ ਹੋਇਆ ਹੈ। ਹਰਿਮੰਦਰ ਸਾਹਿਬ ਦੀ ਬੇਅਦਬੀ ਹੋਈ। ਸ੍ਰੀ ਅਕਾਲ ਤਖਤ ਸਾਹਿਬ ਫੌਜੀ ਹਮਲੇ ਕਰਕੇ ਢਹਿ-ਢੇਰੀ ਹੋਇਆ। ਨਵੰਬਰ 84 ਦੌਰਾਨ ਸਿੱਖਾਂ ਦਾ ਵੱਡੀ ਪੱਧਰ 'ਤੇ ਕਤਲੇਆਮ ਕੀਤਾ ਹੋਇਆ। ਸਿੱਖਾਂ ਦੀਆਂ ਧੀਆਂ-ਭੈਣਾਂ ਦੀ ਸ਼ਰੇਆਮ ਇੱਜ਼ਤ ਲੁੱਟੀ ਗਈ। ਪੰਜਾਬ ਵਿਚ ਸ਼ਾਂਤੀ ਕਾਇਮ ਕਰਨ ਦੇ ਨਾਂ 'ਤੇ ਸਿੱਖਾਂ ਨੂੰ ਲਾਵਾਰਿਸ ਲਾਸ਼ਾਂ ਬਣਾਇਆ ਗਿਆ। ਇਹ ਦੌਰ ਪੁਰਾਤਨ 18ਵੀਂ ਸਦੀ ਦੇ ਸਿੱਖ ਘੱਲੂਘਾਰਿਆਂ ਅਤੇ ਚਮਕੌਰ ਦੀ ਗੜ੍ਹੀ ਦੇ ਦ੍ਰਿਸ਼ ਤੋਂ ਵੱਖਰਾ ਨਹੀਂ ਸੀ। ਜੇਕਰ ਸਿੱਖ ਉਸ ਸਮੇਂ ਚੜ੍ਹਦੀ ਕਲਾ ਵਿਚ ਰਹਿ ਸਕਦੇ ਹਨ ਤਾਂ ਹੁਣ ਅਜਿਹਾ ਕੀ ਬੀਤਿਆ ਹੈ ਕਿ ਦੋ ਘੱਲੂਘਾਰਿਆਂ ਤੋਂ ਬਾਅਦ ਸਿੱਖਾਂ ਦੀ ਗੁਰੂ ਦਾ ਸੁਹਜ ਹੀ ਗਾਇਬ ਹੋ ਗਿਆ ਹੈ। ਇਸ ਤਰ੍ਹਾਂ ਜਾਪਦਾ ਹੈ ਕਿ ਧਰਮਯੁੱਧ ਮੋਰਚਾ ਲਾਉਣ ਵਾਲੇ ਅਕਾਲੀ ਲੀਡਰਾਂ ਨੇ ਸੰਘਰਸ਼ਸ਼ੀਲ ਨੌਜਵਾਨਾਂ ਨੂੰ ਝੂਠੇ ਲਾਰੇ ਲਾ ਕੇ, ਗੁਪਤ ਸਮਝੌਤਿਆਂ ਦੀ ਲੜੀ ਚਲਾ ਕੇ, ਖਾੜਕੂ ਲਹਿਰ ਤੋਂ ਬਾਅਦ ਕੌਮ ਦੀਆਂ ਮੰਗਾਂ ਮਸਲਿਆਂ ਨਾਲੋਂ ਨਾਤਾ ਤੋੜ ਲਿਆ। ਸਿਰਫ ਆਪਣੇ-ਆਪ ਨੂੰ ਕੁਰਸੀ ਅਤੇ ਮਾਇਆ ਤੱਕ ਸੀਮਿਤ ਕਰ ਲਿਆ। ਅਸੀਂ ਅੱਜ ਤੱਕ ਆਪਣਾ ਲੇਖਾ-ਜੋਖਾ ਨਹੀਂ ਕਰ ਸਕੇ ਕਿ ਸਾਡੇ ਨਾਲ ਅਜਿਹਾ ਕਿਉਂ ਬੀਤਿਆ ਹੈ? ਅਸੀਂ ਇਸ ਡੂੰਘੇ ਸੰਤਾਪ ਵਿਚੋਂ ਬਾਹਰ ਕਿਉਂ ਨਹੀਂ ਆ ਰਹੇ? ਸਾਡੀ ਦਸ਼ਾ ਹਾਰੀਆਂ ਕੌਮਾਂ ਵਾਲੀ ਕਿਉਂ ਹੈ?
