deshpunjabtimes.blogspot.com

Friday, 11 May 2012

ਪੰਜਾਬ ਸੰਤਾਪ ਦੌਰਾਨ ਸ਼ਹੀਦਾਂ ਦੇ ਬੱਚੇ ਵਿਕਾਸ ਦੇ ਰਾਹਾਂ 'ਤੇ\ਪ੍ਰੋ. ਬਲਵਿੰਦਰਪਾਲ ਸਿੰਘ

 ਪੜ੍ਹਾਈ 'ਚ ਸਰ ਕਰ ਰਹੇ ਨੇ ਨਵੀਆਂ ਮੰਜ਼ਲਾਂ 
ਆਪਣੇ ਬੀਤੇ ਨੂੰ ਨਹੀਂ ਭੁੱਲੇ ਸ਼ਹੀਦਾਂ ਦੇ ਬੱਚੇ, ਪਰ ਸਿੱਖ ਕੌਮ ਦੇ ਹਿੱਤ ਲਈ ਕਰ ਗੁਜ਼ਰਨ ਦੇ ਚਾਹਵਾਨ
                   bibi sandeep kaur   98558-03391

    
ਬੀਬੀ ਕਾਸ਼ਤੀਵਾਲ ਤੇ ਬੀਬੀ ਸੋਹਨਜੀਤ ਨੇ ਸ਼ਹੀਦ ਪਰਿਵਾਰਾਂ ਦੇ ਬੱਚਿਆਂ ਦੀ ਸੰਭਾਲ ਕਰਕੇ  ਨਿਭਾਈ ਇਤਿਹਾਸਕ ਭੂਮਿਕਾ
ਪੰਜਾਬ ਸੰਤਾਪ ਦੌਰਾਨ ਬਹੁਤ ਸਾਰੇ ਸਿੰਘ, ਸਿੰਘਣੀਆਂ ਸ਼ਹੀਦ ਹੋਏ ਹਨ। ਉਨ੍ਹਾਂ ਦੇ ਬੱਚਿਆਂ ਨੇ ਉਸ ਸਮੇਂ ਜੋ ਸੰਤਾਪ ਦੇ ਪੱਲ ਹੰਡਾਏ ਹਨ, ਉਨ੍ਹਾਂ ਤੋਂ ਪਾਰ ਹੋ ਕੇ ਉਹ ਪੜ੍ਹਾਈ ਵਿੱਚ ਵਿਕਾਸ ਦੀਆਂ ਪੁਲਾਘਾਂ ਪੁੱਟ ਰਹੇ ਹਨ। ਭਾਵੇਂ ਉਹ ਆਪਣੇ ਬੀਤੇ ਨੂੰ ਨਹੀਂ ਭੁੱਲੇ, ਪਰ ਉਹ ਪੜ੍ਹਾਈ ਵਿੱਚ ਅਹਿਮ ਪ੍ਰਾਪਤੀਆਂ ਕਰਕੇ ਸਿੱਖ ਕੌਮ ਦੇ ਹਿੱਤ ਲਈ ਕਰ ਗੁਜ਼ਰਨ ਦੇ ਚਾਹਵਾਨ ਹਨ। ਖਾਸ ਕਰਕੇ ਉਹ ਸਮੇਂ ਦੇ ਬੱਚੇ ਤੇ ਅੱਜ ਜਵਾਨੀ ਦੀਆਂ ਦਹਿਲੀਜ਼ਾਂ ਪਾਰ ਕਰ ਰਹੇ ਨੌਜਵਾਨ ਤੇ ਮੁਟਿਆਰਾਂ, ਜੋ ਬੀਬੀ ਸੰਦੀਪ ਕੌਰ ਕਾਸ਼ਤੀਵਾਲ ਅਤੇ ਬੀਬੀ ਸੋਹਨਜੀਤ ਕੌਰ ਵੱਲੋਂ ਅਲੱਗ-ਅਲੱਗ ਸਥਾਨਾਂ 'ਤੇ ਚਲਾਏ ਜਾ ਰਹੇ ਅਨਾਥ ਆਸ਼ਰਮਾਂ ਵਿਚ ਪਲ਼ ਰਹੇ ਹਨ, ਪੜ੍ਹ ਰਹੇ ਹਨ ਤੇ ਬਿਨਾਂ ਸ਼ਿਕਵਿਆਂ ਦੇ ਆਪਣੀ ਜ਼ਿੰਦਗੀ ਜਿਊਂ ਰਹੇ ਹਨ। ਹੱਥਲੇ ਕਾਲਮ ਵਿਚ ਪੰਜਾਬ ਸੰਤਾਪ ਦੌਰਾਨ ਸ਼ਹੀਦ ਹੋਏ ਸਿੱਖ ਪਰਿਵਾਰਾਂ ਦੇ ਬੱਚਿਆਂ ਵਿਚੋਂ ਕੁਝ ਇਕ ਦੀ ਅੱਜ ਦੀ ਸਥਿਤੀ ਸਾਂਝੀ ਕਰ ਰਹੇ ਹਾਂ ਕਿ ਜਿਨ੍ਹਾਂ ਦੇ ਸਾਰੇ ਰਿਸ਼ਤੇ-ਨਾਤੇ ਉਸ ਸੰਘਰਸ਼ ਦੀ ਬਲੀ ਚੜ੍ਹ ਗਏ। ਇਸ ਦੁਖਾਂਤ ਦੇ ਬਾਵਜੂਦ ਉਨ੍ਹਾਂ ਨੇ ਹਿੰਮਤ ਨਹੀਂ ਹਾਰੀ ਤੇ ਆਪਣੇ ਜੀਵਨ ਦੀਆਂ ਮੰਜਲਾਂ ਤਹਿ ਕੀਤੀਆਂ ਹਨ।

