taskeen 9814999426
ਕਿਸ਼ਤ-੨
ਕੇਂਦਰੀ ਸੱਤਾ ਦੀ ਤਾਕਤ ਨਾ ਹੋਣ ਕਾਰਨ ਹਰ ਖਿੱਤੇ ਦੇ ਮਾਲਕ ਸਰਦਾਰ, ਚੌਧਰੀ ਹਨ ਤੇ ਇਨ੍ਹਾਂ ਦੀ ਆਪਣੀ ਸਰਕਾਰ ਹੈ ਜੋ ਜ਼ਾਹਿਰ ਹੈ ਕਿ ਜੱਟ ਸਨ। ਸੰਨ ਯਾਰਾਂ ਸੌ ਅੱਸੀਆਂ ਨਬੀ ਹਿਜਰੀ, ਲੰਮੇ ਦੇਸ ਦੇ ਵਿੱਚ ਤਿਆਰ ਹੋਈ ਅਠਾਰ੍ਹਾਂ ਸੌ ਤੇਈਸੀਆਂ ਸੰਮਤਾਂ ਦਾ, ਰਾਜੇ ਬਿਕਰਮਜੀਤ ਦੇ ਸਾਰ ਹੋਈ ਪਿਆ ਦੇਸ ਦੇ ਵਿੱਚ ਹੈ ਬਹੁਤ ਰੌਲਾ, ਹਰ ਕਿਸੇ ਦੇ ਹੱਥ ਤਲਵਾਰ ਹੋਈ ਦੋ ਦੇਸ ਦੇ ਜੱਟ ਸਰਦਾਰ ਹੋਏ ਘਰੋਂ ਘਰੀ ਨਵੀਂ ਸਰਕਾਰ ਹੋਈ ਅਸ਼ਰਾਫ਼ ਖਰਾਬ ਕਮੀਨ ਤਾਜ਼ੇ ਜ਼ਿਮੀਂਦਾਰ ਨੂੰ ਵੱਡੀ ਬਹਾਰ ਹੋਈ ਚੋਰ ਚੌਧਰੀ, ਯਾਰਨੀ ਪਾਕ ਦਾਮਨ, ਭੂਤ ਮੰਡਲੀ ਇੱਕ ਦੋ ਚਾਰ ਹੋਈ।
ਕਿੱਸਾ ਲਿਖਣ ਦੇ ਦਰਮਿਆਨ ਵੀ ਅਹਿਮਦ ਸ਼ਾਹ ਦਾ ਜ਼ਿਕਰ ਹੋ ਰਿਹਾ ਹੈ ਤੇ ਉਹਨਾਂ ਹਮਲਾਵਰਾਂ ਦੇ ਜ਼ਾਲਮਾਨਾ ਢੰਗਾਂ ਦੇ ਬਿੰਬਾਂ ਦੀ ਵਰਤੋਂ ਹੋ ਰਹੀ, ਜਿਵੇਂ ਫ਼ੌਜਾਂ ਸ਼ਾਹ ਦੀਆਂ ਵਾਰਸਾ, ਮਾਰ ਮਥੁਰਾ, ਮੁੜ ਫਿਰ ਲਾਹੌਰ ਨੂੰ ਆਈਆਂ ਨੀ, ਜਿਵੇਂ ਕਿਸੇ ਅਬਦਾਲ ਨੇ ਭੰਗ ਪੀਤੀ, ਧੜਵੈਲ ਤੇ ਧਾੜਵੀ ਮੁਲਕ ਲੁੱਟਣ, ਅੱਜ ਮਿਲੀ ਪੰਜਾਬ ਕੰਧਾਰੀਆਂ ਨੂੰ ਆਦਿ ਵਾਰ-ਵਾਰ ਜ਼ਿਕਰ ਬਣ ਕੇ ਪੇਸ਼ ਹੋ ਰਹੇ ਹਨ, ਜੋ ਨਵੇਂ ਬਿੰਬ ਰੂਪ ਵਿੱਚ ਵਾਧਾ ਕਰਦੇ ਹਨ। ਜੱਟ ਅਜੇ ਕੁਝ ਚਿਰ ਪਹਿਲਾਂ ਹੀ ਕਬੀਲਾ ਸਮਾਜ 'ਚੋਂ ਸੱਭਿਅਤਾ ਦੀ ਮੁੱਖ ਧਾਰਾ ਵਿੱਚ ਸ਼ਾਮਲ ਹੋਏ ਸਨ ਤੇ ਜਿਨ੍ਹਾਂ ਨੇ ਆਪਣੀਆਂ ਕਬੀਲਾਈ ਰੀਤਾਂ ਵਿੱਚ ਬਹੁਤੀ ਤਬਦੀਲੀ ਵੀ ਨਹੀਂ ਲਿਆਂਦੀ ਸੀ ਅਤੇ ਜਿਨ੍ਹਾਂ ਕੋਲ ਤਾਲੀਮ ਵੀ ਅਜੇ ਗ਼ੈਰ-ਹਾਜ਼ਰ ਸੀ। ਅਜਿਹੇ ਕਬੀਲਾਈ ਸਮਾਜ ਦੀ ਆਰਥਿਕਤਾ, ਸੱਭਿਆਚਾਰ ਉੱਤੇ ਕਬਜ਼ਾ ਵਾਰਿਸ ਦੀ ਪੜ੍ਹੀ ਲਿਖੀ ਜਮਾਤ ਲਈ ਸੱਚਮੁੱਚ ਚਿੰਤਾ ਦਾ ਵਿਸ਼ਾ ਸੀ।
ਜੱਟਾਂ ਦੇ ਵਿਵਹਾਰਕ ਰੂਪ ਨੂੰ ਖੋਲ੍ਹ ਕੇ ਪ੍ਰਗਟ ਕਰਨਾ ਉਸ ਦੀ ਲੋੜ ਸੀ। ਪੰਜਾਬੀ ਸਮਾਜ ਦੀ ਆਰਥਿਕਤਾ 'ਤੇ ਕਾਬਜ਼ ਹੋ ਰਹੀ ਕਿਸਾਨੀ (ਜੱਟ) ਅਨਪੜ੍ਹ ਧਿਰ, ਵਿਚਾਰ ਨਾਲੋਂ ਸਰਦਾਰ ਦੇ ਇਸ਼ਾਰੇ 'ਤੇ ਵੱਧ ਕੰਮ ਕਰਦੀ ਸੀ, ਜਦੋਂ ਕਿ ਕਾਰੀਗਰ ਸ਼੍ਰੇਣੀ ਅਜਿਹਾ ਨਹੀਂ ਕਰ ਰਹੀ ਸੀ। ਇਹ ਕਾਰੀਗਰ ਜਮਾਤ ਜੋ ਤੁਰਕ/ਮੁਗ਼ਲ ਸਾਮਰਾਜ ਦੇ ਵਪਾਰ ਦੀ ਚੂਲ ਸੀ ਤੇ ਆਪਣੇ ਗਿਆਨ ਰਾਹੀਂ ਤੁਰਕਾਂ ਅਤੇ ਮੁਗ਼ਲਾਂ ਦੇ ਵਪਾਰ ਅਤੇ ਪੂੰਜੀ ਵਿੱਚ ਵਾਧਾ ਕਰ ਰਹੀ ਸੀ, ਹੁਣ ਮੁੜ ਤੋਂ ਕਿਸਾਨੀ ਦੇ ਜਜ਼ਮਾਨੀ ਤੰਤਰ ਦੀ ਮਾਰ ਹੇਠ ਤੇਜ਼ੀ ਨਾਲ ਜਾ ਰਹੀ ਸੀ, ਜਿਸ ਤੋਂ ਤੁਰਕਾਂ ਨੇ ਆ ਕੇ ਮੁਕਤ ਕਰਾਇਆ ਸੀ। ਨਕਦ ਮਜ਼ਦੂਰੀ ਦੀ ਬਜਾਏ ਸੇਪੀ ਕਾਰੀਗਰ ਜਮਾਤਾਂ ਦੇ ਗਿਆਨ ਅਤੇ ਚਿੰਤਨ ਨੂੰ ਰੋਲ ਦੇਣ ਦਾ ਰਾਹ ਹੀ ਸੀ, ਪਰ ਇਹ ਹੋਣਾ ਸੀ, ਕਿਉਂਕਿ ਰੋਟੀ ਹਰ ਮਨੁੱਖ ਦੀ ਮਜਬੂਰੀ ਹੈ ਅਤੇ ਰੋਟੀ ਦਾ ਸਾਧਨ ਹੁਣ ਖੇਤੀ ਬਣ ਰਹੀ ਸੀ। ਵਾਰਿਸ ਭਵਿੱਖ ਦੇ ਹਾਲਾਤ ਨੂੰ ਪੜ੍ਹ ਸਕਣ ਦੀ ਸਮਰੱਥਾ ਰੱਖਦਾ ਸੀ ਅਤੇ ਉਹ ਜਾਣਦਾ ਸੀ ਕਿ ਹੁਣ ਭਵਿੱਖ ਉਸ ਦੀ ਪੜ੍ਹੀ ਲਿਖੀ ਜਮਾਤ ਦਾ ਨਹੀਂ, ਸਗੋਂ ਜੱਟਾਂ ਦੀ ਸਰਦਾਰੀ ਦਾ ਹੈ। ਇਸੇ ਕਾਰਨ ਹੀ ਉਹ ਮੁਗਲ ਸ਼ਾਸਨ ਦੀ ਕੇਂਦਰੀ ਸੱਤਾ ਦੀ ਮਜਬੂਤੀ ਦੀ ਸਿਫਤ ਕਰਦਾ ਹੈ, ਜਿਸ ਨੇ ਇਸ ਧਿਰ ਨੂੰ ਸਿਰ ਨਹੀਂ ਸੀ ਚੁੱਕਣ ਦਿੱਤਾ ਅਤੇ ਜਿਸ ਕਾਰਨ ਸਮਾਜ 'ਸ਼ਾਂਤਮਈ' ਵੇਗ ਵਿੱਚ ਤਰੱਕੀ ਕਰ ਰਿਹਾ ਸੀ। ਇਹ ਸੱਚ ਹੈ ਕਿ ਪੰਜਾਬੀ ਭਾਸ਼ਾ, ਸੱਭਿਆਚਾਰ, ਸਾਹਿਤ ਦਾ ਵਿਕਾਸ ਤੁਰਕਾਂ ਅਤੇ ਮੁਗਲਾਂ ਦੀ ਸ਼ਾਂਤਮਈ ਸਲਤਨਤ ਸਮੇਂ ਹੀ ਹੋ ਸਕਿਆ। ਉਹ ਹਮਲਾਵਰਾਂ ਨੂੰ ਗਾਲੀ-ਗਲੋਚ ਹੀ ਕਰਦਾ ਹੈ ਭਾਵੇਂ ਉਹ ਮੁਸਲਮਾਨ ਹੀ ਕਿਉਂ ਨਾ ਹੋਣ। ਵਾਰਿਸ ਲਈ ਲੁਟੇਰਾ 'ਸਗ' ਹੈ ਅਤੇ ਇਸੇ ਲਈ ਪਠਾਨ ਮੁਸਲਮਾਨ ਹੋਣ ਦੇ ਬਾਵਜੂਦ ਹੀਰ ਵਿੱਚ 'ਸਗ' ਬਣ ਕੇ ਪੇਸ਼ ਹੁੰਦੇ ਹਨ। ਜੱਟਾਂ ਦੇ ਪੰਜਾਬ 'ਤੇ ਕਾਬਜ਼ ਹੋ ਜਾਣ ਦੀਆਂ ਟਾਪਾਂ ਦੀ ਆਹਟ ਵਾਰਿਸ ਨੂੰ ਸੁਣ ਰਹੀ ਸੀ। ਇਹੋ ਕਾਰਨ ਹੈ ਕਿ ਉਹ ਆਪਣੇ ਚਿੰਤਨ ਦਾ ਸਾਜ਼ੋ-ਸਾਮਾਨ ਚੁੱਕ ਉਸ ਥਾਂ ਉੱਤੇ ਜਾ ਡੇਰੇ ਲਾਉਂਦਾ ਹੈ, ਜੋ ਉਸ ਦੇ ਵਿਚਾਰ ਨੂੰ ਨਿਭਾਅ ਸਕਣ ਲਈ ਢੁੱਕਵਾਂ ਸੀ। ਵਾਰਿਸ ਦੀ ਤੈਅਸ਼ੁਦਾ ਨੀਤੀ ਅਨੁਸਾਰ ਉਹ ਹੀਰ ਦਾ ਇਸ਼ਕ ਨਵਾਂ ਬਣਾ ਰਿਹਾ ਸੀ, ਯਾਰਾਂ ਅਸਾਂ ਨੂੰ ਆਣ ਸੁਆਲ ਕੀਤਾ, ਇਸ਼ਕ ਹੀਰ ਦਾ ਨਵਾਂ ਬਣਾਈਏ ਜੀ।
