deshpunjabtimes.blogspot.com

Wednesday, 15 February 2017


ਟਰੰਪ ਦੀਆਂ ਨੀਤੀਆਂ ਵਿਸ਼ਵ ਤੇ ਪ੍ਰਵਾਸੀ ਭਾਰਤੀਆਂ ਲਈ ਖਤਰਨਾਕ

ਪ੍ਰੋ. ਕਰਮਜੀਤ ਕੌਰ ਕਿਸ਼ਾਂਵਲ


ਦੁਨੀਆਂ ਦੇ ਮਹਾਨ ਵਿਗਿਆਨਕ ਦਾਰਸ਼ਨਿਕ ਵਿਚਾਰਕ ਅਲਬਰਟ ਆਈਸਟਾਈਨ ਨੇ ਇਕ ਵਾਰ ਕਿਹਾ ਸੀ ਕਿ ਤੀਸਰੇ ਵਿਸ਼ਵ ਯੁੱਧ ਬਾਰੇ ਮੈਂ ਕੁਝ ਕਹਿ ਨਹੀਂ ਸਕਦਾ, ਪਰ ਚੌਥਾ ਵਿਸ਼ਵ ਯੁੱਧ ਜੋ ਹੋਵੇਗਾ, ਉਹ ਡਾਂਗਾਂ ਤੇ ਪੱਥਰਾਂ ਨਾਲ ਲੜਿਆ ਜਾਵੇਗਾ। ਜੇਕਰ ਅਸੀਂ ਆਈਨਸਟਾਈਨ ਦੀ ਇਸ ਭਵਿੱਖਬਾਣੀ ਬਾਰੇ ਸੋਚੀਏ ਤਾਂ ਚੌਥੇ ਦੀ ਗੱਲ ਤਾਂ ਦੂਰ ਤੀਸਰੇ ਵਿਸ਼ਵ ਯੁੱਧ ਵਿਚ ਹੋਣ ਵਾਲੇ ਵਿਨਾਸ਼ ਦੀ ਅਸੀਂ ਕਲਪਨਾ ਵੀ ਨਹੀਂ ਕਰ ਸਕਾਂਗੇ। ਕਾਰਨ ਇਹ ਹੈ ਕਿ ਟਰੰਪ ਨੇ ਜਦੋਂ ਦੀ ਅਮਰੀਕਾ ਦੇ ਰਾਸ਼ਟਰਪਤੀ ਦੀ ਕੁਰਸੀ ਸੰਭਾਲੀ ਹੈ, ਉਦੋਂ ਤੋਂ ਅੱਤਵਾਦ ਤੇ ਨਸਲਵਾਦ ਦੇ ਖਤਰੇ ਮਨੁੱਖਤਾ ਉੱਪਰ ਵੱਡੀ ਪੱਧਰ 'ਤੇ ਮੰਡਰਾਉਣ ਲੱਗ ਪਏ ਹਨ। ਟਰੰਪ ਦੀ ਸੋਚ ਉਸ ਖਤਰੇ ਵਲ ਲਿਜਾ ਰਹੀ ਹੈ, ਜਿਸ ਦੇ ਪ੍ਰਤੀ ਆਈਨਸਟਾਈਨ ਨੇ ਦੁਨੀਆਂ ਨੂੰ ਸੁਚੇਤ ਕੀਤਾ ਸੀ।