ਕੰਵਰਦੀਪ ਸਿੰਘ
ਬੱਬਰ ਖਾਲਸਾ ਇੰਟਰਨੈਸ਼ਨਲ ਦੇ ਧਰਮ ਸਿੰਘ ਕਾਸ਼ਤੀਵਾਲ ਨੇ 1992 ਵਿਚ ਪੰਜਾਬ ਪੁਲਿਸ ਤੋਂ ਬਚਣ ਲਈ ਸਾਈਨਾਇਡ ਨਿਗਲ ਲਿਆ ਸੀ। ਧਰਮ ਸਿੰਘ ਦੀ ਸ਼ਹਾਦਤ ਤੋਂ ਕੁਝ ਮਹੀਨਿਆਂ ਬਾਅਦ ਉਨ੍ਹਾਂ ਦੀ ਧਰਮ ਪਤਨੀ ਸੰਦੀਪ ਕੌਰ ਦੇ ਘਰ ਕੰਵਰਦੀਪ ਸਿੰਘ ਦਾ ਜਨਮ ਹੋਇਆ ਸੀ। ਜਿਹੜਾ ਕਰੀਬ 20 ਸਾਲ ਦਾ ਹੈ। ਕੰਵਰਦੀਪ ਚੰਡੀਗੜ੍ਹ ਦੇ ਐਨੀਮੇਸ਼ਨ ਸਟੂਡੀਓ ਫਰੇਮਬਾਕਸ ਦੇ ਪਹਿਲੇ ਬੈਚ ਦੇ ਵਿਦਿਆਰਥੀ ਹਨ ਤੇ ਉਸ ਨੂੰ ਮਿਲ ਕੇ ਕੋਈ ਵੀ ਅੰਦਾਜ਼ਾ ਨਹੀਂ ਲਾ ਸਕਦਾ ਕਿ ਉਸ ਦਾ ਅਤੀਤ ਪੰਜਾਬ ਸੰਤਾਪ ਨਾਲ ਜੁੜਿਆ ਹੋਇਆ ਹੈ। ਅੰਗਰੇਜ਼ੀ ਫਿਲਮਾਂ ਖਾਸ ਕਰਕੇ ਐਕਸ਼ਨ ਅਤੇ ਸਾਇੰਸ ਫਿਕਸ਼ਨ ਦਾ ਬੇਹੱਦ ਸ਼ੌਕੀਨ ਹੈ। ਉਹ ਹਾਲੀਵੁੱਡ ਜਾਣਾ ਚਾਹੁੰਦਾ ਹੈ। ਉਸ ਨੂੰ ਵਿੰਪਾਇਰ ਫਿਲਮਾਂ, ਹੱਲੇ-ਗੁੱਲੇ ਵਾਲੇ ਸੰਗੀਤ ਅਤੇ ਸੋਸ਼ਲ ਨੈਟਵਰਕਿੰਗ ਸਾਈਟਸ ਉੱਤੇ ਸਮਾਂ ਬਿਤਾਉਣਾ ਚੰਗਾ ਲੱਗਦਾ ਹੈ।

