ਕਾਮਰੇਡਾਂ ਵੱਲੋਂ, ਹਿੰਦੁਸਤਾਨੀ ਹਕੂਮਤ ਦੀ ਤਰਜ਼ 'ਤੇ, ਸਿੱਖਾਂ ਦੀ ਆਜ਼ਾਦੀ ਦੇ ਸੰਘਰਸ਼ ਨੂੰ ਸਮੱਸਿਆ ਬਣਾ ਕੇ ਪੇਸ਼ ਕੀਤਾ ਜਾਂਦਾ ਹੈ। ਸਮੱਸਿਆ ਕੀ ਹੈ? ਕਾਮਰੇਡਾਂ ਮੁਤਾਬਕ ਪੰਜਾਬ ਹੱਸ ਰਿਹਾ ਸੀ, ਗਾ ਰਿਹਾ ਸੀ। ਕੁਝ ਲੋਕ ਆਏ ਤੇ ਉਹਨਾਂ ਨੇ ਕੁਝ ਮੱਸਲੇ ਛੇੜ ਦਿੱਤੇ। ਪੰਜਾਬ ਵਿੱਚ ਇੱਕ ਅੱਗ ਲੱਗੀ। ਇਹ ਰੰਗਲੀ ਧਰਤੀ ਲਹੂ ਲੁਹਾਣ ਹੋ ਗਈ। ਇਹ ਮਸਲੇ ਛੇੜਨ ਵਾਲੇ ਲੋਕ ਕੌਣ ਸਨ? ਬਿਨਾਂ ਸ਼ੱਕ ਸੰਤ ਜਰਨੈਲ ਸਿੰਘ ਭਿੰਡਰਾਂਵਾਲ਼ੇ ਤੇ ਉਨ੍ਹਾਂ ਦੇ ਸਾਥੀ ਸਨ, ਜਿਨ੍ਹਾਂ ਨੇ ਇਹ ਮੱਸਲੇ ਛੇੜੇ। ਜੁਝਾਰੂ ਸਿੰਘ, ਜਿਹਨਾਂ ਨੇ ਜੂਨ ਚੁਰਾਸੀ ਤੋਂ ਬਾਅਦ ਲੜਾਈ ਇੱਕ ਨਵੇਂ ਸਿਰੇ ਤੋਂ ਵਿੱਢੀ, ਜਿਹੜੇ ਕਈ ਸਾਲ ਆਪਣੇ ਸਾਰੇ ਤਾਣ ਨਾਲ ਲੜਦੇ ਰਹੇ। ਕੌਣ ਸਨ ਇਹ ਲੋਕ ਜਿਨ੍ਹਾਂ ਨੇ ਇਸ ਦੀ ਪਾਵਨ ਮਿੱਟੀ ਲਹੂ ਨਾਲ ਸਿੰਜ ਦਿੱਤੀ? ਅੱਜ ਅਸੀਂ ਇਨ੍ਹਾਂ ਸੁਆਲਾਂ ਦੇ ਦਰਪੇਸ਼ ਹੋਣਾ ਹੈ ਜਾਂ ਸ਼ਾਇਦ ਇਨ੍ਹਾਂ ਸੁਆਲਾਂ ਦੇ ਸਥਾਪਿਤ ਹੋ ਚੁੱਕੇ ਜੁਆਬਾਂ ਦੀ ਗੱਲ ਕਰਨੀ ਹੈ।
ਕੌਣ ਹਨ ਪੰਜਾਬ ਦੀ ਮੁਹੱਬਤ ਦੇ ਦਾਅਵੇਦਾਰ? ਜੇ ਇਹ ਕਮਿਊਨਿਸਟ ਹਨ ਤਾਂ ਪੰਜਾਬ ਦੀ ਧਰਤੀ ਨਿਰਾਸ਼ ਹੋਏ ਕਮਿਊਨਿਸਟਾਂ ਦੀ ਜਗੀਰ ਨਹੀਂ। ਕਮਿਊਨਿਸਟਾਂ ਨੇ ਪੰਜਾਬ ਦੇ ਦਰਦ ਨਾਲ ਦਗ਼ਾ ਕਮਾਇਆ ਹੈ। ਉਨ੍ਹਾਂ ਨੇ ਸੰਨ ਸੰਤਾਲੀ ਦੇ ਦੁੱਖ ਨੂੰ ਆਪਣਾ ਸੌਦਾ ਵੇਚਣ ਲਈ ਵਰਤਿਆ ਹੈ। ਵਾਰਿਸ ਸ਼ਾਹ ਦੇ ਨਾਂ 'ਤੇ ਯੂਰਪੀ ਸੈਕੂਲਰਇਜ਼ਮ ਦਾ ਲਾਂਗਾ ਢੋਇਆ ਹੈ। ਬੀਬੀ ਅੰਮ੍ਰਿਤਾ ਪ੍ਰੀਤਮ ਨੇ ਵਾਰਿਸ ਸ਼ਾਹ ਨੂੰ ਵਾਜਾਂ ਕਿਵੇਂ ਮਾਰੀਆਂ, ਇਹ ਤਾਂ ਸ਼ਾਇਦ ਉਹਨੂੰ ਵੀ ਨਾ ਪਤਾ ਹੋਵੇ, ਪਰ ਜਿਵੇਂ ਉਸ ਗੱਲ ਦਾਂ ਕਾਮਰੇਡਾਂ ਨੇ ਜਨਾਜ਼ਾ ਕੱਢਿਆ, ਇਹ ਸਾਨੂੰ ਜ਼ਰੂਰ ਪਤਾ ਹੈ। ਸਿਰਜਣਾ ਦੇ ਖਿਣਾਂ ਵਿੱਚ ਇੱਕ ਬੇਖ਼ਬਰੀ ਹੁੰਦੀ ਹੈ। ਅਰਥਾਂ ਤੋਂ, ਭਾਵ ਤੋਂ, ਕੋਈ ਉਚੇਰੀ ਗੱਲ ਹੁੰਦੀ ਹੈ, ਜਿਸ ਨੂੰ ਫੜ ਲੈਣ ਦਾ ਕਵੀ ਵਿਚ ਵੀ ਤਾਣ ਨਹੀਂ ਹੁੰਦਾ। ਕਵਿਤਾ ਉਸ ਗੱਲ ਦੇ ਹੋਣ ਦੇ ਅਹਿਸਾਸ 'ਚੋਂ ਆਏ ਨਿੱਘ ਵਿੱਚ ਜਿਉਂਦੀ ਹੈ, ਵਿਗਸਦੀ ਹੈ। ਇਸ ਨੂੰ ਇਉਂ ਸਿੱਧ ਪੱਧਰਾ ਬਣਾ ਕੇ ਪ੍ਰਚਾਰਨਾ ਇੱਕ ਹੋਛਾ ਆਪਹੁਦਰਾਪਣ ਹੈ। ਕਵੀ ਦੀ ਪ੍ਰਵਾਨਗੀ ਵੀ ਇਸ ਲਈ ਕਾਫ਼ੀ ਹੋਵੇ, ਜ਼ਰੂਰੀ ਨਹੀਂ, ਕਿਉਂਕਿ ਉਹਨਾਂ ਖਿਣਾਂ 'ਚੋਂ ਬਾਹਰ ਆ ਕੇ ਕਵੀ ਵੀ ਕੋਈ ਹੋਰ ਹੈ। ਕਮਿਊਨਿਸਟਾਂ ਨੇ ਅਜਿਹੇ ਹੋਛੇਪਣ ਵਿੱਚ ਕੋਈ ਕਸਰ ਨਹੀਂ ਛੱਡੀ। ਪੰਜਾਬ ਦੀ ਧਰਤੀ ਨਾਲ ਜਤਾਇਆ ਕਬਜ਼ੇ ਦਾ ਅਧਿਕਾਰ, ਕਮਿਊਨਿਸਟਾਂ ਦੀ ਵੱਡੀ ਬਦਤਮੀਜ਼ੀ ਸੀ। ਇਥੋਂ ਤੱਕ ਕਿ ਉਹ ਸਿੰਘਾਂ ਦੇ ਪੰਜਾਬ ਦੀ ਧਰਤੀ ਨਾਲ ਲਗਾਓ ਨੂੰ ਚੁਣੌਤੀਆਂ ਦੇਣ ਲੱਗੇ। ਅੱਜ ਸਿੰਘਾਂ ਅੱਗੇ ਇਹ ਸ਼ਰਤ ਹੋ ਗਈ ਹੈ ਕਿ ਉਹ ਪੰਜਾਬ ਦੀ ਧਰਤੀ ਨਾਲ ਮੁਹੱਬਤ ਦਾ ਇਜ਼ਹਾਰ ਕਮਿਊਨਿਸਟਾਂ ਵਾਂਗੂੰ ਕਰਨ ਜਾਂ ਫਿਰ ਉਨ੍ਹਾਂ ਦੇ ਫ਼ਤਵਿਆਂ ਦਾ ਸਾਹਮਣਾ ਕਰਨ ਲਈ ਤਿਆਰ ਰਹਿਣ। ਮੈਂ ਇਹ ਕਹਿਣ ਦੀ ਕੋਸ਼ਿਸ਼ ਕਰ ਰਿਹਾ ਹਾਂ ਕਿ ਅਸੀਂ ਪੰਜਾਬ ਦੀ ਧਰਤੀ ਨਾਲ ਉਹ ਵਫ਼ਾ ਪਾਲੀ ਹੈ ਜਿਸ ਦਾ ਕੋਈ ਸਾਨੀ ਨਹੀਂ। ਪਰ ਅਸੀਂ ਧਰਤੀ ਦੇ ਹਾਂ, ਧਰਤੀ ਦੇ ਇਕ ਟੁਕੜੇ ਦੇ ਨਹੀਂ। ਅਸੀਂ 'ਮਾਤਾ ਧਰਤਿ ਮਹਤੁ' ਦੇ ਅਲਾਪ ਨਾਲ ਆਪਣੀ ਸਵੇਰ ਦਾ ਆਰੰਭ ਕਰਦੇ ਹਾਂ। ਅਸੀਂ ਆਖ਼ਰੀ ਦਮ ਤੱਕ ਪੰਜਾਬ ਦੀ ਧਰਤੀ ਦੇ ਹੋ ਕੇ ਵੀ ਇਸ ਦੇ ਮੋਹ ਤੋਂ ਪਾਰ ਹਾਂ। ਸਾਡੇ ਲਈ ਪਾਉਂਟਾ ਸਾਹਿਬ, ਪਟਨਾ ਸਾਹਿਬ ਤੇ ਹਜ਼ੂਰ ਸਾਹਿਬ ਸਦਾ ਹੀ ਧੂਹ ਪਾਉਣ ਵਾਲੇ ਅਸਥਾਨ ਰਹੇ ਹਨ। ਬਗਦਾਦ ਤੇ ਮੱਕੇ ਮਦੀਨੇ ਦੀਆਂ ਧਰਤੀਆਂ ਤੇ ਹੋਈਆਂ ਬਾਬਾ ਜੀ ਦੀਆਂ ਪੈੜਾਂ ਸਾਡੇ ਮੱਥੇ ਨੂੰ ਹਰਦਮ ਲੋਅ ਵਿਖਾਉਂਦੀਆਂ ਰਹਿੰਦੀਆਂ ਹਨ। ਧਰਤੀ ਧਰਮਸਾਲ ਹੈ, ਸਭਿਆਚਾਰਕ ਜਾਂ ਨਸਲੀ ਪਛਾਣ ਮਨੁੱਖ ਦੀ ਹਸਤੀ ਨੂੰ ਸੀਮਤ ਕਰਨ ਦਾ ਨਾਂ ਹੈ। ਧਰਤੀ ਪਾਵਨ ਹੈ, ਪੰਜਾਬ ਸਾਡਾ ਆਪਣਾ ਹੈ, ਪਰ ਬੰਦੇ ਦੀ ਜੜ੍ਹ ਕਿਤੇ ਹੋਰ ਲੱਗੀ ਹੈ। ਬੰਦਾ ਧਰਤੀ ਦਾ ਜਾਇਆ ਹੋ ਕੇ ਵੀ ਇਸ ਦੇ ਮੋਹ ਦੇ ਬੰਧਨਾਂ ਤੋਂ ਪਾਰ ਹੈ। ਕਮਿਊਨਿਸਟ ਤਾਂ ਇਹ ਨਹੀਂ ਜਾਣਦੇ, ਪਰ ਪੰਜਾਬ ਦੀਆਂ ਮਾਵਾਂ, ਭੈਣਾਂ, ਧੀਆਂ ਜਿਹੜੀਆਂ ਸਦੀਆਂ ਤੋਂ ਇਹ ਗਾਉਂਦੀਆਂ ਆ ਰਹੀਆਂ ਹਨ ਕਿ 'ਜਨਮ ਗੁਰਾਂ ਦਾ ਪਟਨੇ ਸਾਹਿਬ ਦਾ', ਜਾਣਦੀਆਂ ਹਨ ਕਿ ਧਰਤੀ ਉਹੀ ਪਾਵਨ ਹੈ ਜਿਹੜੀ ਨਿਵਾਜੀ ਗਈ। ਜਿਹੜੀ ਗੁਰੂ ਨੇ ਨਿਵਾਜ ਦਿੱਤੀ ਉਹੀ ਸਾਡੀ ਹੈ।
ਸਿੰਘਾਂ ਨੇ ਧਰਤੀ ਨੂੰ ਨਿਵਾਜਣ ਵਾਲੇ ਖਿਣਾਂ ਨਾਲ ਅਪਣੱਤ ਪਾਲ਼ੀ ਤੇ ਉਸ ਨਾਲ ਬੰਦ-ਬੰਦ ਕਟਾ ਕੇ ਨਿਭੇ। ਕਾਮਰੇਡ ਇਹ ਸਮਝ ਨਹੀਂ ਸਕੇ। ਉਹ ਸਦਾ ਇਸ ਤੋਂ ਵਿੱਥ ਤੇ ਜਿਉਂਦੇ ਰਹੇ। ਧਰਤੀ, ਧਰਮ, ਸਭਿਆਚਾਰ ਆਦਿ ਬਾਰੇ ਕਾਮਰੇਡਾਂ ਦੇ ਨਜ਼ਰੀਏ ਦੀ ਪੜਚੋਲ ਦੀ ਗੱਲ ਤਾਂ ਛੱਡੋ ਉਨ੍ਹਾਂ ਨੇ ਆਪ ਵੀ ਇਨ੍ਹਾਂ ਗੱਲਾਂ ਬਾਰੇ ਪੜਚੋਲ ਨਹੀਂ ਕੀਤੀ। ਜਿਸ ਨੂੰ ਸੰਵਾਦ ਕਹਿੰਦੇ ਹਨ ਉਹ ਪਿਛਲੀ ਡੇਢ ਸਦੀ ਦੇ ਇਸ ਆਧੁਨਿਕ ਦੌਰ ਵਿੱਚ ਕਦੇ ਸ਼ੁਰੂ ਹੀ ਨਹੀਂ ਹੋਇਆ। ਕਾਮਰੇਡਾਂ ਨੇ ਇੱਕ ਆਪਾ ਧਾਪੀ ਵਿੱਚ ਹੀ ਮਾਰਕਸਵਾਦ ਦੇ ਨਾਂ ਤੇ ਗਾਹ ਪਾਈ ਰੱਖਿਆ। ਕਦੇ ਚੈਨ ਦੇ ਦੋ ਪਲ ਹਾਸਲ ਹੀ ਨਹੀਂ ਕਰ ਸਕੇ ਜਦੋਂ ਉਹ ਸੋਚ ਸਕਣ ਕਿ ਅਸਲ ਵਿਚ ਚੱਲ ਕੀ ਰਿਹਾ ਹੈ। ਯੂਰਪ, ਰੂਸ, ਜਾਂ ਚੀਨ ਵਿੱਚ ਕੀ ਚੱਲ ਰਿਹਾ ਹੈ ਤੇ ਪੰਜਾਬ ਵਿੱਚ ਕੀ ਹੋ ਰਿਹਾ ਹੈ। ਪੇਤਲੀ ਸਮਝ 'ਚੋਂ ਨਿਕਲੀ ਹੋਛੀ ਨਾਅਰੇਬਾਜ਼ੀ ਨਾਲ ਪੰਜਾਬ ਦੀ ਧਰਤੀ ਦੇ ਉਜਾੜੇ ਦਾ ਮੁੱਢ ਅਸਲ ਵਿਚ ਬੰਨਿਆ ਹੀ ਕਾਮਰੇਡਾਂ ਨੇ। ਸਥਿਤੀ ਦਾ ਵਿਅੰਗ ਇਹ ਸੀ ਕਿ ਮਨੁੱਖੀ ਬਰਾਬਰੀ ਦੇ ਸਿਧਾਂਤ ਦੇ ਦਾਅਵੇਦਾਰ 'ਫਿਰਕੂ ਰਾਸ਼ਟਰਵਾਦੀ ਰਾਜ' ਦੇ ਹੱਥ ਠੋਕੇ ਬਣ ਕੇ ਰਹਿ ਗਏ। ਪੰਜਾਬ 'ਚ ਸ਼ਾਂਤੀ ਦੀਆਂ ਦੁਹਾਈਆਂ ਦੇਣ ਵਾਲੇ ਕਾਮਰੇਡਾਂ ਨੇ ਕਦੇ ਇਹ ਸਮਝਿਆ ਹੀ ਨਹੀਂ ਕਿ ਯੂਰਪ ਦੇ ਸੈਕੂਲਰ ਰਾਜ ਦੀ ਤਰਜ਼ 'ਤੇ ਹਿੰਦੂ ਰਾਸ਼ਟਰ ਦਾ ਉਸਾਰਿਆ ਜਾਣਾ ਅਸਲ ਵਿਚ ਸਮੱਸਿਆ ਹੈ। ਅਮਨ ਦੇ ਨਾਂ ਤੇ ਆਪਣੀ ਖੱਪ ਨੂੰ ਸਹੀ ਠਹਿਰਾਉਣ ਵਾਲੇ ਇਹ ਵੇਖਣ ਜੋਗਾ ਠਰੰਮਾ ਹੀ ਹਾਸਲ ਨਹੀਂ ਕਰ ਸਕੇ ਕਿ ਐਨਲਾਈਟਨਮੈਂਟ ਫਲਸਫ਼ੇ ਨਾਲ ਜੁੜੀ ਮੈਟਾਫਿਜ਼ਿਕਸ ਤੇ ਇਸ ਵਿਚੋਂ ਨਿਕਲਿਆ ਸਾਮਰਾਜਵਾਦੀ ਬਿਰਤਾਂਤ ਦੁਨੀਆਂ 'ਤੇ ਕਿਸ ਕਿਸਮ ਦੀਆਂ ਤਬਦੀਲੀਆਂ ਲਿਆ ਰਿਹਾ ਹੈ? ਇਸ ਨੂੰ ਦਿੱਤਾ ਗਿਆ ਮਾਰਕਸਵਾਦੀ ਜੁਆਬ ਅਸਲ ਵਿਚ ਕੀ ਸੀ? ਇਸ ਸਭ ਕੁਝ ਨੂੰ ਯੂਰਪ ਦੇ ਰੂਹਾਨੀ ਸੰਕਟ ਵਜੋਂ ਕਿਵੇਂ ਵੇਖਣਾ ਹੈ। ਈਸਾਈਅਤ ਦੇ ਨਾਂ ਤੇ ਗੋਰੀ ਨਸਲ ਨੂੰ ਜ਼ਮੀਨ ਮੁਹੱਈਆ ਕਰਵਾਉਣ ਵਾਲੇ ਹੇਗਲ ਨਾਲ਼ ਮਾਰਕਸ ਦਾ ਅਸਲ ਵਿੱਚ ਕੀ ਸੰਬੰਧ ਹੈ? ਮਾਰਕਸ ਹੇਗਲ ਦੇ ਘੇਰੇ ਤੋਂ ਕਿੰਨਾ ਕੁ ਬਾਹਰ ਹੈ? ਫਰਾਇਡ ਤੇ ਯੁੰਗ ਦੇ ਸੰਵਾਦ ਦੇ ਕੀ ਆਧਾਰ ਹਨ? ਦੈਰਿਦਾ ਦਾ ਨਿਤਸ਼ੇ, ਹਾਈਡਿਗਰ ਤੇ ਮੈਟਾਫਿਜ਼ਿਕਸ ਦੀ ਪੂਰੀ ਪਰੰਪਰਾ ਨਾਲ ਸੰਵਾਦ ਅਸਲ ਵਿੱਚ ਕੀ ਹੈ? ਇਹ ਕੁਝ ਸਵਾਲ ਹਨ ਜੋ ਮੈਂ ਅਜੇ ਸਿਰਫ ਸਾਹਮਣੇ ਲਿਆ ਰਿਹਾ ਹਾਂ, ਪਰ ਮੈਂ ਇਨ੍ਹਾਂ ਦੇ ਜਵਾਬ ਦੇਣ ਦੀ ਗੁਸਤਾਖੀ ਹਰਗਿਜ਼ ਨਹੀਂ ਕਰ ਰਿਹਾ। ਮੈਂ ਤਾਂ ਇਹ ਕਹਿ ਰਿਹਾ ਹਾਂ ਕਿ ਪੰਜਾਬੀ ਕਾਮਰੇਡ ਕਦੇ ਇਨ੍ਹਾਂ ਸਵਾਲਾਂ ਦੇ ਰੂਬਰੂ ਨਹੀਂ ਹੋਏ। ਉਨ੍ਹਾਂ ਨੇ ਚੱਜ ਨਾਲ ਮਾਰਕਸ ਨੂੰ ਵੀ ਨਹੀਂ ਸਮਝਿਆ। ਉਨ੍ਹਾਂ ਨੇ ਪੰਜਾਬ ਵਿੱਚ ਖਰੂਦ ਹੀ ਪਾਈ ਰੱਖਿਆ। ਉਨ੍ਹਾਂ ਦੀ ਕਵਿਤਾ ਪੰਜਾਬ ਦੇ ਗੀਤਾਂ ਨੂੰ ਖਾ ਗਈ ਤੇ ਉਨ੍ਹਾਂ ਦੀ ਗਲਪ ਨੇ ਪੰਜਾਬ ਦੇ ਰਿਸ਼ਤਿਆਂ ਦਾ ਘਾਣ ਕਰ ਦਿੱਤਾ। ਉਨ੍ਹਾਂ ਦੇ ਲੇਖਾਂ ਨੇ ਉਹ ਖੱਪ ਪਾਈ ਕਿ ਕਿਸੇ ਬੰਦੇ ਲਈ ਸੋਚਨ ਵਿਚਾਰਨ ਦੇ ਦੋ ਪਲ਼ ਹਾਸਲ ਕਰਨੇ ਮੁਹਾਲ ਹੋ ਗਏ।
ਇਹ ਕਮਿਊਨਿਸਟ ਜਦ ਇਹ ਦੁਹਾਈ ਪਾਉਂਦੇ ਹਨ ਕਿ ਰੰਗਲਾ ਪੰਜਾਬ ਕੁਝ ਕੱਟੜਵਾਦੀਆਂ ਨੇ ਉਜਾੜ ਕੇ ਰੱਖ ਦਿੱਤਾ, ਤਾਂ ਇਹ ਨਹੀਂ ਸਮਝਦੇ ਕਿ ਇਨ੍ਹਾਂ ਵੱਲੋਂ ਅਮਨ ਕਾਇਮ ਰੱਖਣ ਲਈ ਦਿੱਤੀ ਦੁਹਾਈ ਦਾ ਅਰਥ ਹੈ ਕਿ ਜੋ ਹੈ ਸੋ ਠੀਕ ਹੈ। ਭਾਰਤ ਦੀ ਇਕ ਕੌਮੀ ਰਾਜ ਤੌਰ 'ਤੇ ਹੋਈ ਕਾਇਮੀ ਇਕ ਕੁਦਰਤੀ ਵਰਤਾਰਾ ਹੈ ਤੇ ਇਸ ਦਾ ਬਦਲ ਇਸ ਦੇ ਆਰਥਿਕ ਤੇ ਸਿਆਸੀ ਢਾਂਚੇ ਦੀ ਤਬਦੀਲੀ ਹੀ ਹੈ। ਅਜਿਹਾ ਕਹਿੰਦਿਆਂ ਉਹ ਕੌਮੀ ਰਾਜ ਤੇ ਇਸ ਦੇ ਮਾਰਕਸਵਾਦੀ ਬਦਲ ਦੋਹਾਂ ਦੀ ਅਸਲੀਅਤ ਨਹੀਂ ਸਮਝਦੇ। ਪੰਜਾਬ ਦੇ ਕਾਮਰੇਡਾਂ ਨੂੰ ਇਹ ਜਾਨਣ ਦੀ ਲੋੜ ਹੈ ਕਿ ਖੱਬੇ ਪੱਖੀ ਤੇ ਸੱਜੇ ਪੱਖੀ ਹਿਗੇਲੀਅਨ ਇੱਕੋ ਘੇਰੇ ਵਿੱਚ ਕਿਵੇਂ ਘੁੰਮ ਰਹੇ ਹਨ। ਇੱਕ ਪਾਸੇ ਜਾਰਜ ਸੱਜੇ ਪੱਖੀ ਪੱਛਮੀ (ਖਾਸ ਕਰ ਅਮਰੀਕਨ) ਸਿਆਸਤਦਾਨ ਈਸਾਈਅਤ ਦੇ ਦਾਅਵੇਦਾਰ ਬਣ ਕੇ ਅੱਗੇ ਆ ਰਹੇ ਹਨ ਤੇ ਅਮਰੀਕਨ ਜਨਤਾ ਅਕਸਰ ਉਹਨਾਂ ਦੇ ਇਸ ਦਾਅਵੇ ਤੇ ਮੋਹਰ ਵੀ ਲਾਉਂਦੀ ਰਹੀ ਹੈ, ਦੂਜੇ ਪਾਸੇ ਫੂਕੋ ਦੀ ਧਾਰਾ ਨਾਲ ਸੰਬੰਧਿਤ ਵਿਦਵਾਨ ਅਮਰੀਕਨ ਪੂੰਜੀਵਾਦ ਬਾਰੇ ਸਖ਼ਤ ਸੁਰ ਅਪਣਾਉਂਦਿਆਂ, ਮਾਰਕਸਵਾਦੀ ਬਿਰਤਾਂਤ ਦੇ ਆਸਰੇ ਨਾਲ ਈਸਾਈਅਤ ਦੀ ਬਿਹਤਰ ਪ੍ਰੀਭਾਸ਼ਾ ਦੇਣ ਦੀ ਕੋਸ਼ਿਸ਼ ਕਰਦੇ ਹਨ। ਕਹਿਣ ਤੋਂ ਭਾਵ ਗੱਲ ਕੁਝ ਹੋਰ ਹੈ ਤੇ ਪੰਜਾਬ ਦੇ ਕਾਮਰੇਡ ਉਹਨੂੰ ਹੋਰ ਹੀ ਸਮਝ ਰਹੇ ਹਨ। ਉਨ੍ਹਾਂ ਦੀ ਮਾਰਕਸਵਾਦ ਬਾਰੇ ਸਮਝ ਬਹੁਤ ਸਿੱਧੜ ਜਿਹੀਆਂ ਧਾਰਨਾਵਾਂ 'ਤੇ ਆਧਾਰਿਤ ਹੈ। ਇਸ ਲਈ ਉਨ੍ਹਾਂ ਵੱਲੋਂ ਕੌਮੀ ਰਾਜ ਦੀ ਪ੍ਰੀਭਾਸ਼ਾ ਤੇ ਇਸ ਦੇ ਬਦਲ ਬਾਰੇ ਧਾਰਨ ਕੀਤੀ ਪਹੁੰਚ ਨੂੰ ਪ੍ਰਮਾਣਿਕ ਮੰਨਣ ਦਾ ਕੋਈ ਠੋਸ ਆਧਾਰ ਨਹੀਂ ਹੈ। ਕਹਿਣ ਨੂੰ ਤਾਂ ਜੀਅ ਕਰਦਾ ਹੈ ਕਿ ਉੱਤਰ ਆਧੁਨਿਕ ਬਿਰਤਾਂਤ ਦਾ ਅਨੁਭਵ ਅਜਿਹੀ ਸਥਿਤੀ ਵਿੱਚ ਮੱਦਦਗਾਰ ਸਾਬਤ ਹੋ ਸਕਦਾ ਹੈ, ਪਰ ਪੰਜਾਬ ਦੇ ਕਾਮਰੇਡਾਂ ਨੂੰ ਤਾਂ ਆਧੁਨਿਕਤਾਵਾਦੀ ਫਲਸਫੇ ਦਾ ਹੀ ਪਤਾ ਨਹੀਂ, ਉੱਤਰ-ਆਧੁਨਿਕਵਾਦ ਇਹ ਕੀ ਪੜ੍ਹਨਗੇ। ਇਸ ਲਈ ਖਾਲਿਸਤਾਨ ਦੀ ਲਹਿਰ ਦੇ ਸੰਬੰਧ ਵਿੱਚ ਅਮਨ ਕਾਨੂੰਨ ਦੇ ਨਾਂ 'ਤੇ ਪੰਜਾਬ ਦੇ ਕਾਮਰੇਡਾਂ ਵੱਲੋਂ ਮਚਾਏ ਰਾਮ-ਰੌਲੇ ਵਿੱਚ ਨਾ ਤਾਂ ਪੰਜਾਬ ਨਾਲ ਕੋਈ ਗੂੜ੍ਹੀ ਮੁਹੱਬਤ ਨਜ਼ਰ ਆਉਂਦੀ ਹੈ, ਨਾ ਹੀ ਸਥਿਤੀ ਦੀ ਸਹੀ ਸਮਝ। ਸਿੱਖਾਂ ਦੀ ਆਜ਼ਾਦੀ ਦੀ ਲੜਾਈ ਨੂੰ ਮਹਿਜ਼ ਇਸ ਕਰਕੇ ਨਕਾਰਨਾ ਕਿ ਰੰਗਲਾ ਪੰਜਾਬ ਉਜੜ ਗਿਆ, ਕਮਿਊਨਿਸਟਾਂ ਦੇ ਅਨੁਭਵ ਨੂੰ ਸਾਰੇ ਵਰਤਾਰੇ ਤੋਂ ਅਲਹਿਦਗੀ ਵਿੱਚ ਚਲਦਾ ਵਿਖਾਉਂਦਾ ਹੈ।
ਜੇ ਹੁਣ ਉਹਨਾਂ ਦੇ ਸੁਆਲ ਵੱਲ ਵਾਪਸ ਆਈਏ ਕਿ ਕੌਣ ਸਨ ਇਹ ਲੋਕ ਜਿਹਨਾਂ ਨੇ ਪੰਜਾਬ ਦੀ ਪਾਵਨ ਮਿੱਟੀ ਨੂੰ ਲਹੁ ਨਾਲ ਸਿੰਜ ਦਿੱਤਾ? ਤਾਂ ਮੈਂ ਕਹਿਣਾ ਚਾਹਾਂਗਾ ਕਿ ਉਹ ਲੋਕ ਸਨ ਜਿਹਨਾਂ ਨੇ ਪੰਜਾਬ ਦੇ ਹਾਸਿਆਂ ਦੀ ਬਜਾਏ ਇਸ ਦੇ ਹੰਝੂਆਂ ਦੀ ਪਛਾਣ ਕੀਤੀ। ਜਿਹਨਾਂ ਨੇ ਇਸ ਧਰਤੀ 'ਤੇ ਵੱਸਦੇ ਲੋਕ ਦਰਦ ਨੂੰ ਮੁਕੰਮਲ ਸੰਜੀਦਗੀ ਨਾਲ ਸਮਰਪਣ ਦਿੱਤਾ ਤੇ ਇਸ ਤੋਂ ਆਪਣਾ ਆਪ ਕੁਰਬਾਨ ਕਰ ਗਏ। ਉਨ੍ਹਾਂ ਨੇ ਮੌਤ ਨੂੰ ਇਸ ਅਹਿਸਾਸ ਨਾਲ ਗਲੇ ਲਾਇਆ ਕਿ ਧਰਤੀ ਦੀ ਮਿੱਟੀ ਬਹੁਤ ਪਾਵਨ ਹੈ, ਪਰ ਇਸ ਤੋਂ ਕੁਰਬਾਨ ਹੋਣ ਲਈ ਇਨਸਾਨ ਦੇ ਲਹੂ ਤੋਂ ਪਵਿੱਤਰ ਕੁਝ ਹੋਰ ਲੱਭਣਾ ਔਖਾ ਹੈ। ਇਹ ਸਨ ਉਹ ਲੋਕ ਜਿਨ੍ਹਾਂ ਨੇ ਹਿੰਦੁਸਤਾਨ ਵਿਚ ਸਥਾਪਤ ਹੋਏ ਜ਼ਿੰਦਗੀ ਦੇ ਰਾਹ ਨੂੰ ਅਨਿਆਂਕਾਰੀ ਜਾਣ ਕੇ ਚੁਣੌਤੀ ਦਿੱਤੀ। ਇਹ ਸਨ ਉਹ ਲੋਕ ਜਿਹੜੇ ਧਰਤੀ ਦੇ ਟੁਕੜੇ ਲਈ ਤਾਂ ਨਹੀਂ, ਪਰ ਧਰਤੀ ਦੇ ਇਸ ਹਿੱਸੇ ਤੇ ਆਪਣੀ ਤਰਜ਼ ਦੀ ਜ਼ਿੰਦਗੀ ਜਿਉਣ ਲਈ ਲੜੇ।
