deshpunjabtimes.blogspot.com

Thursday, 14 June 2012

ਸਿੱਖ ਕੌਮ ਕਿਉਂ ਬਣ ਗਈ ਤਰਸ ਦੀ ਪਾਤਰ\ਪ੍ਰੋ. ਬਲਵਿੰਦਰਪਾਲ ਸਿੰਘ


ਜੂਨ '84 ਦੇ ਘੱਲੂਘਾਰਿਆਂ 'ਚ ਵਾਪਰੇ ਅੱਜ 28 ਸਾਲ ਹੋ ਚੁੱਕੇ ਹਨ। ਇਸ ਦਾ ਦਰਦ ਹਾਲੇ ਵੀ ਸਿੱਖ ਆਪਣੀ ਮਾਨਸਿਕਤਾ ਵਿੱਚ ਮਹਿਸੂਸ ਕਰ ਰਹੇ ਹਨ। ਕਾਰਨ ਸਿੱਖ ਕੌਮ ਦਾ ਬਹੁਤ ਵੱਡਾ ਨੁਕਸਾਨ ਹੋਇਆ, ਪਰ ਕੁਰਬਾਨੀਆਂ ਕਰਨ ਦੇ ਬਾਵਜੂਦ ਉਸ ਦੀ ਪ੍ਰਾਪਤੀ ਕੋਈ ਨਹੀਂ ਹੋਈ। ਇਹੀ ਹਾਰ ਸਿੱਖ ਕੌਮ ਦੀ ਪੀੜਾ ਦਾ ਕਾਰਨ ਬਣ ਰਹੀ ਹੈ। ਸਿੱਖ ਕੌਮ ਦੀ ਧਾਰਮਿਕ ਤੇ ਰਾਜਨੀਤਕ ਲੀਡਰਸ਼ਿਪ ਨੇ ਕੋਈ ਅਗਾਂਹਵਧੂ ਭੂਮਿਕਾ ਨਹੀਂ ਨਿਭਾਈ, ਜਿਸ ਨਾਲ ਸਿੱਖ ਕੌਮ ਇਸ ਦਰਦ 'ਚੋਂ ਬਾਹਰ ਆ ਸਕੇ। ਅਨੰਦਪੁਰ ਦਾ ਮਤਾ, ਪੰਜਾਬ ਪੱਖੀ ਮੰਗਾਂ, ਰਾਜਧਾਨੀ ਤੇ ਬੋਲੀ ਦਾ ਮੱਸਲਾ ਉੱਥੇ ਦਾ ਉੱਥੇ ਹੀ ਹੈ। ਕੇਂਦਰ ਸਰਕਾਰ ਨੇ ਸਿੱਖਾਂ ਤੇ ਪੰਜਾਬ ਦੀ ਕੋਈ ਗੱਲ ਪ੍ਰਵਾਨ ਨਹੀਂ ਕੀਤੀ ਗਈ। ਸਿੱਖ ਲੀਡਰਸ਼ਿਪ ਦੀ ਸੱਤਾ ਦੀ ਲਾਲਸਾ ਨੇ ਸਿੱਖ ਕੌਮ ਦੇ ਗੱਲ ਵਿੱਚ ਬੇਦਰਦੀ ਨਾਲ ਹਾਰ ਪਾ ਦਿੱਤੀ ਹੈ ਤੇ ਉਸ ਨਾਲ ਹੋਈ ਬੇਇਨਸਾਫੀ ਉਸ ਨੂੰ ਹਾਰੀ ਹੋਈ ਮਾਨਸਿਕਤਾ ਤੋਂ ਬਾਹਰ ਨਹੀਂ ਨਿਕਲਣ ਦੇ ਰਹੀ। ਗਲੋਬਲਾਈਜੇਸ਼ਨ ਦੀ ਚਮਕ ਦਮਕ ਨੇ ਸਿੱਖ ਕੌਮ ਨੂੰ ਮਾਇਆ ਦਾ ਰਾਹ 'ਤੇ ਪਾ ਦਿੱਤਾ ਹੈ। ਡੇਰਾਵਾਦ, ਫਿਰਕੂ ਸਿਆਸਤ ਸਿੱਖ ਕੌਮ ਲਈ ਚੈਲਿੰਜ ਬਣੇ ਹੋਏ ਹਨ ਤੇ ਗਿਆਨਵਾਨ ਲੀਡਰਸ਼ਿਪ ਦੀ ਘਾਟ ਕਾਰਨ ਉਹ ਸੰਘਰਸ਼ ਕਰਨ ਦੇ ਬਾਵਜੂਦ ਵਾਰ-ਵਾਰ ਆਪਣੇ ਗਲਾਂ ਵਿੱਚ ਹਾਰਾਂ ਪਾ ਰਹੇ ਹਨ। ਚਾਹੇ ਉਹ ਅੰਦੋਲਨ ਆਸ਼ੂਤੋਸ਼ ਮਹਾਰਾਜ ਦੇ ਸਮਾਗਮ ਨੂੰ ਰੋਕਣ, ਡੇਰਾ ਮੁਖੀ ਸਿਰਸਾ ਦੇ ਸਮਾਗਮਾਂ ਨੂੰ ਰੋਕਣ, ਭਾਈ ਬਲਵੰਤ ਸਿੰਘ ਦੀ ਫਾਂਸੀ ਰੁਕਵਾਉਣ ਦਾ ਮਸਲਾ ਹੋਵੇ ਹਰ ਵਾਰ ਸਿੱਖ ਬਲੀ ਚੜ੍ਹੇ। ਪਰ ਇਨਸਾਫ਼ ਨਹੀਂ ਮਿਲਿਆ।  ਸੁਆਲ ਇਹ ਪੈਦਾ ਹੁੰਦਾ ਹੈ ਕਿ ਸਿੱਖ ਕਿੰਨ੍ਹਾਂ ਕੁ ਚਿਰ ਅਦਾਲਤਾਂ, ਅੰਬੈਸੀਆਂ , ਸੈਕਟਰੀਏਟਾਂ ਤੇ ਚੌਕ ਚੁਰਾਹਿਆਂ ‘ਚ ਨਾਹਰੇ ਮਾਰ ਕੇ ਤਖਤੀਆਂ ਫੜ੍ਹ ਕੇ ਇਨਸਾਫ ਲਈ ਵਿਚਾਰੇ ਬਣੇ ਰਹਿਣਗੇ ਅਤੇ ਪੁਲੀਸ ਦੀਆਂ ਡਾਗਾਂ ਤੇ ਗੋਲੀਆਂ ਖਾਂਦੇ ਰਹਿਣਗੇ।
ਅਜਿਹੀਆਂ ਕਾਰਵਾਈਆਂ ਸਿੱਖਾਂ ਦੇ ਅੰਦਰ ਸਿਰਫ ਸਿਆਸੀ ਸੂਝ ਬੂਝ ਦੀ ਘਾਟ ਹੀ ਸਪੱਸ਼ਟ ਨਹੀਂ ਕਰਦੀਆਂ ਸਗੋਂ ਉਨ੍ਹਾਂ ਨੂੰ ਢਹਿੰਦੀ ਕਲਾ ਵਿੱਚ ਲਿਜਾਂਦੀਆਂ ਹਨ। ਸਾਨੂੰ ਹਾਲੇ ਤੱਕ ਇਸ ਗੱਲ ਦੀ ਸਮਝ ਨਹੀਂ ਆਈ ਕਿ ਸਾਡੀ ਜੰਗ ਕਿਸ ਖਿਲਾਫ਼ ਸੀ, ਅਸੀਂ ਸੰਘਰਸ਼ ਕਿਸ ਲਈ ਵਿੱਢਿਆ ਸੀ। ਆਮ ਕਰਕੇ ਇਹ ਸਮਝਿਆ ਜਾਂਦਾ ਹੈ ਕਿ ਇਹ ਲੜਾਈ ਸੰਤ ਭਿੰਡਰਾਂਵਾਲੇ ਤੇ ਇੰਦਰਾ ਗਾਂਧੀ ਵਿਚਕਾਰ ਸੀ ਜਾਂ ਕਾਂਗਰਸ ਨੂੰ ਸਿੱਖਾਂ ਨੂੰ ਕੋਲ ਵੈਰ ਸੀ ਜਾਂ ਇਹ ਹਿੰਦੂ-ਸਿੱਖਾਂ ਵਿਚਕਾਰ ਤਕਰਾਰ ਦਾ ਮਸਲਾ ਸੀ।
