deshpunjabtimes.blogspot.com

Thursday, 15 March 2012

ਹੀਰ ਵਾਰਿਸ ਸ਼ਾਹ ਦੀ ਇਤਿਹਾਸਕਤਾ ਤੇ ਜੱਟ ਸੱਭਿਆਚਾਰ\ਤਸਕੀਨ


                                       taskeen phone0091-98140-99426
 

ਕਿਸ਼ਤ-1
ਹੀਰ ਰਾਂਝੇ ਦੀ ਇਤਿਹਾਸਕਤਾ
ਹੀਰ ਦੀ ਘਟਨਾ ਨੂੰ ਅਸਲੀਅਤ ਦਾ ਰੂਪ ਦੇਣ ਲਈ ਇਸ ਦੇ ਇਤਿਹਾਸ 'ਤੇ ਖੋਜ ਹੋਈ ਹੈ। ਹੀਰ 1425 ਈ. ਨੂੰ ਪੈਦਾ ਹੋਈ ਅਤੇ 1452 ਨੂੰ 27 ਸਾਲਾਂ ਦੀ ਉਮਰ 'ਚ ਮਰ ਗਈ। ਇਹ ਚੂਚਕ ਸਰਦਾਰ ਦੀ ਧੀ ਸੀ, ਜਿਹੜਾ ਬਾਬਾ ਫ਼ਰੀਦ ਦੇ ਪ੍ਰਭਾਵ ਅਧੀਨ ਇਸਲਾਮ ਧਾਰਨ ਕਰ ਗਿਆ ਸੀ। ਹੀਰ ਦਾ ਪਿਤਰੀ ਪਿੰਡ ਚੂਚਕਾਨਾ ਸੀ, ਜਿਹੜਾ ਜ਼ਿਹਲਮ ਅਤੇ ਚਨਾਬ ਦੇ ਮਿਲੇਵੇਂ 'ਤੇ ਸੀ। ਉਸ ਦੇ ਪਿੰਡ ਦੀ ਪਛਾਣ ਝੰਗ ਸਿਆਲ ਨਾਲ ਹੈ, ਜਿਸ ਨੂੰ ਇਹ ਨਾਂ ਚੂਚਕ ਦੇ ਭਤੀਜੇ ਮੱਲ ਖ਼ਾਨ ਨੇ 1462 ਵਿੱਚ ਦਿੱਤਾ ਅਤੇ 1461 ਵਿੱਚ ਲਾਹੌਰ ਦਰਬਾਰ ਨੂੰ ਖਰਾਜ਼ ਦੇ ਕੇ ਪਟਾ ਵੀ ਲਿਖਵਾ ਲਿਆ। ਇਹਨਾਂ ਗੱਲਾਂ ਦੀ ਰੌਸ਼ਨੀ 'ਚ ਸਾਫ਼ ਹੈ ਕਿ ਇਹ ਕਥਾ ਵਾਸਤਵਿਕ ਰੂਪ 'ਚ ਪੰਜਾਬੀ ਸੱਭਿਆਚਾਰ ਅੰਦਰ ਅਨੋਖਾ ਵਰਤਾਰਾ ਸੀ। ਹੀਰ ਦੀ ਘਟਨਾ ਬਾਬਾ ਨਾਨਕ ਦੀ ਪੈਦਾਇਸ਼ ਤੋਂ ਸਤਾਰ੍ਹਾਂ ਵਰ੍ਹੇ ਪਹਿਲਾਂ ਵਾਪਰ ਚੁੱਕੀ ਸੀ ਅਤੇ ਪ੍ਰਤੀਰੋਧ ਪੰਜਾਬ ਦੀ ਧਰਤੀ ਅੰਦਰ ਮਹਿਕਾਂ ਖਿਲਾਰਨ ਲੱਗ ਪਿਆ ਸੀ। ਹੀਰ ਲੋਕ ਮਨਾਂ ਦਾ ਹੌਲੀ-ਹੌਲੀ ਹਿੱਸਾ ਬਣੀ, ਕਿਉਂਕਿ ਅਸਲ ਰੂਪ 'ਚ ਤਾਂ ਇਹ ਨਿੱਜੀ ਜਿਹੀ ਘਟਨਾ ਸੀ, ਪਰ ਸਰਦਾਰਾਂ ਦੇ ਘਰ 'ਚ ਏਨੀ ਖ਼ੂਬਸੂਰਤ ਕੁੜੀ ਚਾਕ ਨਾਲ ਵਿਆਹ ਲਈ ਅਸਮਾਨ ਸਿਰ 'ਤੇ ਚੁੱਕ ਲਵੇ ਅਤੇ ਚੌਧਰੀਆਂ ਦੀ ਸ਼ਾਨ ਤਬਾਹ ਕਰ ਦੇਵੇ, ਇਹ ਸੱਚਮੁੱਚ ਅਲੋਕਾਰੀ ਘਟਨਾ ਸੀ।