ਟਰੰਪ ਨੇ ਸੱਤਾ ਸੰਭਾਲਦੇ ਹੀ ਆਪਣੇ ਚੋਣਾਵੀ ਵਾਅਦਿਆਂ 'ਤੇ ਅਮਲ ਕਰਨਾ ਸ਼ੁਰੂ ਕਰ ਦਿੱਤਾ। ਉਸ ਦੀ ਪੂਰੀ ਚੋਣਾਵੀ ਮੁਹਿੰਮ ਵਿਚ ਮੁਸਲਮਾਨ ਸਭ ਤੋਂ ਜ਼ਿਆਦਾ ਨਿਸ਼ਾਨੇ ਤੇ ਰਹੇ ਹਨ। ਅਮਰੀਕਾ ਵਿਚ ਪਿਛਲੇ ਦੋ ਦਹਾਕਿਆਂ ਵਿਚ ਜੋ ਸਭ ਤੋਂ ਘਾਤਕ ਸੋਚ ਘਰ ਕਰ ਗਈ ਹੈ, ਉਹ ਇਹ ਹੈ ਕਿ ਅੱਤਵਾਦ ਮੁਸਲਮਾਨ ਹੀ ਫੈਲਾ ਰਹੇ ਹਨ, ਇਸ ਲਈ ਅਮਰੀਕਾ ਵਿਚ ਇਨਾਂ ਦਾ ਖਾਤਮਾ ਜ਼ਰੂਰੀ ਹੈ। ਦਾੜ•ੀ, ਟੋਪੀ ਮੁਸਲਮਾਨਾਂ ਦੇ ਪ੍ਰਤੀਕ ਬਣ ਗਏ ਹਨ। ਅਮਰੀਕਾ ਦੇ ਨਸਲਵਾਦੀ ਲੋਕ ਏਨੇ ਜਨੂੰਨੀ ਹੋ ਚੁੱਕੇ ਹਨ ਕਿ ਮੁਸਲਮਾਨਾਂ ਦੀ ਟੋਪੀ ਤੇ ਸਿੱਖਾਂ ਦੀ ਪੱਗ ਤੱਕ ਵੀ ਫਰਕ ਨਹੀਂ ਕਰ ਸਕੇ। ਇਹੀ ਕਾਰਨ ਹੈ ਕਿ ਅਮਰੀਕਾ ਦੇ ਸਿੱਖਾਂ ਤੇ ਗੁਰਦੁਆਰਿਆਂ ਉੱਪਰ ਕਈ ਨਸਲਵਾਦੀ ਹਮਲੇ ਹੋ ਚੁੱਕੇ ਹਨ। ਹੁਣ ਟਰੰਪ ਨੇ ਇਸਲਾਮਿਕ ਸਟੇਟ ,ਅਲਕਾਇਦਾ ਵਰਗੇ ਸੰਗਠਨਾਂ ਨਾਲ ਨਿਪਟਣ ਦੇ ਲਈ ਆਪਣੀ ਹਿੰਸਕ ਸੋਚ ਦਾ ਐਲਾਨ ਕਰ ਦਿੱਤਾ ਹੈ। ਟਰੰਪ ਨੇ ਕਿਹਾ ਹੈ ਕਿ ਉਹ ਅੱਤਵਾਦੀਆਂ ਤੋਂ ਪੁੱਛਗਿੱਛ ਲਈ ਮੂੰਹ ਤੇ ਨੱਕ ਵਿਚ ਪਾਣੀ ਭਰਨ ਵਰਗੇ ਤਰੀਕਿਆਂ ਦੇ ਇਸਤੇਮਾਲ ਬਾਰੇ ਪੈਟਾਗਨ ਨਾਲ ਵਿਚਾਰ ਕਰਨਗੇ। ਅਮਰੀਕਾ ਦੇ ਰਾਸ਼ਟਰਪਤੀ ਵੱਲੋਂ ਅਜਿਹੇ ਖਤਰਨਾਕ ਢੰਗਾਂ ਦਾ ਐਲਾਨ ਕਰਨਾ ਵਿਸ਼ਵ ਦੀ ਸ਼ਾਂਤੀ ਲਈ ਹੋਰ ਖਤਰਨਾਕ ਸਿੱਧ ਹੋਵੇਗਾ।