ਰਾਜ ਕੌਰ
ਪਟਿਆਲਾ ਜ਼ਿਲ੍ਹੇ ਦੇ ਪਿੰਡ ਕੱਲਰ ਭੈਣੀ ਦੇ ਮਿਲਖਾ ਸਿੰਘ ਨੂੰ 1992 'ਚ ਤਰਨ ਤਾਰਨ ਨੇੜੇ ਇੱਕ ਪੁਲਿਸ ਮੁਕਾਬਲੇ ਵਿਚ ਮਾਰ ਦਿੱਤਾ ਗਿਆ ਸੀ। ਰਾਜ ਕੌਰ (25 ਸਾਲ) ਮਿਲਖਾ ਸਿੰਘ ਦੀ ਅਨਾਥ ਹੋਈ ਧੀ ਹੈ, ਜੋ ਕੱਲਰ ਭੈਣੀ ਦੇ ਮਾਤਾ ਗੁਜਰੀ ਸਹਾਰਾ ਟਰੱਸਟ ਅਨਾਥ ਆਸ਼ਰਮ ਵਿਚ ਪਲ਼ੀ ਪੜ੍ਹੀ ਹੈ। ਉਸ ਜਿਹੀਆਂ ਹੋਰ ਕਈ ਧੀਆਂ ਇਸ ਆਸ਼ਰਮ ਦੀ ਛੱਤ ਹੇਠ ਜਵਾਨ ਹੋਈਆਂ ਹਨ। ਪਿਛਲੇ ਦਿਨੀਂ ਰਾਜ ਕੌਰ ਦਾ ਇੱਕ ਪ੍ਰਵਾਸੀ ਪੰਜਾਬੀ ਰੌਸ਼ਨ ਸਿੰਘ (ਇੰਗਲੈਂਡ) ਨਾਲ ਅਨਾਥ ਆਸ਼ਰਮ ਵਿਚ ਵਿਆਹ ਹੋਇਆ। ਰਾਜ ਕੌਰ ਮੈਡੀਕਲ ਲੈਬ ਟੈਕਨੀਸ਼ੀਅਨ ਹੈ। ਹੁਣ ਉਹ ਆਪਣੇ ਪਤੀ ਨਾਲ ਬ੍ਰਿਟੇਨ ਜਾ ਵਸੇਗੀ। ਉਸ ਦੇ ਪਤੀ ਰੌਸ਼ਨ ਸਿੰਘ ਲੰਡਨ ਵਿਚ ਕੈਂਸਰ ਚੈਰਿਟੀ ਵਿਚ ਕੰਮ ਕਰਦੇ ਹਨ।

ਸੁਖਜਿੰਦਰ ਕੌਰ
ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਸੁਖਦੇਵ ਸਿੰਘ ਬਲੱਗਣ ਨੂੰ 1992 ਵਿਚ ਅੰਮ੍ਰਿਤਸਰ ਦੇ ਦੁਰਗਿਆਣਾ ਮੰਦਿਰ ਦੇ ਐਨ ਸਾਹਮਣੇ ਹੋਏ ਪੁਲਿਸ ਮੁਕਾਬਲੇ ਵਿਚ ਮਾਰ ਦਿੱਤਾ ਗਿਆ ਸੀ। ਉਸ ਦੇ ਦੋ ਬੱਚੇ ਸਨ—ਸੁਖਜਿੰਦਰ ਕੌਰ ਅਤੇ ਸਤਿੰਦਰਪਾਲ ਸਿੰਘ, ਜੋ ਰਿਸ਼ਤੇਦਾਰਾਂ ਵੱਲੋਂ ਠੁਕਰਾਏ ਜਾਣ ਤੋਂ ਬਾਅਦ 1996 ਵਿਚ ਸੁਲਤਾਨਵਿੰਡ ਵਿਚ ਬਣੇ ਸ਼ਹੀਦ ਧਰਮ ਸਿੰਘ ਖਾਲਸਾ ਟਰੱਸਟ ਅਨਾਥ ਆਸ਼ਰਮ ਵਿਚ ਆ ਗਏ ਸਨ। ਸੁਖਜਿੰਦਰ ਕੌਰ ਕੰਪਿਊਟਰ ਦੀ ਸਿਖਲਾਈ ਲੈ ਰਹੀ ਹੈ ਅਤੇ ਅਧਿਆਪਕਾ ਬਣਨਾ ਚਾਹੁੰਦੀ ਹੈ। ਉਸ ਦਾ ਭਰਾ ਵੀ ਇਸੇ ਅਨਾਥ ਆਸ਼ਰਮ ਰਾਹੀਂ ਉੱਚ ਵਿੱਦਿਆ ਹਾਸਲ ਕਰ ਰਿਹਾ ਹੈ।