ਇਹ ਘਟਨਾ ਜਦੋਂ ਲੋਕ ਕਥਾ ਬਣ ਕੇ ਦਮੋਦਰ ਤੱਕ ਪਹੁੰਚਦੀ ਹੈ, ਤਾਂ ਤਕਰੀਬਨ ਸਵਾ ਸਦੀ ਬੀਤ ਚੁੱਕੀ ਹੁੰਦੀ ਹੈ। ਇਸ ਤੋਂ ਪਹਿਲਾਂ ਬਾਕੀ ਕੋਲਾਬੀ (ਫ਼ਾਰਸੀ 'ਚ), ਰੰਗ ਭੱਟ (ਹਿੰਦੀ 'ਚ), ਸ਼ਾਹ ਹੁਸੈਨ ਅਤੇ ਭਾਈ ਗੁਰਦਾਸ ਵੀ ਸੰਕੇਤ ਵਜੋਂ ਹੀਰ ਦਾ ਜ਼ਿਕਰ ਕਰ ਚੁੱਕੇ ਸਨ। ਉਹਨਾਂ ਦੇ ਸੰਕੇਤ ਹੀਰ ਨੂੰ ਪੰਜਾਬੀ ਬੰਦੇ ਦੀ ਰੂਹ ਬਣਾਉਣ ਲਈ ਸਹਾਈ ਹੋ ਚੁੱਕੇ ਸਨ, ਭਾਵ ਕਿ ਹੀਰ-ਰਾਂਝਾ ਇਸ਼ਕ ਮਿਜ਼ਾਜੀ ਤੋਂ ਇਸ਼ਕ ਹਕੀਕੀ ਦਾ ਰੁਤਬਾ ਪ੍ਰਾਪਤ ਕਰ ਚੁੱਕੇ ਸਨ। ਇਸ ਦਾ ਕਾਰਨ ਕਿ ਰੱਬ ਦੀ ਪ੍ਰਾਪਤੀ ਲਈ ਜਿਸ ਪ੍ਰਤੀਬੱਧਤਾ, ਇਮਾਨਦਾਰੀ, ਸੱਚਾਈ ਦੀ ਜ਼ਰੂਰਤ ਹੁੰਦੀ ਹੈ, ਹੀਰ ਉਸ ਨੂੰ ਇਸ ਧਰਤੀ 'ਤੇ ਪ੍ਰਾਪਤ ਕਰਦੀ ਹੈ। ਇਸੇ ਲਈ ਉਹ ਪ੍ਰੇਮ ਦੀ ਕਥਾ ਨੂੰ ਲੋਕ ਮਨਾਂ ਤੱਕ ਪਹੁੰਚਾ ਸਕੀ ਹੈ। ਸਾਡੇ ਕੋਲ ਹੀਰ ਦੀ ਸਮੁੱਚੀ ਕਥਾ/ਕਿੱਸਾ ਦਮੋਦਰ ਰਾਹੀਂ ਪ੍ਰਾਪਤ ਹੋਇਆ ਹੈ, ਜੋ ਪੰਜਾਬੀ ਦਾ ਪਹਿਲਾ ਕਿੱਸਾਕਾਰ ਹੈ। ਸਦੀ ਤੋਂ ਵੀ ਵੱਧ ਸਮੇਂ ਬਾਅਦ ਹੀਰ ਦਾ ਕਿੱਸਾ ਲਿਖਣ ਵਾਲਾ ਦਮੋਦਰ ਗੁਲਾਟੀ ਸੀ, ਜੋ ਹੀਰ ਦੇ ਪਿੰਡ ਦੁਕਾਨਦਾਰੀ ਕਰਨ ਗਿਆ। ਉਸ ਵੇਲੇ ਤੱਕ ਹੀਰ ਦੀ ਕਥਾ-ਦੂਰ-ਦੂਰ ਤੱਕ ਜਾ ਚੁੱਕੀ ਹੋਵੇਗੀ, ਜਿਸ ਨੂੰ ਦਮੋਦਰ ਕਿੱਸੇ ਦੀ ਸ਼ਕਲ ਵਿੱਚ ਪੇਸ਼ ਕਰਦਾ ਹੈ। ਉਹ ਆਪਣੀ ਦੁਕਾਨਦਾਰੀ ਕਿੱਸੇ ਵਿੱਚ ਵੀ ਪੇਸ਼ ਕਰ ਜਾਂਦਾ ਹੈ, ਜਦੋਂ ਵਾਰ-ਵਾਰ ''ਅੱਖੀਂ ਡਿੱਠਾ'' ਹਾਲ ਪੇਸ਼ ਕਰਦਾ ਹੈ, ਕਿਉਂਕਿ ਜੱਗ ਬੀਤੀ ਨਾਲੋਂ ਹੱਡ ਬੀਤੀ ਨੂੰ ਪਹਿਲ ਦਿੱਤੀ ਜਾਂਦੀ ਹੈ।
ਅੱਖੀਂ ਡਿੱਠਾ ਕਿੱਸਾ ਕੀਤਾ,
ਮੈਂ ਤਾਂ ਗੁਣੀ ਨਾ ਕੋਈ।
ਅਸਾਂ ਮੂੰਹੋਂ ਅਲਾਇਆ ਉਹੋ,
ਜੋ ਕੁਝ ਨਜ਼ਰ ਪਾਇ ਉਈ।
ਹੀਰ ਦਾ ਪੰਦਰ੍ਹਵੀਂ ਸਦੀ ਦਾ ਪ੍ਰਤੀਰੋਧ ਪੰਜਾਬੀ ਬੰਦੇ ਦੀ ਅਵਾਜ਼ ਬਣ ਲੋਕ ਮਨਾਂ ਉੱਪਰ ਛਾਪ ਛੱਡ ਜਾਂਦਾ ਹੈ। ਇਸੇ ਲਈ ਅੱਜ ਤੱਕ ਸੈਂਕੜੇ ਤੋਂ ਵੱਧ ਵਾਰ ਹੀਰ ਦਾ ਕਿੱਸਾ ਲਿਖਿਆ ਗਿਆ ਤੇ ਹਜ਼ਾਰਾਂ ਲੋਕ-ਗੀਤਾਂ, ਗੀਤਾਂ ਵਿੱਚ ਹੀਰ ਦਾ ਬਿੰਬ ਇਸਤੇਮਾਲ ਕੀਤਾ ਜਾ ਚੁੱਕਾ ਹੈ।
ਅਨੇਕਾਂ ਕਿੱਸਿਆਂ ਦੇ ਬਾਵਜੂਦ ਵਾਰਿਸ ਸ਼ਾਹ ਦੀ 'ਹੀਰ' ਦਾ ਕੇਂਦਰੀ ਸਥਾਨ ਹੈ ਤੇ ਉਸ ਨੇ ਇੱਕ ਕਿਸਮ ਦੀ ਹੀਰ ਰਾਂਝੇ ਕੋਲੋਂ 'ਖੋਹ' ਹੀ ਲਈ ਹੈ, ਕਿਉਂਕਿ ਅੱਜ ਹੀਰ ਨੂੰ ਵਾਰਿਸ ਸ਼ਾਹ ਨਾਲ ਯਾਦ ਕੀਤਾ ਜਾਂਦਾ ਹੈ। ਵਾਰਿਸ ਤੱਕ ਪਹੁੰਚਦਿਆਂ ਹੀਰ ਅਮਰ-ਕਥਾ ਬਣ ਚੁੱਕੀ ਸੀ। ਦਮੋਦਰ ਤੋਂ ਬਾਅਦ ਅਹਿਮਦ ਗੁੱਜਰ ਅਤੇ ਮੁਕਬਲ ਵੀ ਹੀਰ ਲਿਖ ਚੁੱਕੇ ਸਨ, ਪਰ ਵਾਰਿਸ ਦੀ ਹੀਰ ਅੰਦਰਲਾ ਰਸ ਅਸਲੋਂ ਨਿਵੇਕਲਾ ਹੈ। ਇਸ ਦਾ ਕਾਰਨ ਇਹ ਕਿ ਵਾਰਿਸ ਸਿਰਫ਼ ਇੱਕ ਕਿੱਸਾਕਾਰ ਹੀ ਨਹੀਂ, ਦਾਨਿਸ਼ਵਰ ਵੀ ਹੈ। ਹੀਰ ਦੀ ਕਥਾ ਨਾਲੋਂ ਇਸ ਕਿੱਸੇ ਅੰਦਰ ਮੱਧਕਾਲੀ ਪੰਜਾਬੀ ਸੱਭਿਆਚਾਰ ਦਾ ਪੂਰਨ ਇਤਿਹਾਸ ਅਤੇ ਪੰਜਾਬੀ ਸੱਭਿਆਚਾਰ ਦੇ ਅਤੀਤ ਦਾ ਇਨਸਾਈਕਲੋਪੀਡੀਆ ਮੌਜੂਦ ਹੈ। ਇਸ ਤਰ੍ਹਾਂ 'ਹੀਰ' ਵਾਰਿਸ ਸ਼ਾਹ ਅਠਾਰ੍ਹਵੀਂ ਸਦੀ ਦੇ ਸੱਭਿਆਚਾਰ, ਆਰਥਿਕਤਾ ਅਤੇ ਰਾਜਨੀਤਕ ਦ੍ਰਿਸ਼ ਦਾ ਪ੍ਰਮਾਣਿਕ ਦਸਤਾਵੇਜ਼ ਹੈ।
ਵਾਰਿਸ ਸ਼ਾਹ 1720 ਈ. ਨੂੰ ਜੰਡਿਆਲਾ ਸ਼ੇਰ ਖਾਨ ਜਿਲ੍ਹਾ ਸ਼ੇਖੂਪੁਰ (ਪਹਿਲਾਂ ਗੁਜਰਾਂਵਾਲਾ ਵਿੱਚ ਪੈਦਾ ਹੋਇਆ। ਇੱਥੇ ਹੀ ਉਸ ਨੇ ਮੁੱਢਲੀ ਤਾਲੀਮ ਹਾਸਲ ਕੀਤੀ। ਵਾਰਿਸ ਸ਼ਾਹ ਦਾ ਸੰਬੰਧ ਸੱਯਦ ਘਰਾਣੇ ਨਾਲ ਸੀ, ਜਿਸ ਨੂੰ ਮੁਸਲਮਾਨਾਂ ਅੰਦਰ ਪੜ੍ਹਿਆ ਲਿਖਿਆ ਵਰਗ ਗਿਣਿਆ ਜਾਂਦਾ ਹੈ। ਇਸ ਲਈ ਉਸ ਨੂੰ ਉੱਚੇ ਦਰਜੇ ਦੀ ਤਾਲੀਮ ਦੀ ਲੋੜ ਸੀ, ਜਿਸ ਵਾਸਤੇ ਉਸ ਨੂੰ ਉੱਚ ਤਾਲੀਮ ਲਈ ਕਸੂਰ ਮੌਲਵੀ ਗੁਲਾਮ ਮਰਤਜ਼ੀ ਦੇ ਮਦਰੱਸੇ ਵਿੱਚ ਭੇਜ ਦਿੱਤਾ ਗਿਆ। ਅਕਰਮ ਸ਼ੇਖ ਆਖਦਾ ਹੈ ਕਿ ਇਹ ਮਦਰੱਸਾ ਉਸ ਵੇਲੇ ਵਿਸ਼ਵ ਵਿਦਿਆਲੇ ਦਾ ਦਰਜਾ ਰੱਖਦਾ ਸੀ। ਮਦਰੱਸਾ ਵਿਸ਼ਵ ਵਿਦਿਆਲਾ ਤਾਂ ਨਹੀਂ ਹੋ ਸਕਦਾ, ਕਿਉਂਕਿ ਇਹ ਮੱਠ ਦੇ ਪੱਧਰ ਦਾ ਹੁੰਦਾ ਹੈ, ਜਿੱਥੇ ਮਜ਼ਹਬੀ ਤਾਲੀਮ ਦਿੱਤੀ ਜਾਂਦੀ ਹੈ, ਪਰ ਕਸੂਰ ਉਹ ਸ਼ਹਿਰ ਸੀ, ਜਿੱਥੇ ਬਹੁਤ ਤਰ੍ਹਾਂ ਦੇ ਵਿਗਿਆਨਾਂ ਨਾਲ ਸੰਬੰਧਿਤ ਸਿੱਖਿਆ ਵੀ ਦਿੱਤੀ ਜਾਂਦੀ ਸੀ। ਵਾਰਿਸ ਕਸੂਰ ਸ਼ਹਿਰ ਵਿੱਚ ਹੀ ਗਿਆਨ ਦਾ ਖਜ਼ਾਨਾ ਪ੍ਰਾਪਤ ਕਰਦਾ ਹੈ। ਜਦੋਂ ਉਸ ਦੇ 'ਯਾਰ' ਉਸ ਨੂੰ ਕਿੱਸਾ ਹੀਰ ਲਿਖਣ ਬਾਰੇ ਆਖਦੇ ਹਨ ਤਾਂ ਉਹ ਮਲਕਾ ਹਾਂਸ ਪਹੁੰਚ ਜਾਂਦਾ ਹੈ, ਜੋ ਝੰਗ ਦੇ ਨੇੜੇ ਪੈਂਦਾ ਹੈ। ਵਾਰਿਸ ਸ਼ਾਇਦ ਝੰਗ ਅਤੇ ਹਜ਼ਾਰੇ ਦੀ ਭੂਗੋਲਿਕ ਸਥਿਤੀ ਨੂੰ ਵੀ ਚੰਗੀ ਤਰ੍ਹਾਂ ਵਾਚਣਾ ਚਾਹੁੰਦਾ ਸੀ ਤਾਂ ਜੋ ਉਹ ਹੀਰ ਤੇ ਰਾਂਝੇ ਦੇ ਇਸ਼ਕ ਵਿਚਲੀ ਪੀਢੀ ਗੰਢ ਨੂੰ ਅਤੇ ਬੇਲਿਆਂ ਨੂੰ ਭੂਗੋਲਿਕ ਰੂਪ ਵਿੱਚ ਵੀ ਸਮਝ ਸਕੇ ਅਤੇ ਇਸੇ ਕਾਰਨ ਉਹ ਤਖ਼ਤ ਹਜ਼ਾਰੇ ਦੇ ਰਾਂਝਿਆਂ ਦੀ ਖ਼ੂਬਸੂਰਤੀ ਅਤੇ ਨਕਸ਼ਾਂ ਨੂੰ ਨੇੜਿਉਂ ਹੋ ਕੇ ਪੇਸ਼ ਕਰਦਾ ਹੈ ਅਤੇ ਸਿਆਲਾਂ ਦੀਆਂ ਨੱਢੀਆਂ ਦੇ ਹੁਸਨ ਦੀਆਂ ਬਹੁਤ ਬਰੀਕ ਤਹਿਆਂ ਫਰੋਲਦਾ ਹੈ।
ਵਾਰਿਸ ਸ਼ਾਹ ਹੀਰ ਨੂੰ ਸਿਰਫ਼ ਹੀਰ ਰਾਂਝੇ ਦੀ ਕਿੱਸਾਕਾਰੀ ਵਜੋਂ ਹੀ ਨਹੀਂ ਲਿਖਦਾ, ਕਿਉਂਕਿ ਹੀਰ ਰਾਂਝੇ ਦਾ ਕਿੱਸਾ/ਕਥਾ ਤਾਂ ਪਹਿਲਾਂ ਵੀ ਕਈ ਵਾਰ ਲਿਖੀ ਜਾ ਚੁੱਕੀ ਸੀ। ਉਹ ਕਿੱਸਾ ਸਿਰਜਦਾ ਨਹੀਂ ਬਣਾਉਂਦਾ ਹੈ। ਸਿਰਜਦਾ ਉਹ ਆਪਣੇ ਅੰਦਰਲੇ ਗਿਆਨ ਦੀ ਤਾਕਤ ਨੂੰ ਹੀ ਹੈ, ਜੋ ਕਿੱਸਾ 'ਹੀਰ' ਵਿੱਚ ਸਮਾਅ ਜਾਂਦੀ ਹੈ। ਉਹ ਇਸ ਕਿੱਸੇ ਨੂੰ ਬਣਾਉਣ ਦੀ ਤੈਅਸ਼ੁਦਾ ਨੀਤੀ ਮੁੱਢ ਵਿੱਚ ਹੀ ਦੱਸ ਦਿੰਦਾ ਹੈ-
ਯਾਰਾਂ ਅਸਾਂ ਨੂੰ ਆਣ ਸੁਆਲ ਕੀਤਾ,
ਇਸ਼ਕ ਹੀਰ ਦਾ ਨਵਾਂ ਬਣਾਈਏ ਜੀ।
ਹੁਕਮ ਮੰਨ ਕੇ ਸੱਜਣਾਂ ਪਿਆਰਿਆਂ ਦਾ,
ਕਿੱਸਾ ਅਜਬ ਬਹਾਰ ਦਾ ਜੋੜਿਆ ਏ।
ਇਸੇ ਕਾਰਨ ਉਸ ਦੀ 'ਹੀਰ' ਕਥਾ ਵਿਚਲੀ ਹੀਰ ਨਹੀਂ ਹੈ, ਉਸ ਦੁਆਰਾ ਘੜੀ 'ਹੀਰ' ਉਹ ਹੈ, ਜਿਹੋ ਜਿਹੀ ਤਾਕਤਵਰ ਔਰਤ ਨੂੰ ਦੇਖਣ ਦੀ ਵਾਰਿਸ ਚਾਹਤ ਰੱਖਦਾ ਹੈ। ਵਾਰਿਸ ਦਾ ਰਾਂਝਾ ਕਮਜ਼ੋਰ ਪਾਤਰ ਹੈ, ਜੋ ਤਰਕ ਦੀ ਬਜਾਏ ਅਜਿਹੇ ਜੁਆਬ ਦਿੰਦਾ ਹੈ, ਜੋ ਮਰਦ ਦੀ ਹਉਮੈਂ ਰਾਹੀਂ ਪੁਰਖ ਤੰਤਰ ਨੂੰ ਪੂਰੀ ਤਰ੍ਹਾਂ ਪੱਕਿਆਂ ਕਰਦੇ ਹਨ।