ਅਸਲ ਵਿੱਚ ਸਿੱਖ ਕੌਮ ਦਾ ਇਹ ਸੰਘਰਸ਼ ਕੇਂਦਰ ਦੀਆਂ ਫਾਸ਼ੀਵਾਦੀ ਪਾਲਿਸੀਆਂ ਵਿਰੁੱਧ ਸੀ। ਇਹ ਸੰਘਰਸ਼ ਧਾਰਮਿਕ, ਸਮਾਜਕ, ਆਰਥਿਕ ਲੁੱਟ ਤੇ ਫਿਰਕਾਪ੍ਰਸਤ ਢਾਂਚੇ ਵਿਰੁਧ ਅਣਖ ਦੀ ਜੰਗ ਸੀ, ਜਿਸ ਦੀ ਅਗਵਾਈ ਗੁਰਬਾਣੀ ਦੀ ਵਿਚਾਰਧਾਰਾ ਤੋਂ ਪ੍ਰਾਪਤ ਕਰਨੀ ਸੀ ਤੇ ਲੋਟੂ ਨਿਜਾਮ ਨੂੰ ਬਦਲ ਕੇ ਹਲੇਮੀ ਰਾਜ ਵਿੱਚ ਪ੍ਰਵਰਤਿਤ ਕਰਨਾ ਸੀ। ਪਰ ਇਸ ਜੰਗ ਵਿੱਚ ਸਿੱਖ ਕੌਮ ਤੋਂ ਸਿਵਾਏ ਕਿਸੇ ਵੀ ਕੌਮ ਜਾਂ ਰਾਜਨੀਤਕ ਜਥੇਬੰਦੀ ਨੇ ਹਿੱਸਾ ਨਹੀਂ ਪਾਇਆ। ਭਾਜਪਾ ਤੇ ਕਾਂਗਰਸ ਫਿਰਕੂ ਨੀਤੀਆਂ ਤਹਿਤ ਅਨੰਦਪੁਰ ਮਤੇ ਦੇ ਵਿਰੁੱਧ ਸਿੱਖਾਂ ਵਿਰੁੱਧ ਜ਼ਹਿਰ ਫੈਲਾਉਣ 'ਚ ਕੋਈ ਕਸਰ ਨਹੀਂ ਛੱਡੀ, ਪਰ ਕਮਿਊਨਿਸਟ ਧਿਰਾਂ ਨੇ ਵੀ ਪੰਜਾਬ ਪੱਖੀ ਰੋਲ ਨਹੀਂ ਨਿਭਾਇਆ। ਜੇਕਰ ਉਨ੍ਹਾਂ ਦਾ ਖਾੜਕੂਆਂ ਨਾਲ ਵਿਰੋਧ ਸੀ, ਤਾਂ ਘੱਟੋ ਘੱਟ ਉਹ ਪੰਜਾਬ ਦੇ ਏਜੰਡੇ ਲਈ ਆਪਣਾ ਵੱਖਰਾ ਸੰਘਰਸ਼ ਸ਼ੁਰੂ ਕਰ ਸਕਦੇ ਸਨ, ਪਰ ਉਨ੍ਹਾਂ ਦੀ ਸੋਚ ਤੇ ਨੀਤੀ ਆਰੀਆ ਸਮਾਜੀ ਦੇ ਹੱਕ 'ਚ ਭੁਗਤੀ। ਪੰਜਾਬ ਦੇ ਕਮਿਊਨਿਸਟ ਸਿੱਖ ਲਹਿਰ ਨੂੰ ਧਾਰਮਿਕ ਜਾਂ ਮੁਤੱਸਬੀ ਲਹਿਰ ਆਖ ਕੇ ਰੱਦ ਕਰਦੇ ਰਹੇ ਤੇ ਦੂਸਰੇ ਕੇਂਦਰ ਸਰਕਾਰ ਤੇ ਆਰੀਆ ਸਮਾਜੀਆਂ ਦਾ ਹੱਥ ਠੋਕਾ ਬਣਦੇ ਰਹੇ। ਪੰਜਾਬ ਦਾ ਹਿੰਦੂ ਭਾਈਚਾਰਾ ਵੀ ਕੇਂਦਰ ਦੀਆਂ ਫਾਸ਼ੀਵਾਦੀ ਨੀਤੀਆਂ ਦੇ ਤਹਿਤ ਅਨੰਦਪੁਰ ਮਤੇ ਦਾ ਵਿਰੋਧ ਕਰਦਾ ਰਿਹਾ, ਜਿਸ ਕਾਰਨ ਇਹ ਸੰਘਰਸ਼ ਹਿੰਦੂ-ਸਿੱਖ ਭਾਈਚਾਰੇ ਦੀ ਲੜਾਈ ਵਿੱਚ ਬਦਲ ਗਿਆ, ਜੋ ਕਿ ਕੇਂਦਰ ਸਰਕਾਰ ਚਾਹੁੰਦੀ ਸੀ।