ਸ਼ਰਨਜੀਤ ਕੌਰ
ਜੈਮਲ ਸਿੰਘ ਅਸਲਪੁਰੇ ਨੂੰ 1992 ਵਿਚ ਦਸੰਬਰ ਮਹੀਨੇ ਪੁਲਿਸ ਨੇ ਇਹ ਕਹਿ ਕੇ ਚੁੱਕਿਆ ਸੀ ਕਿ ਉਹ ਖਾੜਕੂਆਂ ਨੂੰ ਪਨਾਹ ਦਿੰਦਾ ਹੈ। ਇਸ ਤੋਂ ਬਾਅਦ ਜੈਮਲ ਸਿੰਘ ਦਾ ਕੋਈ ਪਤਾ ਨਹੀਂ। ਸ਼ਰਨਜੀਤ ਕੌਰ ਜੈਮਲ ਸਿੰਘ ਦੀ ਧੀ ਹੈ, ਜੋ ਅੱਜ 20 ਸਾਲ ਦੀ ਹੋ ਚੁੱਕੀ ਹੈ। ਉਹ ਵੀ ਸ਼ਹੀਦ ਧਰਮ ਸਿੰਘ ਖਾਲਸਾ ਟਰੱਸਟ ਦੇ ਅਨਾਥ ਆਸ਼ਰਮ ਵਿਚ ਰਹਿੰਦੀ ਹੈ। ਫੈਸ਼ਨ ਡਿਜ਼ਾਈਨਿੰਗ ਉਸ ਦੀ ਰੁਚੀ ਹੈ। ਉਹ ਚਾਹੁੰਦੀ ਹੈ ਕਿ ਅਜਿਹੇ ਭਾਰਤੀ ਪਹਿਰਾਵੇ ਤਿਆਰ ਕਰੇ, ਜੋ ਕਿਸੇ ਵੀ ਤਰ੍ਹਾਂ ਦਾ ਅੰਗ ਪ੍ਰਦਰਸ਼ਨ ਕੀਤੇ ਬਿਨਾਂ ਮਾਡਲਾਂ ਨੂੰ ਰੈਂਪ ਉੱਤੇ ਪਹਿਨਾਏ ਜਾ ਸਕਣ।

ਸਿਮਰਨਜੀਤ ਕੌਰ
ਐੱਮ. ਬੀ. ਏ. ਦੀ ਪੜ੍ਹਾਈ ਕਰ ਰਹੀ 24 ਸਾਲਾ ਸਿਮਰਨਦੀਪ ਕੌਰ ਨੂੰ ਬੀਤੇ ਦੀਆਂ ਧੁੰਦਲੀਆਂ ਜਿਹੀਆਂ ਯਾਦਾਂ ਕਦੀ-ਕਦੀ ਪ੍ਰੇਸ਼ਾਨ ਕਰਦੀਆਂ ਹਨ। ਉਹ ਦੱਸਦੀ ਹੈ ਕਿ ਜੰਮੂ ਵਿਚਲੇ ਉਨ੍ਹਾਂ ਦੇ ਘਰ ਪੰਜਾਬ ਪੁਲਿਸ ਨੇ ਅੱਧੀ ਰਾਤ ਛਾਪਾ ਮਾਰਿਆ ਸੀ, ਕਿਉਂਕਿ ਉਸ ਦੀ ਮਾਂ ਮਾਨ ਕੌਰ ਖਾਲਿਸਤਾਨ ਜਿੰਦਾਬਾਦ ਫੋਰਸ ਦੇ ਮੁਖੀ ਰਣਜੀਤ ਸਿੰਘ ਨੀਟਾ ਦੀ ਭਤੀਜੀ ਸੀ। ਬਸ, ਇਹੋ ਇਸ ਪਰਿਵਾਰ ਦਾ ਦੋਸ਼ ਸੀ। ਹਾਲਾਂਕਿ ਮਾਨ ਕੌਰ ਦਾ ਨੀਟਾ ਅਤੇ ਉਸ ਦੇ ਪਰਿਵਾਰ ਨਾਲ ਵੀ ਕੋਈ ਸੰਬੰਧ ਨਹੀਂ ਸੀ, ਪਰ ਪੰਜਾਬ ਪੁਲਿਸ ਨੇ ਉਸ ਨੂੰ ਹਿਰਾਸਤ ਵਿਚ ਲਿਆ। ਦਿੱਲੀ ਦੀ ਤਿਹਾੜ ਜੇਲ ਵਿਚ ਸੁੱਟ ਦਿੱਤਾ ਗਿਆ, ਫਿਰ ਜੰਮੂ-ਕਸ਼ਮੀਰ ਪੁਲਿਸ ਨੇ ਸਿਮਰਨਜੀਤ ਦੇ ਟਰੱਕ ਡਰਾਈਵਰ ਪਿਤਾ ਜਗਦੀਸ਼ ਸਿੰਘ ਨੂੰ ਹਿਰਾਸਤ ਵਿਚ ਲੈ ਲਿਆ। ਇਕੱਲੀ ਰਹਿ ਗਈ ਸਿਮਰਨਜੀਤ ਨੂੰ ਮਾਤਾ ਗੁਜਰੀ ਟਰੱਸਟ ਨੇ ਗੋਦ ਲੈ ਲਿਆ। ਅੱਜ ਉਹ ਐੱਮ. ਬੀ. ਏ. ਕਰ ਰਹੀ ਹੈ ਅਤੇ ਨਾਲ ਹੀ ਪੀ. ਸੀ. ਐੱਸ. ਦੀ ਟੈਸਟ ਦੀ ਤਿਆਰੀ ਵੀ। ਉਹ ਅਜਿਹਾ ਸਿਸਟਮ ਚਾਹੁੰਦੀ ਹੈ ਕਿ ਪੁਲਿਸ ਆਪਣੀ ਮਰਜ਼ੀ ਨਾਲ ਕਿਸੇ ਦੇ ਘਰ ਨਾ ਵੜੇ ਅਤੇ ਬਿਨਾਂ ਕਸੂਰੋਂ ਕਿਸੇ ਉੱਤੇ ਤਸ਼ੱਦਦ ਨਾ ਕਰੇ, ਪਰ ਉਦਾਸ ਵੀ ਹੋ ਜਾਂਦੀ ਹੈ ਕਿ ਉਸ ਦੀ ਇਹ ਇੱਛਾ ਦੇਸ਼ ਦੇ ਕਿਸੇ ਵੀ ਕੋਨੇ ਵਿਚ ਪੂਰੀ ਹੁੰਦੀ ਨਹੀਂ ਦਿਸਦੀ।