ਅਮਰੀਕਾ ਤਾਂ ਦੁਨੀਆਂ ਵਿਚ ਮਨੁੱਖੀ ਅਧਿਕਾਰਾਂ ਦਾ ਸਭ ਤੋਂ ਵੱਡਾ ਪੈਰੋਕਾਰ ਹੋਣ ਦਾ ਦਾਅਵਾ ਕਰਦਾ ਹੈ, ਪਰ ਟਰੰਪ ਦਾ ਇਹ ਬਿਆਨ ਦੁਨੀਆਂ ਤੇ ਅਮਰੀਕਾ ਨੂੰ ਜਵਾਲਾਮੁੱਖੀ ਵਿਚ ਝੌਂਕਣ ਦੇ ਬਰਾਬਰ ਹੈ। ਆਈਐਸ ਵੀ ਆਪਣੇ ਵਿਰੋਧੀਆਂ ਵਿਰੁੱਧ ਅਜਿਹੇ ਖਤਰਨਾਕ ਅਣਮਨੁੱਖੀ ਢੰਗ ਅਪਨਾ ਰਿਹਾ ਹੈ, ਜਿਸ ਦੀ ਦੁਨੀਆਂ ਵਿਚ ਅਲੋਚਨਾ ਹੋ ਰਹੀ ਹੈ। ਫਿਰ ਟਰੰਪ ਤੇ ਇਨਾਂ ਦਰਿੰਦੇ ਇਸਲਾਮਿਕ ਸਟੇਟ ਵਿਚ ਕੀ ਅੰਤਰ ਰਹਿ ਜਾਵੇਗਾ।
ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਹਿੰਸਾ ਨਾਲ ਹਿੰਸਾ ਖਤਮ ਨਹੀਂ ਹੁੰਦੀ। 
ਹੁਣੇ ਜਿਹੇ ਟਰੰਪ ਨੇ ਐਲਾਨ ਕੀਤਾ ਹੈ ਕਿ ਉਹ ਅਮਰੀਕਾ ਵਿਚ ਮੁਸਲਮਾਨਾਂ ਨੂੰ ਨਹੀਂ ਵੜਨ ਦੇਣਗੇ। ਯਮਨ, ਈਰਾਨ, ਸੁਡਾਨ, ਸੋਮਾਲੀਆ, ਲੀਬੀਆ, ਇਰਾਕ ਤੇ ਸੀਰੀਆ ਦੇ ਨਾਗਰਿਕ ਹੁਣ ਅਮਰੀਕੀ ਜ਼ਮੀਨ 'ਤੇ ਪੈਰ ਨਹੀਂ ਰੱਖ ਸਕਣਗੇ। ਟਰੰਪ ਦੀਆਂ ਨੀਤੀਆਂ ਦਾ ਪੂਰੇ ਵਿਸ਼ਵ ਵਿਚ ਵਿਰੋਧ ਪਾਇਆ ਜਾ ਰਿਹਾ ਹੈ। ਯੂਰਪ ਤੇ ਇੰਗਲੈਂਡ ਦੇ ਲੋਕ ਵੀ ਟਰੰਪ ਦੀਆਂ ਨੀਤੀਆਂ ਦਾ ਵਿਰੋਧ ਕਰ ਰਹੇ ਹਨ। ਅਮਰੀਕਾ ਵਿਚ ਲੋਕ ਸੜਕਾਂ 'ਤੇ ਉਤਰ ਆਏ ਹਨ। ਟਰੰਪ ਦੇ ਬਿਆਨਾਂ ਨੇ ਦੁਨੀਆਂ ਨੂੰ ਮੁਸਲਮਾਨਾਂ ਤੇ ਇਸਾਈਆਂ ਇਨ•ਾਂ ਦੋ ਖੇਮਿਆਂ ਵਿਚ ਵੰਡ ਦਿੱਤਾ ਹੈ। ਜਰਮਨੀ ਦੀ ਚਾਂਸਲਰ ਏਜੇਲਾ ਮਾਰਕਿਲ ਨੇ ਟਰੰਪ ਦੇ ਮੁਸਲਮਾਨਾਂ ਨੂੰ ਅਮਰੀਕਾ ਵਿਚ ਨਹੀਂ ਵੜਨ ਦੇਣ ਦੇ ਫੈਸਲੇ ਦੀ ਸਖ਼ਤ ਆਲੋਚਨਾ ਕੀਤੀ ਹੈ। ਉਨਾਂ ਸਾਫ਼ ਕਿਹਾ ਹੈ ਕਿ ਕਿਸੇ ਵੀ ਧਰਮ ਨੂੰ ਅੱਤਵਾਦ ਦੇ ਨਾਲ ਨਹੀਂ ਬੰਨਿਆ ਜਾ ਸਕਦਾ। ਬ੍ਰਿਟਿਸ਼ ਦੇ ਪ੍ਰਧਾਨ ਮੰਤਰੀ ਥੈਰੇਸਾ ਨੂੰ ਕਹਿਣਾ ਪਿਆ ਕਿ ਅਮਰੀਕਾ ਦੀ ਇਮੀਗ੍ਰੇਸ਼ਨ ਨੀਤੀ ਸਰਕਾਰ ਦਾ ਮਾਮਲਾ ਹੈ, ਪਰ ਉਹ ਟਰੰਪ ਦੇ ਨਜ਼ਰੀਏ ਨਾਲ ਸਹਿਮਤ ਨਹੀਂ। ਅਮਰੀਕਾ  ਦੇ ਸਾਬਕਾ ਰਾਸ਼ਟਰਪਤੀ ਬਾਰਾਕ ਓਬਾਮਾ ਨੇ ਵੀ ਟਰੰਪ ਦੇ ਫੈਸਲੇ ਦੀ ਆਲੋਚਨਾ ਕੀਤੀ ਹੈ ਤੇ ਕਿਹਾ ਹੈ ਕਿ ਅਮਰੀਕਾ ਵਿਭਿੰਨ-ਵਿਭਿੰਨ ਸੱਭਿਆਚਾਰਾਂ ਦਾ ਦੇਸ ਹੈ ਤੇ ਇਸ ਨੂੰ ਧਰਮ, ਜਾਤ ਤੇ ਨਸਲ ਦੇ ਆਧਾਰ 'ਤੇ ਨਹੀਂ ਵੰਡਿਆ ਜਾ ਸਕਦਾ। ਦੂਜੇ ਪਾਸੇ ਟਰੰਪ ਨੂੰ ਅਮਰੀਕਾ ਦੀ ਸੰਘੀ ਅਪੀਲ ਅਦਾਲਤ ਨੇ ਵੱਡਾ ਝਟਕਾ ਦਿੰਦਿਆਂ ਸ਼ਿਆਟਲ ਦੀ ਇਕ ਅਦਾਲਤ ਦੇ ਫੈਸਲੇ ਨੂੰ ਬਰਕਰਾਰ ਰੱਖਦਿਆਂ ਟਰੰਪ ਦੇ ਵਿਵਾਦਿਤ ਯਾਤਰਾ ਬੈਨ ਹੁਕਮ 'ਤੇ ਰੋਕ ਲਗਾ ਦਿੱਤੀ ਹੈ। ਟਰੰਪ ਨੇ ਭਾਵੇਂ ਇਸ ਸੰਬੰਧੀ ਅਦਾਲਤ ਦੇ ਜੱਜ ਬਾਰੇ ਫਾਸ਼ੀਵਾਦੀ ਟਿੱਪਣੀਆਂ ਕੀਤੀਆਂ ਹਨ ਤੇ ਇਹ ਵੀ ਕਿਹਾ ਹੈ ਕਿ ਉਹ ਆਪਣੇ ਸਟੈਂਡ 'ਤੇ ਦ੍ਰਿੜ ਰਹਿਣਗੇ। ਇਸ ਤੋਂ ਸਾਫ਼ ਜ਼ਾਹਿਰ ਹੈ ਕਿ ਅਮਰੀਕਾ ਹੁਣ ਫਾਸ਼ੀਵਾਦੀ ਨੀਤੀਆਂ ਵਲ ਤੁਰ ਪਿਆ ਹੈ।
ਉਹਨਾਂ

ਪ੍ਰਵਾਸੀ ਭਾਰਤੀਆਂ ਵਿਰੁੱਧ ਨੀਤੀ