ਅਸੀਂ ਇਕ ਅਜਿਹੇ ਪੜਾਅ 'ਤੇ ਆਣ ਪਹੁੰਚੇ ਹਾਂ ਜਿੱਥੇ ਸਾਨੂੰ ਆਪਣੇ ਅੰਦਰ ਇਕ ਡੂੰਘੀ ਝਾਤ ਮਾਰਨੀ ਪੈਣੀ ਹੈ। ਜਦੋਂ ਕੌਮ ਆਪਣੇ ਪੈਗੰਬਰਾਂ ਦੀ ਪਹਿਲ ਤਾਜ਼ਗੀ ਨਾਲੋਂ ਟੁੱਟਣ ਲੱਗਦੀ ਹੈ ਤਾਂ ਕੌਮਾਂ ਵਿਚ ਖੜੋਤ ਆ ਜਾਂਦੀ ਹੈ। ਇਹ ਸਭ ਹੁਣ ਸਾਡੇ ਨਾਲ ਬੀਤ ਰਿਹਾ ਹੈ। ਇਹ ਵੇਲਾ ਹੈ ਕਿ ਅਸੀਂ ਆਪਣੀ ਅੰਤਰ-ਦ੍ਰਿਸ਼ਟੀ ਨਾਲ ਇਸ ਸਭ ਕੁਝ ਦਾ ਲੇਖਾ-ਜੋਖਾ ਕਰੀਏ। ਇਹ ਨੁਕਤਾ ਸਪੱਸ਼ਟ ਹੋ ਜਾਣਾ ਚਾਹੀਦਾ ਹੈ ਕਿ ਸਾਰਾ ਖਤਰਾ ਸਾਡੀ ਵੱਖਰੀ ਪਛਾਣ ਗੁਆਚਣ ਦਾ ਹੈ। ਆਰ. ਐਸ. ਐਸ., ਹਿੰਦੂ ਪ੍ਰੀਸ਼ਦ, ਸ਼ਿਵ ਸੈਨਾ, ਪਖੰਡੀ ਸਾਧ ਅਤੇ ਸਿੱਖ ਵਿਰੋਧੀ ਜਥੇਬੰਦੀਆਂ ਸਾਡੀ ਵੱਖਰੀ ਪਛਾਣ ਨੂੰ ਖੋਰਨ 'ਤੇ ਤੁਲੀਆਂ ਹੋਈਆਂ ਹਨ। ਮੁੱਦਾ ਤਾਂ ਇਹ ਹੈ ਕਿ ਅਸੀਂ ਰਹਿਤ, ਇਖਲਾਕੀ ਸੁੱਚਤਾ, ਸੂਰਮਗਤੀ ਤੇ ਮੀਰੀ ਦਾ ਨਿਆਰਾ ਤੇ ਪਿਆਰਾ ਸਿਧਾਂਤ, ਸ਼ਬਦ ਗੁਰੂ ਪਹਿਰੇ ਦੇ ਅਧੀਨ ਦੁਨੀਆਂ ਦੇ ਸਭਨਾਂ ਸੁਆਰਥਾਂ ਤੋਂ ਅਛੋਹ ਅਤੇ ਉਚੇਰਾ ਕਿਵੇਂ ਰੱਖੀਏ।
ਅਜੋਕੇ ਸਮੇਂ ਸਿੱਖ ਅਮੀਰ ਹੁੰਦੇ ਜਾ ਰਹੇ ਹਨ, ਗੁਰਦੁਆਰੇ ਵੀ ਸੋਹਣੇ ਬਣ ਰਹੇ ਹਨ ਪਰ ਸਿੱਖੀ ਗਾਇਬ ਹੁੰਦੀ ਜਾ ਰਹੀ ਹੈ। ਸਿੱਖੀ ਸਿਦਕ ਹੁਣ ਦਿਖਾਈ ਨਹੀਂ ਦਿੰਦਾ। ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋ ਜਾਵੇ, ਸਿੱਖਾਂ ਦਾ ਕੋਈ ਮਜ਼ਾਕ ਉਡਾ ਲਵੇ ਪਰ ਸਿੱਖਾਂ 'ਤੇ ਕੋਈ ਅਸਰ ਨਹੀਂ ਹੁੰਦਾ। ਕਈ ਸਿੱਖ ਵਿਦਵਾਨ ਸੋਚਦੇ ਹਨ ਕਿ ਸਿੱਖਾਂ ਦਾ ਹੁਣ ਅੰਤਿਮ ਪੜਾਅ ਆ ਗਿਆ ਹੈ। ਹਰ ਕੋਈ ਪੁੱਛਦਾ ਹੈ ਕਿ ਕੀ ਬਣੇਗਾ ਸਿੱਖ ਕੌਮ ਦਾ? ਇਸ ਦਾ ਭਵਿੱਖ ਕੀ ਹੈ? ਕੀ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਲਗਾਇਆ ਹੋਇਆ ਸਿੱਖੀ ਦਾ ਬੂਟਾ ਹੁਣ ਆਖਰੀ ਸਾਹਾਂ 'ਤੇ ਹੈ? ਕਿਤੇ ਇਸ ਦਾ ਹਾਲ ਮਹਾਰਾਣਾ ਪ੍ਰਤਾਪ ਦੀ ਔਲਾਦ ਵਰਗਾ ਤਾਂ ਨਹੀਂ ਹੋਵੇਗਾ ਜਿਹੜੇ ਪੰਜਾਬ ਦੀਆਂ ਗਲੀਆਂ ਦੇ ਵਿਚ ਬਾਲਟੀਆਂ ਨੂੰ ਥੱਲੇ ਲਾਉਣ ਦਾ ਹੋਕਾ ਦੇ ਕੇ ਜੁਝਾਰੂ ਕੌਮਾਂ ਤੋਂ ਘਸਿਆਰੇ ਬਣੇ ਹੋਏ ਸਿਰਫ ਆਪਣੀ ਰੋਜ਼ੀ-ਰੋਟੀ ਤੱਕ ਸੀਮਿਤ ਹਨ। ਥਾਂ ਟਿਕਾਣਾ ਵੀ ਕੋਈ ਨਹੀਂ, ਸਿਰਫ ਟੱਪਰੀਵਾਸੀ ਬਣੇ ਹੋਏ ਹਨ। ਪੁੱਛੀਏ ਤਾਂ ਬੜੇ ਦਾਅਵੇ ਨਾਲ ਕਹਿੰਦੇ ਹਨ ਕਿ ਅਸੀਂ ਮਹਾਰਾਣਾ ਪ੍ਰਤਾਪ ਦੀ ਔਲਾਦ ਹਾਂ। ਕਿਤੇ ਸਿੱਖਾਂ 'ਤੇ ਇਹੋ ਜਿਹਾ ਦੌਰ ਤਾਂ ਨਹੀਂ ਆ ਜਾਵੇਗਾ ਕਿ ਉਨ੍ਹਾਂ ਵਿਚ ਮਹਾਰਾਣਾ ਪ੍ਰਤਾਪ ਦੀ ਔਲਾਦ ਵਾਂਗ ਚੜ੍ਹਦੀ ਕਲਾ ਦਾ ਅੰਸ਼ ਹੀ ਮੁੱਕ ਜਾਵੇਗਾ। ਜੇਕਰ ਅਜਿਹੀ ਗੱਲ ਹੋ ਗਈ ਤਾਂ ਸੱਚਮੁਚ ਸਾਡੇ ਲਈ ਸ਼ਰਮਨਾਕ ਗੱਲ ਹੋਵੇਗੀ ਕਿ ਇਤਿਹਾਸ ਸਿਰਜਣ ਵਾਲੀ ਕੌਮ ਘਸਿਆਰੇ ਬਣ ਕੇ ਰਹਿ ਗਈ।
ਤੁਸੀਂ ਆਖੋਗੇ ਕਿ ਸਿੱਖ ਇੰਨੇ ਅਮੀਰ ਨੇ, ਹਰੇਕ ਖੇਤਰ ਵਿਚ ਮੱਲਾਂ ਮਾਰਦੇ ਜਾ ਰਹੇ ਨੇ, ਕੈਨੇਡਾ ਵਿਚ ਐਮ.ਪੀ. ਬਣੇ ਹੋਏ ਹਨ, ਇੰਗਲੈਂਡ ਦੀ ਰਾਜਨੀਤੀ ਵਿਚ ਵੀ ਚੰਗੇ ਮਾਅਰਕੇ ਮਾਰ ਰਹੇ ਹਨ। ਇਸੇ ਤਰ੍ਹਾਂ ਆਸਟਰੇਲੀਆ, ਹਾਂਗਕਾਂਗ, ਅਮਰੀਕਾ ਪਤਾ ਨਹੀਂ ਕਿੰਨੇ ਦੇਸ਼ਾਂ ਵਿਚ ਸਿੱਖਾਂ ਨੇ ਆਪਣਾ ਨਾਂ ਚਮਕਾਇਆ ਹੈ। ਇਹ ਤਾਂ ਸਿੱਖਾਂ ਦੀ ਚੜ੍ਹਦੀ ਕਲਾ ਹੋਈ ਤਾਂ ਮਹਾਰਾਣਾ ਪ੍ਰਤਾਪ ਦੀ ਔਲਾਦ ਵਰਗਾ ਹਸ਼ਰ ਕਿਵੇਂ ਹੋ ਸਕਦਾ ਹੈ?
ਗੱਲ ਇਹ ਨਹੀਂ ਕਿ ਸਿੱਖ ਅਮੀਰ ਹੋ ਗਏ ਜਾਂ ਥੋੜ੍ਹਚਿਰੀ ਰਾਜਨੀਤਕ ਤਾਕਤ ਵਿਚ ਆ ਗਏ ਤਾਂ ਸਮੁੱਚੀ ਕੌਮ ਦੀ ਚੜ੍ਹਦੀ ਕਲਾ ਹੋ ਗਈ। ਮਸਲਾ ਤਾਂ ਇਹ ਹੈ ਕਿ ਸਿੱਖਾਂ ਵਿਚ ਗੁਰੂ ਦੀ ਆਤਮਾ, ਗੁਰੂ ਦਾ ਸੁਹਜ ਗਾਇਬ ਹੋ ਗਿਆ ਹੈ। ਜਦੋਂ ਗੁਰੂ ਦਾ ਸੁਹਜ ਗਾਇਬ ਹੋ ਜਾਵੇ ਜਾਂ ਸਰੀਰ ਵਿਚੋਂ ਆਤਮਾ ਨਿਕਲ ਜਾਵੇ ਤਾਂ ਉਹ ਸਰੀਰ ਅਜਾਇਬ ਘਰਾਂ ਵਿਚ ਸ਼ਿੰਗਾਰ ਦਾ ਹੀ ਸਮਾਨ ਬਣ ਸਕਦੇ ਹਨ। ਸਮਾਜ ਦੀ ਅਗਵਾਈ ਕਰਨ ਦੀ ਤਾਕਤ ਉਨ੍ਹਾਂ ਵਿਚ ਨਹੀਂ ਰਹਿੰਦੀ। ਸਮਾਜ ਦੀ ਅਗਵਾਈ ਉਹੀ ਕੌਮਾਂ ਕਰ ਸਕਦੀਆਂ ਹਨ ਜੋ ਆਤਮਕ ਤੌਰ 'ਤੇ ਬਲਵਾਨ ਹੁੰਦੀਆਂ ਹਨ। ਅਸੀਂ ਆਪਣੇ ਗੁਰੂਆਂ ਦੀ ਵਿਚਾਰਧਾਰਾ ਦੇ ਪ੍ਰਸੰਗ ਵਿਚ ਜਿਉਂਦਾ ਰਹਿਣਾ ਅਤੇ ਅਮਲੀ ਤੌਰ 'ਤੇ ਇਸ ਤਰ੍ਹਾਂ ਵਿਚਰਨਾ ਹੈ ਜਿਸ ਤਰ੍ਹਾਂ ਸਾਡੇ ਗੁਰੂ ਵਿਚਰੇ ਸਨ। ਇਹੀ ਸਾਦਾ ਅਤੇ ਸਾਧਾਰਨ ਸੁਆਲ ਹੈ ਜਿਸ ਦਾ ਜੁਆਬ ਦੇਣ ਵਿਚ ਹੁਣ ਸਿੱਖਾਂ ਨੂੰ ਢਿੱਲ ਨਹੀਂ ਦਿਖਾਉਣੀ ਚਾਹੀਦੀ। ਉਨ੍ਹਾਂ ਸੰਕਟਾਂ ਦਾ ਸਾਹਮਣਾ ਕਰਨਾ ਪੈਣਾ ਹੈ ਜੋ ਗਲੋਬਲਾਈਜ਼ੇਸ਼ਨ ਦੇ ਦੌਰ ਵਿਚ ਸਾਡੇ ਲਈ ਚੈਲਿੰਜ ਬਣੇ ਹੋਏ ਹਨ। ਇਹ ਸਭ ਸੰਕਟ ਗੁਰੂ ਦੀ ਓਟ ਸਦਕਾ ਹੀ ਹੱਲ ਹੋ ਸਕਦੇ ਹਨ। ਇਹ ਗੁਰੂ ਦੀ ਓਟ ਹੀ ਸਾਨੂੰ ਸਾਂਝਾ ਮੰਚ ਪ੍ਰਦਾਨ ਕਰ ਸਕਦੀ ਹੈ। ਰਾਜਨੀਤਕ ਲੀਡਰਾਂ ਨੂੰ ਵੀ ਇਹ ਗੱਲ ਪੱਲੇ ਬੰਨ੍ਹ ਲੈਣੀ ਚਾਹੀਦੀ ਹੈ ਕਿ ਜੇਕਰ ਸਿੱਖਾਂ ਦੀ ਆਤਮਾ ਇਸੇ ਤਰ੍ਹਾਂ ਮਰਦੀ ਰਹੀ ਤਾਂ ਉਨ੍ਹਾਂ ਦੇ ਰਾਜ-ਪਾਟ ਦੇ ਦਿਨ ਵੀ ਪੁੱਗ ਜਾਣਗੇ। ਉਨ੍ਹਾਂ ਨੂੰ ਚਾਹੀਦਾ ਹੈ ਕਿ ਉਹ ਵੋਟਾਂ ਦੇ ਲਈ ਸਿੱਖ ਸਿਧਾਂਤਾਂ ਦਾ ਬਲੀਦਾਨ ਨਾ ਦੇਣ ਅਤੇ ਗੁਰੂਆਂ ਦੀ ਚਿਣਗ ਸਿੱਖਾਂ ਵਿਚ ਬਹਾਲ ਰੱਖਣ ਦੇ ਲਈ ਜੱਦੋ-ਜਹਿਦ ਕਰਨ।