ਹਰਦੀਪ ਸਿੰਘ
ਤਰਨ ਤਾਰਨ ਦੇ ਪਿੰਡ ਮੱਖੀ ਕਲਾਂ ਦੀ ਧੁੰਦਲੀ ਜਿਹੀ ਯਾਦ ਅਨਾਥ ਆਸ਼ਰਮ ਵਿਚ ਰਹਿ ਰਹੇ 20 ਸਾਲਾਂ ਦੇ ਹੋ ਚੁੱਕੇ ਹਰਦੀਪ ਸਿੰਘ ਨੂੰ ਅੱਜ ਵੀ ਹੈ। ਖ਼ਾਸ ਕਰਕੇ ਉਹ ਘੜੀ ਜਦੋਂ ਖਾਕੀਧਾਰੀ ਵਰਦੀ ਵਿਚ ਕੁਝ ਲੋਕ ਉਸ ਦੇ ਘਰ ਆਏ ਸਨ। 1993 ਵਿਚ ਮਾਰਚ ਦੇ ਮਹੀਨੇ ਉਸ ਦੇ ਚਾਚਾ ਗੁਰਬਚਨ ਸਿੰਘ ਮਾਨੋਚਾਹਲ ਨੂੰ ਰਟੌਲ ਪਿੰਡ ਦੇ ਬਾਹਰ ਮੁਕਾਬਲਾ ਬਣਾ ਕੇ ਮਾਰ ਦਿੱਤਾ ਗਿਆ ਸੀ। ਮਾਨੋਚਾਹਲ ਭਿੰਡਰਾਂਵਾਲਾ ਟਾਈਗਰਜ਼ ਫੋਰਸ ਆਫ਼ ਖਾਲਿਸਤਾਨ ਦਾ ਮੁਖੀ ਮਾਨੋਚਾਹਲ ਦੇ ਮਾਰੇ ਜਾਣ ਤੋਂ ਬਾਅਦ ਹਰਦੀਪ ਦੇ ਪਿਤਾ ਜਗਤਾਰ ਜੱਗਾ ਨੇ ਇਸ ਲਹਿਰ ਨਾਲ ਨਾਤਾ ਤੋੜ ਲਿਆ ਅਤੇ ਆਪਣੇ ਪਰਿਵਾਰ ਦੀ ਜ਼ਿੰਮੇਵਾਰੀ ਚੁੱਕਣ ਲਈ ਯੂ. ਪੀ. ਵਿਚ ਟਰੱਕ ਡਰਾਈਵਰੀ ਸ਼ੁਰੂ ਕਰ ਦਿੱਤੀ, ਪਰ ਦੋ ਸਾਲ ਬਾਅਦ 1995 ਵਿਚ ਉਸ ਦੀ ਇੱਕ ਹਾਦਸੇ ਵਿਚ ਮੌਤ ਹੋ ਗਈ। ਕਮਾਈ ਦਾ ਕੋਈ ਸਾਧਨ ਨਾ ਹੋਣ ਕਰਕੇ ਅਤੇ ਖਾਲਿਸਤਾਨੀ ਪਿਛੋਕੜ ਹੋਣ ਕਰਕੇ ਰਿਸ਼ਤੇਦਾਰਾਂ ਨੇ ਮੂੰਹ ਮੋੜ ਲਿਆ ਅਤੇ ਹਰਦੀਪ ਸਿੰਘ ਨੂੰ ਇੱਕ ਅਨਾਥ ਆਸ਼ਰਮ ਨੇ ਪਨਾਹ ਦਿੱਤੀ, ਜਿਥੇ ਉਸ ਵਰਗੇ ਖਾਲਿਸਤਾਨੀ ਸੰਘਰਸ਼ ਦੇ ਅਨਾਥ ਬੱਚੇ ਪਲ਼ ਰਹੇ ਹਨ। ਇਥੇ ਉਹ ਪਟਿਆਲਾ ਦੇ ਇੱਕ ਕਾਲਜ ਵਿਚ ਇਲੈਕਟ੍ਰਾਨਿਕਸ ਅਤੇ ਕਮਿਊਨੀਕੇਸ਼ਨਜ਼ ਦੀ ਇੰਜੀਨੀਅਰਿੰਗ ਕਰ ਰਿਹਾ ਹੈ। ਉਸ ਦਾ ਸੁਪਨਾ ਕਾਮਯਾਬ ਇੰਜੀਨੀਅਰ ਬਣਨ ਦਾ ਹੈ।