ਬਿਨਾਂ ਸ਼ੱਕ ਪੰਜਾਬ ਦੀ ਧਰਤੀ 'ਤੇ ਬਹੁਤ ਖੂਨ ਡੁਲਿਆ। ਇਕ ਦਮਨਕਾਰੀ ਰਾਜ, ਜਿਸ ਦੀਆ ਨੀਹਾਂ ਬਸਤੀਵਾਦੀ ਹਾਕਮਾਂ ਨੇ ਸਾਡੀ ਹਿੱਕ ਵਿਚ ਗੱਡੀਆਂ, ਦੀ ਹੋਂਦ ਨੂੰ ਚੁਣੌਤੀ ਦੇਣ ਤੇ ਉਸ ਦੇ ਹਾਕਮਾਂ ਨੇ ਖੂਨ ਖਰਾਬੇ ਦਾ ਰਾਹ ਅਖਤਿਆਰ ਕਰ ਲਿਆ। ਇਹਦੇ ਲਈ ਦੋਸ਼ੀ ਇਸ ਜਬਰ ਦੇ ਖਿਲਾਫ਼ ਲੜ-ਮਰਨ ਵਾਲੇ ਸਿੰਘ ਹਨ ਜਾਂ ਇਸ ਰਾਜ ਦੀ ਪੁਸ਼ਤਪਨਾਹੀ ਕਰਨ ਵਾਲੇ ਕਮਿਊਨਿਸਟ? ਇਹ ਠੀਕ ਹੈ ਕਿ ਸਿੱਖਾਂ ਦੇ ਇਕ ਹਿੱਸੇ ਨੇ ਆਪਣੇ ਆਪ ਨੂੰ ਇਸ ਲੜਾਈ ਤੋਂ ਅਲਹਿਦਗੀ 'ਤੇ ਰੱਖਿਆ। ਇਸ ਵਿਚ ਸ਼ੱਕ ਨਹੀਂ ਕਿ ਇਨਾਂ ਲੋਕਾਂ ਲਈ ਇਹ ਲੜਾਈ ਤੇ ਇਸ ਵਿਚ ਹਿੱਸਾ ਲੈਣ ਵਾਲੇ ਇਕ ਸਮੱਸਿਆ ਸੀ। ਪਰ ਸੁਆਲ ਤਾਂ ਇਹ ਹੈ ਕਿ ਇਨ੍ਹਾਂ ਲੋਕਾਂ ਦੀ ਚੁੱਪ ਤੇ ਅਲਹਿਦਗੀ ਬਾਰੇ ਅਸੀਂ ਕੀ ਸਮਝ ਬਣਾਉਣੀ ਹੈ? ਇਸ ਸੰਬੰਧ ਵਿਚ ਮੇਰੀ ਸਮਝ ਇਹ ਹੈ ਕਿ ਅਜਿਹੀ ਪਹੁੰਚ ਭਾਰਤੀ ਸੰਵਿਧਾਨਕ ਢਾਂਚੇ ਨੂੰ ਇਕ ਵਾਜਬ ਤੇ ਸਥਿਰ ਵਰਤਾਰੇ ਵਜੋਂ ਮਾਨਤਾ ਦੇਣ ਵਜੋਂ ਹੋਈ ਜੋ ਕਿ ਇਸ ਢਾਂਚੇ ਲਈ ਕੰਮ ਕਰਦੇ ਲੋਕਾਂ ਵੱਲੋਂ ਆਉਣੀ ਕੁਦਰਤੀ ਹੈ। ਜੋ ਕਿ ਇਸ ਵਰਤਾਰੇ ਨੂੰ ਚੁਣੌਤੀ ਦੇਣ ਵਾਲੇ ਕਿਸੇ ਸੰਜੀਦਾ ਦਾਰਸ਼ਨਿਕ ਬਿਰਤਾਂਤ ਦੀ ਗ਼ੈਰ-ਹਾਜ਼ਰੀ ਵਿਚ ਸੁਭਾਵਿਕ ਹੋ ਨਿੱਬੜਦੀ ਹੈ। ਭਾਰਤੀ ਸੰਵਿਧਾਨਕ ਢਾਂਚਾ ਬਸਤੀਵਾਦੀ ਹਾਕਮ ਅੰਗਰੇਜ਼ ਦੀ ਜੀਵਨ ਦ੍ਰਿਸ਼ਟੀ ਦੇ ਫੈਲਾਅ ਵਿਚੋਂ ਨਿਕਲਿਆ ਵਰਤਾਰਾ ਹੈ। ਯੂਰਪੀਨ ਬਸਤੀਵਾਦੀ ਆਪਣੀ ਜੀਵਨ ਤਰਜ਼ ਦਾ ਸਗਲ ਵਿਆਪੀਕਰਨ ਕਰ ਲੈਣ ਵਿਚ ਸਫਲ ਹੋਏ ਹਨ। ਸਿੱਟੇ ਵਜੋਂ ਉਨ੍ਹਾਂ ਦੀਆਂ ਸਮੱਸਿਆਵਾਂ ਖਾਹਮਖਾਹ ਹੀ ਸਾਰੀ ਦੁਨੀਆ ਦੀਆਂ ਸਮੱਸਿਆਵਾਂ ਬਣ ਗਈਆਂ ਤੇ ਉਨ੍ਹਾਂ ਵੱਲੋਂ ਸੁਝਾਇਆ ਹਰ ਹੱਲ ਸਾਰੀ ਦੁਨੀਆਂ ਲਈ ਇਕੋ ਇਕ ਹੱਲ ਹੋ ਕੇ ਰਹਿ ਗਿਆ। ਪੱਛਮੀ ਸਾਮਰਾਜੀਆਂ ਵੱਲੋਂ ਸਾਰੀ ਦੁਨੀਆਂ ਦੇ ਉਲਟ ਵਿੱਢੀ ਲੜਾਈ ਅਸਲ ਵਿਚ ਇਹੋ ਹੈ ਕਿ ਮੇਰੇ ਹਿਸਾਬ ਨਾਲ ਜਿਉਂ, ਨਹੀਂ ਤਾਂ ਮਰ। ਸਿੱਖਾਂ ਦੀ ਆਜ਼ਾਦੀ ਦੀ ਲੜਾਈ ਨੂੰ ਸਮੱਸਿਆ ਸਮਝਣ ਵਾਲੇ ਸਥਾਪਤ ਸਿਸਟਮ ਵਿਚ ਜੀਵਨ ਬਤੀਤ ਕਰਨ ਨੂੰ ਤਰਜੀਹ ਦੇਣ ਵਾਲੇ ਜਾਂ ਬੱਸ ਇਸਦੇ ਆਦੀ ਹੋ ਚੁੱਕੇ ਲੋਕ ਹਨ। ਆਪਣੀ ਜੀਵਨ ਤਰਜ਼ ਬਰਕਰਾਰ ਰੱਖਣ ਲਈ ਤੇ ਆਪਣੇ ਹੱਕ ਹਾਸਲ ਕਰਨ ਲਈ ਜੰਗ ਦੇ ਮੈਦਾਨ ਵਿਚ ਲੜਨ ਵਾਲੇ ਜੁਝਾਰੂ ਸਿੰਘ ਅਜਿਹੇ ਲੋਕਾਂ ਲਈ ਸਮੱਸਿਆ ਹਨ। ਕਿਉਂਕਿ ਲੜਾਈ 'ਚੋਂ ਨਿਕਲਣ ਵਾਲੀ ਸਾਰਥਕ ਤਬਦੀਲੀ ਤਾਂ ਸ਼ਾਇਦ ਜਿੱਤ ਤੋਂ ਬਾਅਦ ਹੀ ਸਾਹਮਣੇ ਆਉਂਦੀ ਹੈ, ਪਰ ਤਬਾਹੀ ਤਾਂ ਲੜਾਈ ਦਾ ਪਹਿਲਾ ਤੇ ਸਿੱਧਾ ਨਤੀਜਾ ਹੈ। ਅੱਜ ਜਿਹੇ ਦੌਰਾਂ ਵਿਚ, ਜਦੋਂ ਸੰਸਾਰ ਦਾ ਵਪਾਰੀਕਰਨ ਕਰਨ ਵਾਲੇ ਬਿਰਤਾਂਤ ਮਨੁੱਖੀ ਮਨ ਨੂੰ ਸ਼ਕਲ ਦਿੰਦੇ ਹਨ, ਅਜਿਹੀ ਸਮਝ ਜ਼ਿਆਦਾ ਫੈਲਦੀ ਹੈ।
ਕਾਮਰੇਡਾਂ ਨੂੰ ਚਾਹੀਦਾ ਹੈ ਕਿ ਮਾਰਕਸਵਾਦ ਨਾਲ਼ ਆਪਣੀ ਪ੍ਰਤੀਬੱਧਤਾ, ਜਿਸ ਦਾ ਕਿ ਉਹ ਦਾਅਵਾ ਕਰਦੇ ਹਨ, ਦੇ ਮੱਦੇ ਨਜ਼ਰ, ਇਸ ਚਿੰਤਨਧਾਰਾ ਪ੍ਰਤੀ ਆਪਣੀ ਸਮਝ ਸਾਂਝੀ ਕਰਦੇ ਹੋਏ ਇਹ ਸਪੱਸ਼ਟ ਕਰਨ ਕਿ ਜ਼ਿੰਦਗੀ ਨੂੰ ਇਤਿਹਾਸਕ ਤੇ ਦਵੰਦਾਤਮਕ ਪਦਾਰਥਵਾਦ ਦੇ ਨੁਕਤੇ ਤੋਂ ਪ੍ਰੀਭਾਸ਼ਿਤ ਤੇ ਸੰਗਠਿਤ ਕਰਨ ਦੇ ਅਸਲ ਵਿੱਚ ਕੀ ਪ੍ਰਭਾਵ ਹਨ?






ਮਨ ਘੜਤ ਕਹਾਣੀ ਹੈ ਇਤਿਹਾਸ ਪੜ ਵੀਰ। ਪਰ ਥੋਨੂੰ ਕੀ ਲੋੜ ਹੈ ਤੂਸੀ ਤਾ ਭਲੇਖੈ ਚ ਰਖ ਕੇ ਰੋਟੀ ਦਾ ਮਸਲਾ ਹੱਲ ਕਰਨ
ReplyDelete