ਵਾਰਿਸ ਅੰਦਰ ਵੀ ਉਹ ਸਿਫ਼ਤ ਮੌਜੂਦ ਹੈ ਜੋ ਇੱਕ ਮਹਾਨ ਰਚਨਾਕਾਰ ਅੰਦਰ ਮੌਜੂਦ ਹੋਣੀ ਚਾਹੀਦੀ ਹੈ ਕਿ ਉਹ ਵਿਰੋਧੀ ਦੀ ਦਲੀਲ ਨੂੰ ਉਸ ਤੋਂ ਵੀ ਵੱਡੀ ਦਲੀਲ ਨਾਲ ਚਿੱਤ ਕਰੇ ਅਤੇ ਇਸ ਦੀ ਸਪੱਸ਼ਟਤਾ ਇਹ ਹੈ ਕਿ ਜਿਸ ਯੁੱਗ ਵਿੱਚ ਔਰਤ ਦਾਸੀ, ਗੁਲਾਮ, ਚਲਿੱਤਰਾਂ ਨਾਲ ਭਰੀ ਦੁਰਕਾਰੀ ਜਾ ਰਹੀ ਸੀ। ਉਸ ਵੇਲੇ ਉਸ ਦੀਆਂ ਦੋ ਢੱਠੀਆਂ (ਹੀਰ ਤੇ ਸਹਿਤੀ) ਆਪਣੇ ਤਰਕਾਂ ਨਾਲ ਪੁਰਖ ਤੰਤਰ ਨੂੰ ਗੋਡਿਆਂ ਭਾਰ ਕਰ ਦਿੰਦੀਆਂ ਹਨ। ਇਸ ਦਾ ਕਾਰਨ ਇਹ ਵੀ ਹੈ ਕਿ ਵਾਰਿਸ ਕੋਲ ਫ਼ੱਕਰਾਂ ਵਾਲੀ ਪਰੰਪਰਾ ਹੈ, ਜਿਸ ਵਿੱਚ ਔਰਤ ਦਾਸੀ ਨਹੀਂ, ਸਗੋਂ ਮਰਦ ਦੇ ਬਰਾਬਰ ਇੱਕ ਹੋਂਦ ਵਜੋਂ ਵਿਚਰਦੀ ਹੈ। ਵਾਰਿਸ ਦਾ ਹੀਰ ਲਿਖਣ ਦਾ ਮਕਸਦ ਵੀ ਔਰਤ ਨੂੰ ਸੰਭੋਗੀ ਵਸਤੂ ਤੋਂ ਮੁਕਤ ਕਰਕੇ, ਉਸ ਨੂੰ ਮਰਦ ਚੁਣਨ ਦਾ ਅਧਿਕਾਰ ਦਿਵਾਉਣਾ ਹੈ, ਜਿਹਾ ਕਿ ਇਸਲਾਮ ਅੰਦਰ ਮੌਜੂਦ ਸੀ ਤੇ ਉਦੋਂ ਤੱਕ ਸਿਰਫ਼ ਰਸਮ ਬਣ ਕੇ ਰਹਿ ਗਿਆ ਸੀ।
ਵਾਰਿਸ ਸ਼ਾਹ ਦਾ ਕਾਲ ਪੰਜਾਬ ਦੀ ਅਧੋਗਤੀ ਦਾ ਦੌਰ ਹੈ। ਮੁਗ਼ਲਾਂ ਹੱਥੋਂ ਖੁੱਸਿਆ ਹੋਇਆ ਇਹ 'ਮੁਲਕ' ਸਭ ਦੀਆਂ ਅੱਖਾਂ 'ਚ ਰੜਕ ਰਿਹਾ ਸੀ ਤੇ ਸਭ ਲੋਕ ਇਸ ਉੱਪਰ ਹਕੂਮਤ ਕਰਨ ਲਈ ਯਤਨਸ਼ੀਲ ਸਨ। ਮਰਾਠੇ, ਪਠਾਨ, ਰਾਜਪੂਤ, ਜੱਟ, ਮੁਗਲ ਸਭ ਇਸ ਉੱਪਰ ਕਬਜ਼ਾ ਕਰਨ ਲਈ ਯੁੱਧ ਕਰ ਰਹੇ ਸਨ। ਮਰਾਠਿਆਂ ਦੀ ਚਾਹਤ ਦਾ ਤਾਂ ਉਹਨਾਂ ਦੀ ਹਾਰ ਨੇ ਦਮ ਤੋੜ ਦਿੱਤਾ ਸੀ ਅਤੇ ਅਬਦਾਲੀ ਦੀ ਚਾਹਤ ਦਾ ਸਿੱਖਾਂ ਨੇ। ਇਸ ਅਧੋਗਤੀ 'ਚ ਜਿੱਥੇ ਸਭ ਨੂੰ ਆਪੋ-ਆਪਣੀ ਪਈ ਹੋਈ ਸੀ, ਵਿੱਚ ਕਲਾ, ਸਾਹਿਤ ਅਤੇ ਸੱਭਿਆਚਾਰ ਦਾ ਵਿਕਾਸ ਨਾ-ਮੁਮਕਿਨ ਹੋ ਜਾਂਦਾ ਹੈ, ਪਰ ਵਾਰਿਸ ਇਸ ਅਧੋਗਤੀ ਵਿੱਚ ਵੀ ਇੱਕ ਸ਼ਾਨਦਾਰ ਰਚਨਾ ਕਰ ਰਿਹਾ ਸੀ, ਜੋ ਅੱਡ ਸਾਡੇ ਕੋਲ ਮੌਜੂਦ ਹੈ।

ਮੁਗਲੀਆ ਪਤਨ ਤੇ ਜੱਟ ਉਭਾਰ
ਇਹ ਸਾਰਿਆਂ ਤੱਥਾਂ ਨੂੰ ਪੇਸ਼ ਕਰਨ ਦਾ ਇੱਕੋ ਅਰਥ ਹੈ ਕਿ 'ਹੀਰ' ਵਾਰਿਸ ਸ਼ਾਹ ਵਿਚਲੇ ਇਤਿਹਾਸ ਦੇ ਮਨੋਵਿਗਿਆਨ ਨੂੰ ਸਮਝਣ ਲਈ ਇਹਨਾਂ ਦੀ ਅਹਿਮ ਜਰੂਰਤ ਹੈ, ਕਿਉਂਕਿ ਕਿੱਸਾ 'ਹੀਰ' ਨੂੰ ਬਣਾਉਣ ਦੀ ਵਾਰਿਸ ਦੀ ਇੱਕ ਤੈਅਸ਼ੁਦਾ ਨੀਤੀ ਹੈ। ਹੀਰ-ਰਾਂਝੇ ਦਾ ਇਸ਼ਕ ਤਾਂ ਵਾਰਿਸ ਆਪਣੀਆਂ ਗੱਲਾਂ ਕਰਨ ਲਈ ਇੱਕ ਦਾਅਪੇਚ ਵਜੋਂ ਵਰਤਦਾ ਹੈ। ਭਾਵ ਕਿ ਅਠਾਰ੍ਹਵੀਂ ਸਦੀ ਦਾ ਰਾਜਨੀਤਕ, ਸਾਮਾਜਿਕ, ਆਰਥਿਕ, ਸੱਭਿਆਚਾਰਕ ਦ੍ਰਿਸ਼ ਅਤੇ ਉਸ ਦੀ ਸਮੀਖਿਆ ਵਾਰਿਸ ਦਾ ਮਕਸਦ ਪੇਸ਼ ਕਰ ਦਿੰਦੀ ਹੈ ਅਤੇ ਉਹ ਇਸ ਵਿੱਚ ਸਫ਼ਲ ਹੀ ਰਹਿੰਦਾ ਹੈ। ਸ਼ਹਿਰੀ ਆਰਥਿਕਤਾ ਵਿਚਲੀ ਕੜੀ ਕਾਮਾ ਜਮਾਤ ਅਠਾਰ੍ਹਵੀਂ ਸਦੀ ਵਿੱਚ ਗੌਣ ਹੁੰਦੀ ਜਾਪਦੀ ਹੈ ਅਤੇ ਇਸ ਸਦੀ ਦਾ ਪੰਜਾਬ ਪਿੰਡ/ਕਿਸਾਨੀ ਆਰਥਿਕਤਾ 'ਤੇ ਨਿਰਭਰ ਕਰਨ ਲੱਗਦਾ ਹੈ। ਸਾਮਾਜਿਕ ਵਿਰੋਧਤਾਈਆਂ ਨੂੰ ਸਮਝਣ ਦਾ ਅਖਾੜਾ ਇਸ ਸਦੀ 'ਚ ਪਿੰਡ ਬਣ ਜਾਂਦੇ ਹਨ ਅਤੇ ਵਾਰਿਸ ਆਪਣੇ ਗਿਆਨ ਦਾ ਸਾਜ਼ੋ-ਸਾਮਾਨ ਚੁੱਕ ਕੇ ਪਿੰਡ ਵੱਲ ਹੋ ਤੁਰਦਾ ਹੈ। ਇਸੇ ਲਈ ਵਾਰਿਸ ਆਪਣੇ ਗਿਆਨ ਦਾ ਰਣ-ਖੇਤਰ ਝੰਗ-ਸਿਆਲ, ਤਖ਼ਤ ਹਜ਼ਾਰਾ, ਖੇੜਾ ਬਣਾਉਂਦਾ ਹੈ, ਜਿੱਥੇ ਉਹ ਜ਼ਿਮੀਂਦਾਰਾਂ ਦੇ ਕੰਮ, ਸੁਭਾਅ, ਹਉਮੈਂ, ਆਰਥਿਕਤਾ ਅਤੇ ਸਭ ਤੋਂ ਵੱਧ ਜੱਟਾਂ ਦਾ ਮਨੋਵਿਗਿਆਨ ਸਮਝਣ ਦੀ ਕੋਸ਼ਿਸ਼ ਕਰਦਾ ਹੈ। ਸਿਰਫ਼ ਜੱਟਾਂ ਹੀ ਨਹੀਂ, ਬਾਕੀ ਜਾਤਾਂ ਦੇ ਹਿਰਾਰਕੀ ਪ੍ਰਬੰਧ ਦੀ ਪੀੜ੍ਹੀ-ਦਰ-ਪੀੜ੍ਹੀ ਵਿਕਸਤ ਹੋਈ ਮਾਨਸਿਕਤਾ ਨੂੰ ਵੀ ਆਪਣੇ ਗਿਆਨ ਰਾਹੀਂ ਸਮਝਣ ਦੀ ਕੋਸ਼ਿਸ਼ ਕਰਦਾ ਹੈ।  ਇਹ ਸਾਫ਼ ਹੈ ਕਿ ਵਾਰਿਸ ਸੱਯਦਨ ਹੈ ਅਤੇ ਕਿਸਾਨਾਂ ਤੋਂ ਵੱਖਰੀ ਜਮਾਤ ਦਾ ਬੰਦਾ ਹੈ, ਪਰ ਉਸ ਦਾ 'ਜ਼ਖ਼ਮ' ਜ਼ਿਆਦਾ ਡੂੰਘਾ ਹੈ, ਕਿਉਂਕਿ ਨਵੀਂ ਉਸਰ ਰਹੀ ਧਿਰ ਉਸ ਲਈ ਸਮੇਂ ਨੂੰ ਪਿੱਛੇ ਧੱਕ ਰਹੀ ਹੈ।
ਕਿਸਾਨ ਮੁਗਲ ਸੱਤਾ ਦੇ ਖਿਲਾਫ਼ ਬਗ਼ਾਵਤ ਕਰ ਰਹੇ ਸਨ, ਪਰ ਉਹ ਵਿਦਰੋਹ ਵੀ ਆਪਣੀ ਜਾਤ ਦੇ ਸਰਦਾਰ ਦੀ ਰਹਿਨੁਮਾਈ ਹੇਠ ਕਰਦੇ ਸਨ ਤੇ ਉਹਨਾਂ ਦੀ ਵੱਡੀ ਗਿਣਤੀ ਗੈਰ-ਮੁਸਲਿਮ ਸੀ। ਪੰਜਾਬ ਵਿੱਚ ਛੋਟੇ ਅਤੇ ਥੋੜ੍ਹੇ ਦਰਮਿਆਨੇ ਕਿਸਾਨਾਂ ਦੀ ਗਿਣਤੀ ਗੈਰ-ਮੁਸਲਿਮ ਸੀ। ਤੁਰਕਾਂ ਵੇਲੇ ਵੱਡੇ ਜੱਟ ਜ਼ਿਮੀਂਦਾਰ ਰਾਜਨੀਤਕ ਫਾਇਦਿਆਂ ਕਾਰਨ ਮੁਸਲਮਾਨ ਹੋ ਗਏ ਸਨ। ਛੋਟੇ ਕਿਸਾਨਾਂ ਦੀ ਵਾਰੀ ਆਉਣ ਤੱਕ ਇਹ ਸਿਲਸਿਲਾ ਰੁਕ ਗਿਆ ਸੀ। ਕਬੀਲਾਈ ਸਮਾਜ ਦੀ ਮਾਨਸਿਕਤਾ ਵਿੱਚ ਏਕਤਾ ਉਹਨਾਂ ਦਾ ਕੁਦਰਤੀ ਸੁਭਾਅ ਹੁੰਦੀ ਹੈ। ਇਹ ਛੋਟੇ ਕਿਸਾਨ/ਜੱਟ ਪੀੜਤ ਧਿਰ ਸੀ, ਕਿਉਂਕਿ ਲਗਾਨ ਦੀ ਰਕਮ ਬਹੁਤ ਵੱਡੀ ਹੁੰਦੀ ਸੀ। ਇਸ ਮਾਲੀਏ ਦੇ ਕੁਹਾੜੇ ਤੋਂ ਬਚਣ ਲਈ ਉਹ ਗੁਰੂ ਸਾਹਿਬਾਂ ਦੀ ਰਹਿਨੁਮਾਈ ਹੇਠ ਵਿਦਰੋਹ ਕਰ ਸਕਦੇ ਸਨ। ਕਿਸਾਨਾਂ/ਜੱਟਾਂ ਦੇ ਵਿਦਰੋਹਾਂ ਦਾ ਸਤ੍ਹਾਰਵੀਂ ਸਦੀ ਤੱਕ ਬਹੁਤ ਘੱਟ ਜ਼ਿਕਰ ਹੈ, ਕਾਰਨ ਅਸੀਂ ਦੱਸ ਆਏ ਹਾਂ ਕਿ ਮੁਗਲਾਂ ਦੀ ਕੇਂਦਰੀ ਸੱਤਾ ਬਹੁਤ ਮਜ਼ਬੂਤ ਸੀ, ਪਰ ਅਠਾਰ੍ਹਵੀਂ ਸਦੀ ਮੁੱਕਦਿਆਂ ਹੀ ਅਤੇ ਖ਼ਾਸ ਕਰਕੇ ਔਰੰਗਜ਼ੇਬ ਦੀ ਮੌਤ ਹੁੰਦਿਆਂ ਹੀ ਇਹ ਕਿਸਾਨ ਬਗਾਵਤਾਂ ਭੜਕ ਪਈਆਂ। ਪੰਜਾਬ ਵਿੱਚ ਇਹ ਕਿਸਾਨ ਬਗਾਵਤਾਂ ਹੀ ਸਨ, ਪਰ ਇਸ ਨੂੰ ਦਿਸ਼ਾ-ਨਿਰਦੇਸ਼ ਸਰਦਾਰ ਦੇ ਰਹੇ ਸਨ, ਜੋ ਜੱਟ ਫਿਰਕੇ ਨਾਲ ਸੰਬੰਧਿਤ ਸਨ। ਜੱਟਾਂ/ਕਿਸਾਨਾਂ ਦੀ ਇਸ ਬਗਾਵਤੀ ਜੰਗ ਨੇ ਉਹਨਾਂ ਵਿੱਚ ਏਕਤਾ ਦੀ ਰੂਹ ਵੀ ਫੂਕ ਦਿੱਤੀ। ਕਿਸਾਨਾਂ ਦੇ ਸਰਦਾਰ, ਕਿਉਂਕਿ ਸਿੱਖ ਧਰਮ ਦੇ ਵੀ ਅਨੁਆਈ ਸਨ ਅਤੇ ਉਹਨਾਂ ਦਾ ਹੁਕਮ ਅਕਾਲ ਪੁਰਖ ਤੋਂ ਆਉਂਦਾ ਸੀ। ਇਸ ਕਰਕੇ ਉਹ ਸਿੱਖ ਵਿਧਾਨ ਅਨੁਸਾਰ ਚਲਦੇ, ਭਾਵੇਂ ਇਹ ਸਰਦਾਰ (ਮਿਸਲਾਂ ਦੇ ਮੁਖੀ) ਕਿਸਾਨਾਂ/ਜੱਟਾਂ ਨੂੰ ਮੁਗ਼ਲ ਹਕੂਮਤ ਦੀ ਸੱਤਾ ਵਿਰੁੱਧ ਲੜਾਈ ਲਈ ਤਿਆਰ ਕਰਦੇ, ਪਰ ਛੋਟੀਆਂ-ਛੋਟੀਆਂ ਸੱਤਾਵਾਂ ਲਈ ਆਪਸ ਵਿੱਚ ਵੀ ਖਹਿਬੜਦੇ ਰਹਿੰਦੇ ਸਨ।
ਵਾਰਿਸ ਸ਼ਾਹ ਉਸ ਵੇਲੇ ਪੈਦਾ ਹੋਇਆ ਜਦੋਂ ਪੰਜਾਬ ਵਿੱਚ ਕਿਸਾਨ ਵਿਦਰੋਹ ਤੇਜ਼ੀ ਨਾਲ ਫੈਲ ਰਹੇ ਸਨ ਤੇ ਉਸ ਵੇਲੇ ਜਵਾਨ ਹੋਇਆ ਜਦੋਂ ਇਹ ਕਿਸਾਨ ਮਿਸਲ ਸਰਦਾਰਾਂ ਦੇ ਅਧੀਨ ਤਾਕਤ ਫੜ ਚੁੱਕੇ ਸਨ। ਮੁਗ਼ਲਾਂ ਦੀ ਕੇਂਦਰੀ ਸੱਤਾ ਦੀ ਤਾਕਤ ਟੁੱਟ ਗਈ ਸੀ ਅਤੇ ਪੰਜਾਬ ਇੱਕ ਤਰ੍ਹਾਂ ਮੁਗਲਾਂ ਹੱਥੋਂ ਨਿਕਲ ਗਿਆ ਸੀ। ਇੱਥੇ ਸਰਦਾਰਾਂ ਦਾ ਆਪਸੀ ਟਕਰਾਅ ਸਿਖਰਾਂ ਛੂਹਣ ਲੱਗਾ। ਕੁਝ ਜੱਟ ਸਰਦਾਰ ਸਿੱਖ ਸਨ ਅਤੇ ਕੁਝ ਮੁਸਲਮਾਨ। ਬਹੁਤੇ ਜਗੀਰਦਾਰ, ਚੌਧਰੀ, ਸਰਦਾਰ ਮੁਸਲਮਾਨ ਸਨ, ਪਰ ਹੇਠਲੀ ਕਿਸਾਨੀ ਵਿੱਚ ਮੁਸਲਮਾਨਾਂ ਦੀ ਘਾਟ ਕਾਰਨ ਉਹ ਓਨੇ ਤਾਕਤਵਰ ਨਹੀਂ ਸਨ ਹੋ ਸਕਦੇ, ਜਿੰਨੇ ਕਿ ਸਿੱਖ ਸਰਦਾਰ ਹੋ ਸਕਦੇ ਸਨ। ਇਸ ਤਿੱਖੇ ਟਕਰਾਅ ਵਿੱਚ ਹੀ ਸਾਰੀ ਬਾਰ੍ਹਵੀਂ/ਅਠਾਰ੍ਹਵੀਂ ਸਦੀ ਲੰਘੀ। ਪੰਜਾਬ ਦੀ ਕਮਜ਼ੋਰ ਹੋ ਗਈ ਫ਼ੌਜੀ ਅਤੇ ਰਾਜਨੀਤਕ ਤਾਕਤ ਕਾਰਨ ਪੰਜਾਬ ਉੱਤੇ ਰਾਜ ਕਰਨ ਦੀ ਲਲਕ ਲੋਕਾਂ ਵਿੱਚ ਉਤਪੰਨ ਹੋ ਗਈ ਸੀ। ਪੰਜਾਬ ਪਠਾਨਾਂ (ਨਾਦਰਸ਼ਾਹ, ਮੁਹੰਮਦ ਸ਼ਾਹ ਰੰਗੀਲਾ, ਅਹਿਮਦਸ਼ਾਹ) ਮਰਾਠਿਆਂ, ਜੱਟਾਂ, ਰਾਜਪੂਤਾਂ ਦੇ ਰਾਜ ਕਰਨ ਦੀ ਚਾਹਤ ਦਾ ਕੇਂਦਰ ਸੀ।  ਮਰਾਠਿਆਂ ਦੀ ਚਾਹਤ ਪਾਣੀਪਤ ਦੀ ਲੜਾਈ ਵਿੱਚ ਬਹੁਤ ਮੱਠੀ ਪੈ ਗਈ। ਪੰਜਾਬ ਵਿੱਚ ਜੱਟਾਂ ਦੀ ਗਿਣਤੀ ਵਿੱਚ ਢੇਰ ਸਾਰਾ ਵਾਧਾ ਹੋ ਚੁੱਕਾ ਸੀ, ਕਿਉਂਕਿ ਰਾਜਪੂਤਾਂ ਦੀ ਵੱਡੀ ਗਿਣਤੀ ਜੱਟ ਕਬੀਲੇ ਵਿੱਚ ਤਬਦੀਲ ਹੋ ਚੁੱਕੀ ਸੀ ਅਤੇ ਜੱਟਾਂ/ਕਿਸਾਨਾਂ ਦਾ ਵੱਡਾ ਹਿੱਸਾ ਸਿੱਖ ਧਰਮ ਦਾ ਅਨੁਆਈ ਸੀ। ਵਾਰਿਸ ਸ਼ਾਹ ਕਿੱਸਾ 'ਹੀਰ' ਵਿੱਚ ਜੱਟ ਸੱਭਿਆਚਾਰ ਦੇ ਨਕਸ਼ ਉਘਾੜਨ ਦੀ ਕੋਸ਼ਿਸ਼ ਕਰਦਾ ਹੈ। ਵਾਰਿਸ ਸ਼ਾਹ ਕਿੱਸਾ 'ਹੀਰ' ਦਾ ਅੰਤ ਵੀ ਰਾਜਨੀਤਕ ਹਵਾਲੇ ਨਾਲ ਕਰਦਾ ਹੈ ਕਿ ਪੰਜਾਬ ਦੀ ਸਥਿਤੀ 1766 ਈ. ਵਿੱਚ ਕਿਹੋ ਜਿਹੀ ਹੈ, ਜਿੱਥੇ ਇਹ ਗੱਲ ਸਪੱਸ਼ਟ ਹੋ ਜਾਂਦੀ ਹੈ ਕਿ ਪੰਜਾਬ ਹੁਣ ਮੁਗਲਾਂ ਦੀ ਕੇਂਦਰੀ ਸੱਤਾ ਤੋਂ ਖੁੱਸ ਕੇ ਜੱਟਾਂ ਦੇ ਹੱਥ ਆ ਚੁੱਕਾ ਹੈ।
                                                                                                                                      (ਚਲਦਾ...)






No comments:

Post a Comment