ਜਸਵਿੰਦਰ ਕੌਰ
ਖਾਲਿਸਤਾਨੀ ਜਥੇਬੰਦੀ ਨਾਲ ਸੰਬੰਧ ਹੋਣ ਦੇ ਦੋਸ਼ ਵਿਚ 1994 ਵਿਚ ਕੁਲਵੰਤ ਸਿੰਘ ਨੂੰ ਮਾਰ ਦਿੱਤਾ ਗਿਆ ਸੀ। ਉਸਦੀ ਧੀ ਜਸਵਿੰਦਰ ਕੌਰ (18 ਸਾਲ) ਆਪਣੇ ਵਰਗੇ ਸੈਂਕੜੇ ਬੱਚਿਆਂ ਨਾਲ ਅਨਾਥ ਆਸ਼ਰਮ ਵਿਚ ਰਹਿ ਰਹੀ ਹੈ ਅਤੇ ਆਪਣੀ ਜ਼ਿੰਦਗੀ ਦਾ ਰਾਹ ਆਪ ਚੁਣਨ ਦੇ ਸਮਰੱਥ ਹੋ ਰਹੀ ਹੈ। ਪੂਰਨ ਗੁਰਸਿੱਖ ਰੂਪ ਵਿਚ ਸਜੀ ਇਹ ਬੱਚੀ ਕਬੱਡੀ ਦੀ ਹੋਣਹਾਰ ਖਿਡਾਰੀ ਹੈ। 2007 ਵਿਚ ਉਹ ਕਬੱਡੀ ਜੂਨੀਅਰ ਨੈਸ਼ਨਲ ਵਿਚ ਪੰਜਾਬ ਵੱਲੋਂ ਖੇਡੀ ਸੀ। ਉਂਝ ਉਸਦੀ ਰੁਚੀ ਅਧਿਆਪਕਾ ਬਣਨ ਦੀ ਹੈ। ਕਲਾ ਉਸ ਅੰਦਰ ਕੁਟ-ਕੁਟ ਕੇ ਭਰੀ ਹੋਈ ਹੈ। ਚਾਰਕੋਲ ਦੇ ਪੋਰਟਰੇਟ ਬਣਾਉਣਾ ਉਸਦਾ ਸ਼ੌਂਕ ਹੈ। ਮਾਤਾ ਗੁਜਰੀ ਟਰੱਸਟ ਵਿਚ ਰਹਿ ਰਹੀ ਅਤੇ ਕੱਲਰ ਭੈਣੀ ਦੇ ਨੇੜੇ ਸਥਿਤ ਸੰਤ ਕਿਰਪਾਲ ਅਕੈਡਮੀ ਵਿਚ 12ਵੀਂ ਜਮਾਤ ਵਿਚ ਪੜ੍ਹ ਰਹੀ ਜਸਵਿੰਦਰ ਕੌਰ ਮਾਸੂਮੀਅਤ ਨਾਲ ਕਹਿੰਦੀ ਹੈ ਕਿ ਮੈਂ ਵੀ ਆਪਣੇ ਵਰਗੀ ਕਿਸੇ ਅਨਾਥ ਬੱਚੀ ਨੂੰ ਪਾਲਾਂਗੀ ਅਤੇ ਪੜ੍ਹਾਵਾਂਗੀ।

ਹਰਮਨਪ੍ਰੀਤ ਕੌਰ

ਖਾਲਿਸਤਾਨ ਲਿਬਰੇਸ਼ਨ ਆਰਮੀ ਦੇ ਖੜਕ ਸਿੰਘ ਕਿੱਲੀ ਨੂੰ 1992 ਵਿਚ ਪੁਲਿਸ ਮੁਕਾਬਲੇ ਵਿਚ ਮਾਰ ਦਿੱਤਾ ਗਿਆ ਸੀ। ਖੜਕ ਸਿੰਘ ਦੀ ਪਤਨੀ ਸੋਹਨਜੀਤ ਕੌਰ (45 ਸਾਲ) ਮਾਤਾ ਗੁਜਰੀ ਟਰੱਸਟ ਚਲਾਉਂਦੀ ਹੈ ਤੇ ਉਸਦੀ 21 ਸਾਲਾ ਧੀ ਹਰਮਨਪ੍ਰੀਤ ਕੌਰ ਪਟਿਆਲਾ ਦੇ ਕਾਲਜ ਆਫ ਮੈਨੇਜਮੈਂਟ ਐਂਡ ਟੈਕਨਾਲੋਜੀ ਵਿਚ ਐੱਮ. ਬੀ. ਏ. ਕਰ ਰਹੀ ਹੈ। ਹਰਮਨਪ੍ਰੀਤ ਆਪਣਾ ਕਾਰੋਬਾਰ ਸ਼ੁਰੂ ਕਰਨਾ ਚਾਹੁੰਦੀ ਹੈ, ਪਰ ਸੋਹਨਜੀਤ ਕੌਰ ਚਾਹੁੰਦੀ ਹੈ ਕਿ ਉਸ ਦੀ ਧੀ ਪੰਜਾਬ ਪੁਲਿਸ ਭਰਤੀ ਹੋਵੇ।

ਸਿੱਖ ਆਸ਼ਰਮਾਂ ਦੀ ਇਤਿਹਾਸਕ ਭੂਮਿਕਾ

ਅੰਮ੍ਰਿਤਸਰ ਸਾਹਿਬ ਦੇ ਸੁਲਤਾਨਵਿੰਡ ਵਿਚ ਸਥਿਤ ਭਾਈ ਧਰਮ ਸਿੰਘ ਖਾਲਸਾ ਚੈਰੀਟੇਬਲ ਟਰੱਸਟ ਅਤੇ ਪਟਿਆਲਾ ਜ਼ਿਲ੍ਹੇ ਦੇ ਕੱਲਰ ਭੈਣੀ ਵਿਚ ਸਥਿਤ ਮਾਤਾ ਗੁਜਰੀ ਟਰੱਸਟ ਵੱਲੋਂ ਚਲਾਏ ਜਾਂਦੇ ਆਸ਼ਰਮਾਂ ਵਿਚ ਤਿੰਨ ਸੌ ਦੇ ਕਰੀਬ ਬੱਚੇ ਰਹਿੰਦੇ ਹਨ, ਜਿਹੜੇ ਸ਼ਹੀਦ ਪਰਿਵਾਰਾਂ ਦੇ  ਬੱਚੇ ਹਨ। ਦੋਵਾਂ ਹੀ ਥਾਵਾਂ ਉੱਤੇ ਹਰ ਸਵੇਰ ਸਾਰੇ ਬੱਚੇ ਸੂਰਜ ਚੜ੍ਹਨ ਤੋਂ ਪਹਿਲਾਂ ਉੱਠ ਕੇ ਨਿੱਤਨੇਮ ਕਰਦੇ ਹਨ, ਫਿਰ ਆਪੋ-ਆਪਣੀ ਪੜ੍ਹਾਈ ਲਈ ਸਕੂਲਾਂ-ਕਾਲਜਾਂ ਵਿਚ ਚਲੇ ਜਾਂਦੇ ਹਨ। ਖਾਣਾ ਬਣਾਉਣ ਦਾ ਕੰਮ ਆਸ਼ਰਮਾਂ ਵਿਚ ਰਹਿੰਦੀਆਂ ਕੁੜੀਆਂ ਵਾਰੀ ਸਿਰ ਕਰਦੀਆਂ ਹਨ ਅਤੇ ਬਾਕੀ ਕੰਮ ਮੁੰਡੇ ਕਰਦੇ ਹਨ। ਹੁਣ ਤੱਕ 100 ਕੁੜੀਆਂ ਦਾ ਵਿਆਹ ਹੋ ਚੁੱਕਿਆ ਹੈ, ਬਹੁਤੀਆਂ ਵਿਦੇਸ਼ ਵਿਚ ਵਿਆਹੀਆਂ ਗਈਆਂ ਹਨ।
ਇਹ ਆਸ਼ਰਮ ਸੰਗਤਾਂ ਵੱਲੋਂ ਦਿੱਤੇ ਜਾਂਦੇ ਦਸਵੰਧ ਦੇ ਸਹਾਰੇ ਚਲਦੇ ਹਨ। ਆਪਣਾ ਸਭ ਕੁਝ ਗੁਆ ਦੇਣ ਵਾਲੇ ਇਨ੍ਹਾਂ ਬੱਚਿਆਂ ਨੂੰ ਪਨਾਹ ਦੇ ਰਹੇ ਇਨ੍ਹਾਂ ਆਸ਼ਰਮਾਂ ਉੱਤੇ ਵੀ ਪੁਲਿਸ ਅਤੇ ਖੁਫੀਆ ਏਜੰਸੀਆਂ ਦੀ ਅੱਖ ਲੰਬੇ ਸਮੇਂ ਤੋਂ ਹੈ, ਜੋ ਦੋਸ਼ ਲਾ ਰਹੇ ਹਨ ਕਿ ਇਹ ਅਨਾਥ ਆਸ਼ਰਮ ਵਿਸ਼ੇਸ਼ ਕਰਕੇ ਸ਼ਹੀਦ ਧਰਮ ਸਿੰਘ ਖਾਲਸਾ ਟਰੱਸਟ ਨੂੰ ਉਹ ਲੋਕ ਚਲਾ ਰਹੇ ਹਨ, ਜੋ ਭਾਰਤ ਵਿਚ ਗੜਬੜ ਪੈਦਾ ਕਰਦੇ ਹਨ ਅਤੇ ਖਾੜਕੂਆਂ ਦੇ ਬੱਚਿਆਂ ਨੂੰ ਬਹੁਤ ਕਾਇਦੇ ਨਾਲ ਸਿਖਲਾਈ ਦਿੰਦੇ ਹਨ, ਪਰ ਮਨੁੱਖੀ ਅਧਿਕਾਰਾਂ ਤੇ ਸੰਯੁਕਤ ਰਾਸ਼ਟਰ ਦੇ ਹਾਈ ਕਮਿਸ਼ਨ ਦੇ ਪ੍ਰਤੀਨਿਧ ਇਨ੍ਹਾਂ ਦੋਸ਼ਾਂ ਨੂੰ ਪੂਰੀ ਤਰ੍ਹਾਂ ਨਕਾਰ ਚੁੱਕੇ ਹਨ, ਸਗੋਂ ਆਲੋਚਕਾਂ ਦਾ ਇਹ ਆਖ ਕੇ ਮੂੰਹ ਬੰਦ ਕਰ ਰਹੇ ਹਨ ਕਿ ਪਟਿਆਲਾ ਅਤੇ ਅੰਮ੍ਰਿਤਸਰ ਵਿਚ ਕਰੀਬ ਡੇਢ ਦਹਾਕੇ ਤੋਂ ਚੱਲ ਰਹੇ ਇਨ੍ਹਾਂ ਆਸ਼ਰਮਾਂ ਦਾ ਇੱਕ ਵੀ ਬੱਚਾ ਨਾ ਤਾਂ ਨਸ਼ੇ ਦਾ ਆਦੀ ਹੋਇਆ ਅਤੇ ਨਾ ਹੀ ਅਪਰਾਧਿਕ ਸਰਗਰਮੀ ਵਿਚ ਸ਼ਾਮਲ ਹੋਇਆ ਹੈ, ਜਦਕਿ ਇਨ੍ਹਾਂ ਆਸ਼ਰਮਾਂ ਤੋਂ ਬਾਹਰ ਦੇ ਪੂਰੇ ਪੰਜਾਬ ਦੇ ਬਹੁਗਿਣਤੀ ਬੱਚੇ ਨਸ਼ੇ ਅਤੇ ਹਿੰਸਾ ਵਿਚ ਪੂਰੀ ਤਰ੍ਹਾਂ ਲਿਬੜੇ ਹੋਏ ਹਨ।





No comments:

Post a Comment