ਅਮਰੀਕਾ ਵਿੱਚ ਰਾਸ਼ਟਰਪਤੀ ਟਰੰਪ ਨੇ ਸੱਤ ਮੁਸਲਿਮ ਦੇਸਾਂ ਦੇ ਨਾਗਰਿਕਾਂ ਦੇ ਪ੍ਰਵੇਸ਼ 'ਤੇ ਪਾਬੰਦੀ ਤੋਂ ਬਾਅਦ ਹੁਣ ਐੱਚ 1-ਬੀ ਵੀਜ਼ਾ ਨੀਤੀ ਨੂੰ ਸਖ਼ਤ ਬਣਾਉਣ ਵੱਲ ਕਦਮ ਵਧਾਇਆ ਹੈ। ਅਮਰੀਕੀ ਹਿੱਤਾਂ ਦੀ ਸੁਰੱਖਿਆ ਦੇ ਨਾਂਅ 'ਤੇ ਇਸ ਮਸਲੇ 'ਤੇ ਸੰਸਦ ਵਿੱਚ ਇਕ ਬਿੱਲ ਵੀ ਪੇਸ਼ ਕੀਤਾ ਗਿਆ ਹੈ। ਇਸ ਬਿੱਲ ਵਿਚ ਅਮਰੀਕੀ ਕਿਰਤੀਆਂ ਤੋਂ ਪਹਿਲਾਂ ਵਿਦੇਸ਼ੀ ਲੋਕਾਂ ਨੂੰ ਨੌਕਰੀਆਂ ਦਿੱਤੇ ਜਾਣ 'ਤੇ ਸਖ਼ਤ ਰੋਕ ਦੀ ਗੱਲ ਕੀਤੀ ਗਈ ਹੈ। ਨਾਲ ਇਹ ਵੀ ਸਪੱਸ਼ਟ ਕੀਤਾ ਗਿਆ ਹੈ ਕਿ ਵੀਜ਼ਾ ਧਾਰਕ ਅਮਰੀਕੀ ਕਰਮਚਾਰੀਆਂ ਦੀ ਜਗ•ਾ ਨਹੀਂ ਲੈ ਸਕਦੇ। ਸੰਸਦ ਵਿਚ ਇਸ ਬਿੱਲ ਨੂੰ ਪੇਸ਼ ਕਰਨ ਵਾਲੇ ਸਾਂਸਦ ਚੱਕ ਗ੍ਰਾਸਲੇ ਦਾ ਕਹਿਣਾ ਹੈ ਕਿ ਕਾਂਗਰਸ ਨੇ ਅਮਰੀਕਾ ਦੇ ਯੋਗ ਕਰਮਚਾਰੀਆਂ ਦੀ ਮਦਦ ਦੇ ਲਈ ਵੀਜ਼ਾ ਨਿਯਮਾਂ ਨੂੰ ਬਣਾਇਆ ਸੀ, ਨਾ ਕਿ ਇਸ ਲਈ ਕਿ ਵਿਦੇਸ਼ੀ ਲੋਕ ਆਉਣ ਤੇ ਉਨਾਂ ਦੀਆਂ ਨੌਕਰੀਆਂ ਹੜੱਪ ਲੈਣ। 
ਜੇ ਇਹ ਬਿੱਲ ਪਾਸ ਹੋ ਜਾਂਦਾ ਹੈ, ਤਾਂ ਉਸ ਦਾ ਸਭ ਤੋਂ ਵੱਡਾ ਖਮਿਆਜ਼ਾ ਭਾਰਤੀ ਆਈਟੀ ਪੇਸ਼ੇਵਰਾਂ ਨੂੰ ਚੁੱਕਣਾ ਪਵੇਗਾ। ਇਸ ਬਿੱਲ ਨਾਲ ਆਈਬੀਐਮ, ਟੀਸੀਐਸ ਤੇ ਇਨਫੋਰਸਿਸ ਵਰਗੀਆਂ ਜ਼ਿਆਦਾ ਪ੍ਰਭਾਵਿਤ ਹੋਣਗੀਆਂ ਜਿਨਾਂ ਵਿਚ ਐਚ 1-ਬੀ ਤੇ ਐਲ 1 ਵੀਜ਼ਾ ਦੇ ਤਹਿਤ ਵੱਡੀ ਸੰਖਿਆ ਵਿਚ ਭਾਰਤੀ ਨੌਜਵਾਨਾਂ ਨੂੰ ਨੌਕਰੀ ਦਿੱਤੀ ਹੈ। ਇਸ ਵਿੱਚ ਐੱਚ 1-ਬੀ ਵੀਜ਼ਾ ਹਾਸਲ ਕਰਨ ਲਈ ਘੱਟ ਤੋਂ ਘੱਟ ਤਨਖ਼ਾਹ 60 ਹਜ਼ਾਰ ਤੋਂ ਵਧਾ ਕੇ ਇੱਕ ਲੱਖ ਤੀਹ ਹਜ਼ਾਰ ਅਮਰੀਕੀ ਡਾਲਰ ਕਰਨ ਦਾ ਪ੍ਰਸਤਾਵ ਹੈ।
ਇੱਥੇ ਜ਼ਿਕਰਯੋਗ ਹੈ ਕਿ ਐੱਚ 1-ਬੀ ਵੀਜ਼ਾ ਵਿਦੇਸ਼ੀ ਮਾਹਿਰਾਂ ਨੂੰ ਅਮਰੀਕਾ ਆ ਕੇ ਆਪਣੇ ਤਜਰਬੇ ਦਾ ਲਾਭ ਦੇਣ ਦੇ ਉਦੇਸ਼ ਨਾਲ ਜਾਰੀ ਕੀਤਾ ਜਾਂਦਾ ਹੈ। ਅਮਰੀਕੀ ਨਾਗਰਿਕਾਂ ਦੇ ਮੁਕਾਬਲੇ ਬਹੁਤ ਘੱਟ ਮਿਹਨਤਾਨਾ ਦੇਣ ਦੀ ਸਹੂਲਤ ਕਾਰਨ ਹੀ ਭਾਰਤੀ ਪੇਸ਼ੇਵਰਾਂ ਨੂੰ ਸੌਖਿਆਂ ਹੀ ਰੁਜ਼ਗਾਰ ਮਿਲ ਜਾਂਦਾ ਸੀ। ਇਸ ਲਈ ਪਹਿਲੀ ਨਜ਼ਰ ਵਿੱਚ ਇਹ ਕਦਮ ਅਜਿਹੇ ਲੋਕਾਂ ਦੇ ਹਿੱਤ ਵਿੱਚ ਉਠਾਇਆ ਗਿਆ ਲੱਗਦਾ ਹੈ। ਪਰ ਸੱਚ ਇਹ ਹੈ ਕਿ ਇਹ ਕਾਨੂੰਨ ਬਣਨ ਤੋਂ ਬਾਅਦ ਉੱਥੇ ਕੰਪਨੀਆਂ ਲਈ ਭਾਰਤ ਜਾਂ ਦੂਜੇ ਦੇਸ਼ਾਂ ਤੋਂ ਆਉਣ ਵਾਲੇ ਆਈਟੀ ਪੇਸ਼ੇਵਰਾਂ ਨੂੰ ਨੌਕਰੀ 'ਤੇ ਰੱਖਣਾ ਮੁਸ਼ਕਲ ਹੋ ਜਾਵੇਗਾ।ਸਪੱਸ਼ਟ ਹੈ ਕਿ ਟਰੰਪ ਸਰਕਾਰ ਦੇ ਇਹ ਫੈਸਲੇ ਨਾ ਸਿਰਫ਼ ਦੁਨੀਆਂ ਦੇ ਪੱਧਰ 'ਤੇ, ਸਗੋਂ ਖ਼ੁਦ ਅਮਰੀਕਾ ਵਿੱਚ ਡੂੰਘੀ ਚਿੰਤਾ ਦੀ ਲਹਿਰ ਪੈਦਾ ਕਰ ਰਹੇ ਹਨ।
ਇਸੇ ਕਾਰਣ ਅਮਰੀਕਾ ਦੇ ਅੰਦਰ ਹੀ ਉਨਾਂ ਦਾ ਵਿਰੋਧ ਤੇਜ਼ੀ ਨਾਲ ਵੱਧਦਾ ਜਾ ਰਿਹਾ ਹੈ। ਇਹੀ ਨਹੀਂ, ਖ਼ਬਰਾਂ ਇਹ ਵੀ ਆ ਚੁੱਕੀਆਂ ਹਨ ਕਿ ਦੁਨੀਆਂ ਭਰ 'ਚ ਅਮਰੀਕਾ ਦੇ ਬਹੁਤ ਸਾਰੇ ਰਾਜਨੇਤਾਵਾਂ ਨੇ ਰਾਸ਼ਟਰਪਤੀ ਟਰੰਪ ਦੇ ਅਪ੍ਰਵਾਸੀਆਂ 'ਤੇ ਪਾਬੰਦੀ ਲਗਾਉਣ ਦੇ ਫ਼ੈਸਲੇ ਦੀ ਆਲੋਚਨਾ ਕੀਤੀ ਹੈ। ਇਸ ਤੋਂ ਪਹਿਲਾਂ ਅਮਰੀਕਾ ਦੀ ਕਾਰਜਕਾਰੀ ਅਟਾਰਨੀ ਜਨਰਲ ਸੈਲੀ ਯੇਟਸ ਨੇ ਵੀ ਪ੍ਰਵਾਸੀਆਂ ਦੇ ਮਸਲੇ 'ਤੇ ਟਰੰਪ ਦੇ ਹੁਕਮ ਦਾ ਬਚਾਅ ਨਾ ਕਰਨ ਦੀ ਅਪੀਲ ਕੀਤੀ ਸੀ। ਇਸ ਦੇ ਬਦਲੇ ਟਰੰਪ ਨੇ ਉਸ ਨੂੰ ਬਰਖ਼ਾਸਤ ਕਰ ਦਿੱਤਾ। ਜ਼ਾਹਿਰ ਹੈ ਕਿ ਟਰੰਪ ਜਿਸ ਰਸਤੇ 'ਤੇ ਚਲ ਪਏ ਹਨ, ਉਸ ਦਾ ਵਿਰੋਧ ਅਮਰੀਕੀ ਭਾਈਚਾਰੇ ਵੱਲੋਂ ਕਰੜੇ ਰੂਪ ਵਿਚ ਕੀਤਾ ਜਾ ਰਿਹਾ ਹੈ, ਕਿਉਂਕਿ ਉਨਾਂਨੂੰ ਗਿਆਨ ਹੈ ਕਿ ਇਸ ਨਾਲ ਜਿਹਾਦੀ ਅੱਤਵਾਦ ਨੂੰ ਉਤਸ਼ਾਹ ਮਿਲੇਗਾ ਤੇ ਉਹ ਇਸਲਾਮ ਨਾਲ ਸੰਬੰਧਿਤ ਲੋਕਾਂ ਨੂੰ ਯਕੀਨ ਦਿਵਾਉਣ ਵਿਚ ਸਫਲ ਹੋਣਗੇ ਕਿ ਅਮਰੀਕਾ ਇਸਲਾਮ ਵਿਰੋਧੀ ਹੈ। ਅਮਰੀਕੀਆਂ ਵੱਲੋਂ ਟਰੰਪ ਦਾ ਵਿਰੋਧ ਮਨੁੱਖਤਾ ਦੇ ਹਿੱਤ ਵਿਚ ਹੈ। ਬਹੁਗਿਣਤੀ ਅਮਰੀਕੀ ਭਾਈਚਾਰਾ ਸਮਝਦਾ ਹੈ ਕਿ ਅਮਰੀਕਾ ਬਹੁਲਤਾਵਾਦੀ ਦੇਸ ਹੈ, ਜਿਸ ਵਿਚ ਭਿੰਨ-ਭਿੰਨ ਸੱਭਿਆਚਾਰਾਂ ਦੇ ਲੋਕ ਰਹਿੰਦੇ ਹਨ। ਇਸੇ ਸਾਂਝ ਵਿਚ ਹੀ ਅਮਰੀਕਾ ਦੀ ਹੋਂਦ ਹੈ।




No comments:

Post a Comment