ਵੱਡੀ ਗੱਲ ਇਹ ਹੈ ਕਿ ਸਾਡੇ ਵਿਚ ਪੰਥ ਵਾਲੀ ਗੱਲ ਨਹੀਂ ਰਹਿ ਗਈ। ਪੰਥ ਦਾ ਅਰਥ ਸਮੂਹ ਸਿੱਖਾਂ ਵਿਚ ਗੁਰਮਤਿ ਸਿਧਾਂਤਾਂ ਅਨੁਸਾਰ ਏਕਤਾ ਹੈ। ਇਸ ਏਕਤਾ ਦਾ ਪ੍ਰਦਰਸ਼ਨ ਨਵੀਂ ਸਦੀ ਵਿਚ ਦੇਖਣ ਨੂੰ ਨਹੀਂ ਮਿਲ ਰਿਹਾ। ਸਾਡਾ ਭਾਈਚਾਰਾ ਕਿਤੇ ਵੀ ਵਸਿਆ ਹੋਇਆ ਹੈ, ਉਸ ਦੇ ਪ੍ਰਚਾਰਕ ਤੇ ਗ੍ਰੰਥੀ ਪ੍ਰਭਾਵਹੀਣ, ਅਨਪੜ੍ਹ ਹਨ ਜੋ ਸੰਗਤਾਂ ਨੂੰ ਪਖੰਡਾਂ ਅਤੇ ਅੰਧਵਿਸ਼ਵਾਸਾਂ ਵਾਲੀਆਂ ਸਾਖੀਆਂ, ਕਹਾਣੀਆਂ ਸੁਣਾ ਕੇ ਗੁਰੂ ਦੀ ਵਿਚਾਰਧਾਰਾ ਤੋਂ ਉਲਟ ਬ੍ਰਾਹਮਣਵਾਦ ਵੱਲ ਧਕੇਲ ਰਹੇ ਹਨ। ਜਿਹੜੀਆਂ ਕੌਮਾਂ ਸੱਚੇ ਇਤਿਹਾਸ ਅਤੇ ਆਪਣੇ ਪੈਗੰਬਰਾਂ ਦੀ ਵਿਚਾਰਧਾਰਾ ਤੋਂ ਦੂਰ ਜਾ ਕੇ ਮਿੱਥਕ ਇਤਿਹਾਸ ਨਾਲ ਜੁੜਦੀਆਂ ਹਨ, ਉਨ੍ਹਾਂ ਦਾ ਭਵਿੱਖ ਅੰਧੇਰਮਈ ਹੋ ਜਾਂਦਾ ਹੈ।
ਸਾਡੀ ਕੌਮ ਦੀ ਨਿਘਰ ਬਹੁਤ ਨਿਘਰ ਚੁੱਕੀ ਹੈ ਕਿ ਅਸੀਂ ਆਪਣੇ ਗੁਰੂ ਦੀ ਬੇਅਦਬੀ ਹੋਣ 'ਤੇ ਚਿੰਤਾ ਪ੍ਰਗਟ ਨਹੀਂ ਕਰਦੇ, ਵਿਰੋਧ ਕਰਨਾ ਤਾਂ ਬਹੁਤ ਦੂਰ ਦੀ ਗੱਲ ਹੈ। ਇਸਾਈਆਂ ਨਾਲ ਕੁਝ ਬੀਤ ਜਾਏ, ਮੁਸਲਮਾਨਾਂ ਨਾਲ ਕੁਝ ਬੀਤ ਜਾਵੇ ਤਾਂ ਜ਼ਮੀਨ ਅਸਮਾਨ ਇਕ ਹੋ ਜਾਂਦਾ ਹੈ ਪਰ ਸਿੱਖ ਤਾਂ ਹੁਣ ਵਿਰੋਧ ਕਰਨਾ ਵੀ ਭੁੱਲ ਗਏ ਹਨ। ਮਸਲਾ ਤਾਂ ਸਾਡੀ ਆਤਮਾ ਗੁਆਚਣ ਦਾ ਹੈ। ਜਦੋਂ ਆਤਮਾ ਗੁਆਚ ਜਾਂਦੀ ਹੈ, ਗੁਲਾਮੀ ਗਲ ਵਿਚ ਪੈ ਜਾਂਦੀ ਹੈ। ਇਹ ਸਭ ਕੁਝ ਸਾਡੇ ਨਾਲ ਬੀਤ ਰਿਹਾ ਹੈ।