ਅੱਜ ਜਦੋਂ ਅਸੀਂ 28 ਸਾਲ ਬਾਅਦ , ਸਾਰੇ ਮਸਲਿਆਂ ਦੇ ਮੁੱਢ ਦੀ ਸ਼ਨਾਖਤ ਕਰ ਰਹੇ ਹਾਂ ਤਾਂ ਜਰੂਰੀ ਹੋ ਜਾਂਦਾ ਹੈ ਕਿ ਸਿੱਖ ਕੌਮ ਪੰਜਾਬ ਤੇ ਕੌਮ ਦੇ ਵਿਕਾਸ ਪੱਖੀ ਕੀ ਨੀਤੀ ਅਪਨਾਵੇ, ਜਿਸ ਨਾਲ ਕੌਮ ਦੀ ਜਿੱਤ ਹੋ ਸਕੇ। ਸਭ ਤੋਂ ਪਹਿਲਾਂ ਗੁਰਬਾਣੀ ਦੀ ਵਿਚਾਰਧਾਰਾ ਅਨੁਸਾਰ ਸੰਘਰਸ਼ ਵਿੱਢਣਾ ਪਵੇਗਾ, ਜਿੱਥੇ ਸਾਨੂੰ ਭਾਈ ਲਾਲੋਆਂ ਦੇ ਹੱਕ 'ਚ ਖੜੋਣ ਅਤੇ ਮਲਿਕ ਭਾਗੋਆਂ ਨੂੰ ਰੱਦ ਕਰਨ ਦਾ ਨਿਰਣਾ ਕਰਨਾ ਪਵੇਗਾ। ਬਿਲਕੁਲ ਉਸੇ ਤਰ੍ਹਾਂ ਜਿੱਥੇ ਬਾਬਾ ਨਾਨਕ ਖਲੌਤੇ ਸਨ ਤੇ ਜਿੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿਰਤੀਆਂ ਨੂੰ ਰਾਜ ਦੇਣ ਦੀ ਗੱਲ ਕਹੀ ਸੀ। ਆਖਿਰ ਲੜਦੇ ਭੁੱਖੇ ਤੇ ਲਤਾੜੇ ਲੋਕ ਹੀ ਹਨ, ਜਿਨ੍ਹਾਂ ਦੇ ਹੱਕ ਖੋਹ ਲਏ ਗਏ ਹੁੰਦੇ ਹਨ, ਜੋ ਗੁਲਾਮੀ ਭਰਪੂਰ ਜੀਵਨ ਜਿਉਂਦੇ ਹਨ। ਸਮੁੱਚੀਆਂ ਇਨਕਲਾਬੀ ਲਹਿਰਾਂ ਦਾ ਵਰਤਾਰਾ ਹੀ ਇਹ ਹੈ ਕਿ ਉਹ ਕਿਰਤੀ ਸ਼੍ਰੇਣੀਆਂ ਦੇ ਬਾਹੂਬਲ 'ਤੇ ਹੀ ਜਿੱਤ ਪ੍ਰਾਪਤ ਕਰਦੀਆਂ ਹਨ। ਇਹ ਯਾਦ ਰੱਖਣ ਦੀ ਲੋੜ ਹੈ ਕਿ ਅਜੋਕੇ ਯੁੱਗ ਵਿੱਚ ਹਥਿਆਰਬੰਦ ਲਹਿਰਾਂ ਨਾਲ ਸੰਘਰਸ਼ ਸਫਲ ਨਹੀਂ ਹੋ ਸਕਦੇ। ਵਿਚਾਰਧਾਰਕ ਸੰਘਰਸ਼ ਦੀ ਜ਼ਰੂਰਤ ਹੈ। ਹਥਿਆਰਬੰਦ ਲਹਿਰਾਂ ਨੂੰ ਦਬਾਉਣਾ ਸਰਕਾਰ ਲਈ ਸੌਖਾ ਕਾਰਜ ਹੁੰਦਾ ਹੈ ਤੇ ਘੱਟ ਗਿਣਤੀਆਂ ਦੀ ਨਸਲਕੁਸ਼ੀ ਹੀ ਇਸ ਵਿਚੋਂ ਨਿਕਲਦੀ ਹੈ। ਸੱਚ ਤੇ ਹੱਕ ਲਈ ਸਰਬੱਤ ਦੇ ਭਲੇ ਲਈ ਹੀ ਨਿਤਰਨਾ ਪਵੇਗਾ, ਜਿਸ ਦੇ ਸੇਧ ਗੁਰਬਾਣੀ ਵਿਚੋਂ ਮਿਲਦੀ ਹੈ। ਇਹ ਸਿੱਖ ਲੀਡਰਸ਼ਿਪ ਦੀ ਘਾਟ ਰਹੀ ਹੈ ਕਿ ਉਨ੍ਹਾਂ ਨੇ ਮਜ਼ਦੂਰਾਂ, ਦਲਿਤਾਂ, ਗਰੀਬਾਂ, ਘੱਟ ਗਿਣਤੀਆਂ ਦੀ ਗੱਲ ਨਹੀਂ ਕੀਤੀ ਤੇ ਨਾ ਹੀ ਉਨ੍ਹਾਂ ਤੱਕ ਪਹੁੰਚ ਕੀਤੀ ਹੈ, ਜਿੱਥੇ ਵੀ ਭਾਰਤ ਵਿੱਚ ਕੂੜ ਦਾ ਪਸਾਰਾ ਹੈ, ਉਸ ਵਿਰੁੱਧ ਨਿਤਰਨਾ ਸਿੱਖਾਂ ਦਾ ਫਰਜ਼ ਹੋਣਾ ਚਾਹੀਦਾ ਹੈ। ਕੌਮਾਂਤਰੀ ਪੱਧਰ 'ਤੇ ਸੱਚ ਕਹਿਣ ਦੀ ਹਿੰਮਤ ਸਿੱਖ ਕੌਮ ਵਿੱਚ ਹੋਣੀ ਚਾਹੀਦੀ ਹੈ, ਚਾਹੇ ਉਹ ਕੋਈ ਵੀ ਮਸਲਾ ਹੋਵੇ। ਭਾਰਤ ਵਿੱਚ ਪ੍ਰਾਂਤਿਕ ਪਾਰਟੀਆਂ ਨਾਲ ਗੱਠਜੋੜ ਕਰਨਾ ਸਿੱਖ ਲੀਡਰਸ਼ਿਪ ਦਾ ਨਿਸ਼ਾਨਾ ਹੋਣਾ ਚਾਹੀਦਾ ਹੈ ਤੇ ਭ੍ਰਿਸ਼ਟਾਚਾਰ ਤੇ ਫਿਰਕੂ ਰਾਜਨੀਤੀ ਵਿੱਚ ਡੁੱਬੀ ਸਿਆਸਤ ਵਿਰੁੱਧ ਲੋਕ ਹਿੱਤੂ ਲਹਿਰ ਵੀ ਬੁਲੰਦ ਕਰਨ ਦੀ ਲੋੜ ਹੈ। ਭਾਰਤ ਦੇ ਸਮੁੱਚੇ ਕਿਰਤੀ ਤੇ ਦਲਿਤ ਵਰਗ ਨੂੰ ਨਾਲ ਲੈ ਕੇ ਚੱਲਣ ਤੇ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਵਾਉਣ ਲਈ ਸਿੱਖ ਕੌਮ ਦਾ ਨਿਸ਼ਾਨਾ ਹੋਣਾ ਚਾਹੀਦਾ ਹੈ ਤਾਂ ਹੀ ਸਿੱਖ ਕੌਮ ਦਾ ਭਵਿੱਖ ਉਜਵਲ ਹੋ ਸਕਦਾ ਹੈ।



No comments:

Post a Comment