ਸਿੱਖਾਂ ਦਾ ਚੰਗਾ ਅਕਸ ਦਿਨੋ-ਦਿਨ ਘਟਦਾ ਜਾ ਰਿਹਾ ਹੈ। ਉਹ ਅਯਾਸ਼ੀ ਵਿਚ ਖੁਭਦੇ ਜਾ ਰਹੇ ਹਨ। ਦੂਜੀ ਗੱਲ ਜਿਹੜੀ ਸਿੱਖਾਂ ਲਈ ਚਿੰਤਾ ਦਾ ਵਿਸ਼ਾ ਹੈ, ਉਹ ਇਹ ਹੈ ਕਿ ਪੰਜਾਬ ਦੀ ਸਿੱਖ ਜਵਾਨੀ ਨਸ਼ਿਆਂ ਦੀ ਲਪੇਟ ਵਿਚ ਆ ਗਈ ਹੈ। ਇੰਜ ਕਹਿ ਲਓ ਕਿ ਸਿੱਖ ਕੌਮ ਨਸ਼ਿਆਂ ਵਿਚ ਖੁਦਕੁਸ਼ੀ ਕਰ ਰਹੀ ਹੈ। ਹਰ ਪਿੰਡ ਵਿਚ ਨਸ਼ਿਆਂ ਦੀ ਦਹਿਸ਼ਤ ਹੈ। ਬਜ਼ੁਰਗ ਸਿੱਖ ਸੋਚਦੇ ਹਨ ਕਿ ਇਨ੍ਹਾਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਕਿਵੇਂ ਹਟਾਇਆ ਜਾਵੇ। ਪੰਜਾਬ ਦੇ ਨੌਜਵਾਨ ਹਰ ਪ੍ਰਕਾਰ ਦੇ ਨਸ਼ੇ ਵੱਡੇ ਪੈਮਾਨੇ 'ਤੇ ਕਰ ਰਹੇ ਹਨ। ਵਿਸਕੀ, ਅਫੀਮ, ਚਰਸ ਅਤੇ ਨਸ਼ੇ ਦੇ ਟੀਕੇ ਤੇ ਦਵਾਈਆਂ ਦੀ ਜਿੰਨੀ ਖਪਤ ਪੂਰੇ ਪੰਜਾਬ ਵਿਚ ਹੈ, ਓਨੀ ਸਾਰੇ ਭਾਰਤ ਵਿਚ ਵੀ ਨਹੀਂ। ਨੌਜਵਾਨ ਨਸ਼ੇ ਕਰ ਕੇ ਪਏ ਰਹਿੰਦੇ ਹਨ। ਨਸ਼ਿਆਂ ਵਿਚ ਗਰਕੇ ਇਹ ਸਿੱਖ ਨੌਜਵਾਨ ਜੁਰਮ ਦੀ ਦੁਨੀਆਂ 'ਚ ਸ਼ਾਮਿਲ ਹੋ ਜਾਂਦੇ ਹਨ। ਪੰਜਾਬ ਵਿਚ ਵਧ ਰਹੀਆਂ ਜੁਰਮ ਦੀਆਂ ਘਟਨਾਵਾਂ ਇਸ ਗੱਲ ਦੀਆਂ ਗਵਾਹ ਹਨ। ਨਸ਼ਿਆਂ ਤੋਂ ਨੌਜਵਾਨਾਂ ਨੂੰ ਦੂਰ ਰੱਖਣ ਬਾਰੇ ਆਮ ਸਿੱਖਾਂ ਨੂੰ ਵਿਚਾਰ ਕਰਨੀ ਪਏਗੀ।
ਪੰਜਾਬ ਦਾ ਵਿੱਦਿਆ ਖੇਤਰ ਤਬਾਹ ਹੋ ਕੇ ਰਹਿ ਗਿਆ ਹੈ। ਬੇਰੁਜ਼ਗਾਰੀ ਤੇਜ਼ੀ ਨਾਲ ਵਧ ਰਹੀ ਹੈ। ਜੋ ਸਿੱਖ ਨੌਜਵਾਨ ਵਰਗ ਲਈ ਨਸ਼ਿਆਂ ਦਾ ਕਾਰਨ ਬਣ ਰਹੀ ਹੈ। ਇਹੀ ਢਹਿੰਦੀ ਕਲਾ ਸਿੱਖ ਨੌਜਵਾਨ ਵਰਗ ਨੂੰ ਜਰਾਇਮ-ਪੇਸ਼ਾ ਬਣਨ ਵੱਲ ਪ੍ਰੇਰ ਰਹੀ ਹੈ। ਇਸੇ ਕਾਰਨ ਪੰਜਾਬ ਵਿਚ ਬਲਾਤਕਾਰ, ਹਿੰਸਾ, ਗੁੰਡਾਗਰਦੀ ਦੀਆਂ ਘਟਨਾਵਾਂ ਵਧ ਰਹੀਆਂ ਹਨ। ਜਦੋਂ ਕੌਮ ਆਪਣੇ ਨਿਸ਼ਾਨੇ ਤੋਂ ਥਿੜਕ ਜਾਵੇ, ਜੰਗ ਹਾਰਨ ਤੋਂ ਬਾਅਦ ਲੀਡਰਸ਼ਿਪ ਕੋਈ ਸੇਧ ਨਾ ਦੇ ਸਕੇ ਤਾਂ ਉਹੀ ਕੁਝ ਬਣਦਾ ਹੈ ਜੋ ਅੱਜ ਸਿੱਖ ਕੌਮ ਨਾਲ ਬਣ ਰਿਹਾ ਹੈ।
ਜੇਕਰ ਅਸੀਂ ਸਮੂਹਕ ਏਕਤਾ ਜਾਰੀ ਰੱਖਣੀ ਹੈ ਅਤੇ ਗੁਰੂ ਗੋਬਿੰਦ ਸਿੰਘ ਜੀ ਵਾਲਾ ਖਾਲਸਾ ਪੰਥ ਬਣਨਾ ਹੈ ਤਾਂ ਸਾਨੂੰ ਜਾਤ-ਪਾਤ, ਰੰਗ-ਭੇਦ ਦੇ ਮਸਲਿਆਂ ਤੋਂ ਪਾਰ ਹੋ ਕੇ ਸੋਚਣਾ ਪਵੇਗਾ। ਗੁਰੂ ਦੀ ਗੋਲਕ ਸਿਰਫ ਗਰੀਬ ਦੇ ਮੂੰਹ ਨੂੰ ਸਮਝਣਾ ਪਵੇਗਾ। ਜੇਕਰ ਅਸੀਂ ਗਰੀਬਾਂ ਦੀ ਮਦਦ ਦੇ ਲਈ ਕਾਰਸੇਵਾ ਆਰੰਭ ਕਰੀਏ ਤਾਂ ਅਸੀਂ ਚੜ੍ਹਦੀ ਕਲਾ ਦੇ ਦੌਰ ਵੱਲ ਜਾ ਸਕਦੇ ਹਾਂ।





No comments:
Post a Comment