ਜਦੋਂ ਦੇਸ ਦੇ ਜੱਟ ਸਰਦਾਰ ਹੋਏ
ਅਠਾਰ੍ਹਵੀਂ ਸਦੀ ਦੇ ਪੰਜਾਬ ਅੰਦਰ ਕਿਸਾਨਾਂ ਦੀ ਬਗ਼ਾਵਤ ਫੈਲ ਗਈ। ਪੰਜਾਬ ਦੇ ਹੇਠਲੇ ਦਰਜੇ ਵਾਲੇ ਕਿਸਾਨਾਂ ਦੀ ਗਿਣਤੀ ਜੱਟ ਸੀ ਜੋ ਸਦੀ ਪਹਿਲਾਂ ਸਿੱਖ ਧਰਮ ਵਿੱਚ ਸ਼ਾਮਲ ਹੋ ਗਏ। ਇਹ ਕਿਸਾਨ ਬਗ਼ਾਵਤਾਂ ਦੀ ਨੁਮਾਇੰਦਗੀ ਸਰਦਾਰ (ਮਿਸਲਦਾਰ) ਕਰ ਰਹੇ ਸਨ ਜੋ ਸਿੱਖ ਧਰਮ ਦੇ ਸਰਗਰਮ ਕਾਰਕੁੰਨ ਸਨ। ਇੱਕ ਤਾਂ ਸਰਦਾਰ ਜੱਟ ਜਾਤੀ ਦੇ ਸਨ ਅਤੇ ਦੂਸਰੇ ਸਿੱਖ ਧਰਮ ਨਾਲ ਸੰਬੰਧਿਤ ਹੋਣ ਕਰਕੇ ਜੱਟਾਂ ਨੇ ਉਹਨਾਂ ਦੀ ਰਹਿਨੁਮਾਈ ਵਿੱਚ ਬਗ਼ਾਵਤ ਦਾ ਝੰਡਾ ਚੁੱਕ ਲਿਆ। ਪੰਜਾਬ ਦੇ ਜੱਟ ਕਿਸਾਨ ਅਤੇ ਉਹਨਾਂ ਦੇ ਸਰਦਾਰ ਸਿੱਖ ਸਰਦਾਰੀ/ਜੱਟ ਸਰਦਾਰੀ ਲਈ ਤਿੱਖੇ ਰੂਪ ਵਿੱਚ ਸਰਗਰਮ ਹੋ ਗਏ। ਇਹ ਇੱਕ ਤਾਂ ਤਲੀਮ ਯਾਫ਼ਤਾ ਨਹੀਂ ਸਨ ਅਤੇ ਦੂਸਰਾ ਕਬੀਲਾਈ ਮਾਨਸਿਕਤਾ ਹੋਣ ਕਾਰਨ ਸਾਹਿਬ ਦੇ ਹੁਕਮ ਅਧੀਨ ਜੰਗ ਲੜ ਰਹੇ ਸਨ। ਇਹਨਾਂ ਅੰਦਰ ਰੋਹ ਅਤੇ ਜੋਸ਼ ਦੀਆਂ ਠਾਠਾਂ ਆਪਣੇ ਰਾਜ ਲਈ ਜੰਗ ਵਿੱਢ ਚੁੱਕੀਆਂ ਸਨ। ਇਹ ਸਰਦਾਰ ਸਿੱਖ ਅਤੇ ਜੱਟ ਹੋਣ ਦੇ ਬਾਵਜੂਦ ਇੱਕੋ ਥਾਂ ਤੋਂ ਲੜਨ ਦੀ ਬਜਾਏ ਗੋਤਰ ਆਧਾਰਿਤ ਮਿਸਲਦਾਰੀ ਅਧੀਨ ਲੜ ਰਹੀਆਂ ਸਨ। ਇਸੇ ਕਾਰਨ ਜਿੱਥੇ ਇਹ ਪੰਜਾਬ ਦੇ ਵੱਖ-ਵੱਖ ਮੁਸਲਮਾਨ ਹਾਕਮਾਂ ਦੇ ਖ਼ਿਲਾਫ਼, ਹਮਲਾਵਰ ਨਾਦਰਸ਼ਾਹ ਅਤੇ ਅਹਿਮਦ ਸ਼ਾਹ ਦੇ ਖਿਲਾਫ਼ ਲੜਨ ਦੇ ਨਾਲ-ਨਾਲ ਆਪਸ ਵਿੱਚ ਵੀ ਲੜ ਰਹੇ ਸਨ। ਹਰ ਸਰਦਾਰ ਆਪਣੀ ਚੌਧਰ/ਸਰਦਾਰੀ ਲਈ ਵੀ ਲੜ ਰਿਹਾ ਸੀ। ਮੁਸਲਮਾਨ ਜੱਟ ਸਰਦਾਰਾਂ ਦੇ ਅਧੀਨ ਮੁਸਲਮਾਨ ਕਿਸਾਨ ਨਹੀਂ ਸਨ ਅਤੇ ਉਹ ਆਪਣੀ ਚੌਧਰ ਜਾਂ ਸਿੱਖ ਸਰਦਾਰਾਂ ਨਾਲ ਟੱਕਰ ਵਜੋਂ ਆਪਣੀ ਸਰਕਾਰੀ ਫ਼ੌਜ ਵਰਤ ਰਹੇ ਸਨ।
ਇਸ ਗੱਲ ਵੱਲ ਉਚੇਚਾ ਧਿਆਨ ਦੇਣ ਦੀ ਲੋੜ ਹੈ ਕਿ ਭਾੜੇ ਦਾ ਸਿਪਾਹੀ ਕਦੇ ਵੀ ਜੋਸ਼ ਵਿੱਚ ਜੰਗ ਨਹੀਂ ਲੜਦਾ, ਕਿਉਂਕਿ ਉਸ ਦੀ ਗਰਜ ਰੋਟੀ ਹੁੰਦੀ ਹੈ ਅਤੇ ਜਿੱਤ ਸਰਦਾਰ/ਬਾਦਸ਼ਾਹ ਦੀ ਹੁੰਦੀ ਹੈ। ਇਹੋ ਹੀ ਗੱਲ ਮੁਸਲਿਮ ਸਰਦਾਰਾਂ ਦੀ ਸੀ, ਜਿਨ੍ਹਾਂ ਕੋਲ ਭਾੜੇ ਦੇ ਸਿਪਾਹੀ ਸਨ ਜੋ ਉਤਸ਼ਾਹਹੀਣੇ ਸਨ। ਗ਼ੈਰ-ਉਤਸ਼ਾਹੀ ਕਰਿੰਦਿਆਂ ਦੀ ਹਾਰ ਯਕੀਨੀ ਹੁੰਦੀ ਹੈ। ਇਸ ਦੇ ਐਨ ਉਲਟ ਸਿੱਖ ਸਰਦਾਰਾਂ ਕੋਲ ਭਾੜੇ ਦੇ ਸਿਪਾਹੀ ਨਹੀਂ ਸਨ। ਉਹਨਾਂ ਦੇ ਸਿਪਾਹੀ ਕਿਸਾਨ ਸਨ ਜੋ ਪੂਰਨ ਰੂਪ ਵਿੱਚ ਬਾਗੀ ਉਤਸ਼ਾਹੀ, ਮਿਸ਼ਨਰੀ ਅਤੇ ਆਪਣੇ ਰਾਜ ਦੀ ਤਾਂਘ ਵਿੱਚ ਲੜ ਰਹੇ ਸਨ। ਇਹ ਗੁਰੀਲੇ ਹੁਕਮ ਦੀ ਤਾਬੀਰ ਲਈ ਹਮੇਸ਼ਾਂ ਸਿਰ ਦੀ ਬਾਜ਼ੀ ਲਾਉਣ ਲਈ ਤਿਆਰ ਰਹਿੰਦੇ। ਇਸੇ ਕਰਕੇ ਮੁਸਲਮਾਨ ਸਰਕਾਰਾਂ/ਹਾਕਮਾਂ ਦੀ ਫ਼ੌਜ ਦੀ ਹਾਰ ਯਕੀਨੀ ਸੀ, ਕਿਉਂਕਿ ਉਹਨਾਂ ਕੋਲ ਲੜਨ ਵਾਲੇ ਪਿਆਦੇ ਭਾੜੇ ਦੇ ਸਿਪਾਹੀ ਸਨ। ਇਹਨਾਂ ਕਿਸਾਨ ਸਿਪਾਹੀਆਂ ਦਾ ਸੰਬੰਧ ਸਿੱਖ ਧਰਮ ਨਾਲ ਸੀ, ਇਸ ਕਰਕੇ ਜਿੱਤ ਦਾ ਸਿਹਰਾ ਸਿੱਖ ਧਰਮ ਦੀ ਜਿੱਤ ਨਾਲ ਬੱਝਿਆ। ਅਠਾਰ੍ਹਵੀਂ ਸਦੀ ਦੌਰਾਨ ਹੀ ਸਿੱਖ ਸਰਦਾਰ ਪੰਜਾਬ ਦੇ ਰਾਜ 'ਤੇ ਕਾਬਜ਼ ਹੋ ਗਏ। ਅਠਾਰ੍ਹਵੀਂ ਸਦੀ ਤੋਂ ਪਹਿਲਾਂ ਸਿੱਖ ਧਰਮ ਖੱਤਰੀਆਂ ਦੀ ਸਰਗਰਮੀ ਦਾ ਕੇਂਦਰ ਸੀ ਅਤੇ ਅਠਾਰ੍ਹਵੀਂ ਸਦੀ ਦੇ ਸਿੱਖ ਧਰਮ ਦੀ ਵਾਗਡੋਰ ਦਾ ਸਾਰਾ ਦਾਰੋਮਦਾਰ ਜੱਟ ਸਰਦਾਰਾਂ ਦੇ ਹੱਥ ਸੀ। ਜੋ ਲੋਕ ਲੜ ਰਹੇ ਹੁੰਦੇ ਸਨ, ਸੱਤਾ ਉਹਨਾਂ ਦੇ ਹੱਥ ਹੀ ਆਉਣੀ ਹੁੰਦੀ ਹੈ। ਇੱਥੇ ਇੱਕ ਗੱਲ ਨੂੰ ਧਿਆਨ ਨਾਲ ਵੇਖਿਆ ਜਾਣਾ ਚਾਹੀਦਾ ਹੈ ਕਿ ਪਟਿਆਲੇ ਵਾਲੀ ਮਿਸਲ ਦਾ ਮਿਸਲਦਾਰ ਕਿਉਂਕਿ ਸਿੱਖ ਧਰਮ ਦੇ ਮਿਸ਼ਨਰੀ ਕਾਰਜ ਅਧੀਨ ਨਹੀਂ ਸੀ ਤੇ ਨਾ ਹੀ ਉਸ ਦੀ ਮਿਸਲ ਅਧੀਨ ਬਾਗੀ ਕਿਸਾਨ ਸਨ। ਇਸੇ ਲਈ ਉਹ ਅਹਿਮਦ ਸ਼ਾਹ ਨਾਲ ਸਮਝੌਤਾ ਕਰਕੇ ਉਸ ਨੂੰ ਤਿੰਨ ਲੱਖ ਰੁਪਈਆ ਦੇਣਾ ਮੰਨ ਜਾਂਦਾ ਹੈ, ਜਦੋਂ ਕਿ ਬਾਗੀਆਂ ਦੇ ਸਰਦਾਰ ਅਹਿਮਦ ਸ਼ਾਹ ਨਾਲ ਸਮਝੌਤੇ ਦੀ ਬਜਾਏ ਉਸ ਉੱਪਰ ਹਮਲਾ ਕਰਨ ਵਿੱਚ ਯਕੀਨ ਰੱਖਦੇ ਸਨ। ਪਟਿਆਲੇ ਦੇ ਮਿਸਲਦਾਰ ਦੀ ਅਹਿਮਦ ਸ਼ਾਹ ਨਾਲ ਤਿੰਨ ਲੱਖ ਦੀ ਦੇਣਦਾਰੀ ਨੂੰ ਜੱਸਾ ਸਿੰਘ ਆਹਲੂਵਾਲੀਆ ਉਗਰਾਉਂਦਾ ਹੈ। ਭਾਵ ਜੱਟ/ਸਿੱਖ ਸਰਦਾਰ ਆਪਣੇ ਅਧੀਨ ਬਾਗੀ ਕਿਸਾਨਾਂ/ਸਿਪਾਹੀਆਂ ਦੇ ਮਿਸ਼ਨਰੀ ਬਲ ਸਦਕਾ ਪੰਜਾਬ ਵਿੱਚ ਬਹੁਤ ਜਲਦੀ ਕਾਬਜ਼ ਹੋ ਗਏ ਜਦੋਂ ਕਿ ਮੁਸਲਮਾਨ ਸਰਦਾਰ/ਹਾਕਮ ਇਸ ਦੀ ਅਣਹੋਂਦ ਕਾਰਨ ਹਾਰ ਗਏ, ਪਰ ਉਹਨਾਂ ਦੇ ਸਮਝੌਤਿਆਂ ਨੇ ਉਹਨਾਂ ਦੀ ਜਗੀਰਦਾਰੀ ਖੁੱਸਣ ਨਾ ਦਿੱਤੀ ਅਤੇ ਉਹ ਮੁਗਲ ਸਲਤਨਤ ਨੂੰ ਮਾਲੀਆ ਦੇਣ ਦੀ ਬਜਾਏ ਮਹਾਰਾਜਾ ਨੂੰ ਦੇਣ ਲੱਗ ਪਏ। ਵਾਰਿਸ ਇਸ ਕਾਬਜ਼ ਹੋ ਰਹੇ ਜੱਟ ਵਰਤਾਰੇ ਵਿੱਚੋਂ ਹੀ ਕਿੱਸੇ ਦੇ ਅੰਤ ਸਮੇਂ ਦੇ ਹਾਲਾਤ ਕਲਮਬੰਦ ਕਰਦਾ ਹੈ।
ਬਹੁਤ ਸਾਰੇ ਇਤਿਹਾਸਕਾਰ ਇਸ ਗੱਲ ਨਾਲ ਸਹਿਮਤ ਹਨ ਕਿ ਸਿੱਖ ਸੱਤਾ ਨੇ ਬਾਬਾ ਬੰਦਾ ਸਿੰਘ ਦੀ ਜਰਨੈਲੀ ਅਧੀਨ ਤਾਕਤ ਫੜੀ, ਕਿਉਂਕਿ ਮੁਗਲ ਰਾਜ ਦੇ ਪਤਨ ਕਾਰਨ ਹਾਲਾਤ ਵਿਦਰੋਹ ਲਈ ਸਾਜਗਾਰ ਹੋ ਗਏ ਸਨ। ਉਹ ਪਹਿਲਾਂ ਵਾਂਗ ਹੀ ਗੈਰ ਜੱਟ ਸਿੱਖ ਜਰਨੈਲ ਸੀ, ਜੋ ਪੰਜਾਬ ਪਹੁੰਚਦਿਆਂ ਹੀ ਇੱਕ ਵੱਡੀ ਅਤੇ ਕਾਮਯਾਬ ਫ਼ੌਜ ਬਣਾਉਣ ਵਿੱਚ ਸਫਲ ਹੋ ਗਿਆ। ਉਸ ਦੇ ਹਮਲਿਆਂ ਵੇਲੇ ਤੱਕ ਮੁਗਲ ਸਲਤਨਤ ਡਾਵਾਂਡੋਲਤਾ ਦੀ ਸਥਿਤੀ ਵਿੱਚ ਪਹੁੰਚ ਚੁੱਕੀ ਸੀ। ਉਸ ਦੀਆਂ ਲੜਾਈਆਂ ਅਤੇ ਜਿੱਤਾਂ ਦਾ ਸਮਾਂ ਮਹਿਜ਼ ਦੋ ਢਾਈ ਸਾਲ ਹੀ ਰਿਹਾ, ਪਰ ਉਸ ਨੇ ਕੇਂਦਰੀ ਅਤੇ ਲਾਹੌਰ ਸੱਤਾ ਵਿੱਚ ਭਾਜੜ ਪਾ ਦਿੱਤੀ ਸੀ। ਬਾਬਾ ਬੰਦਾ ਸਿੰਘ ਨੇ ਉਹਨਾਂ ਲੋਕਾਂ ਨੂੰ ਆਪਣੇ ਝੰਡੇ ਥੱਲੇ ਇਕੱਠਿਆਂ ਹੋਣ ਦਾ ਸੱਦਾ ਦਿੱਤਾ ਜੋ ਕਿਸਾਨ/ਲਤਾੜੇ ਹੋਏ ਸਨ, ਇਸੇ ਕਰਕੇ ਉਸ ਦੀ ਫ਼ੌਜ ਵਿੱਚ ਗ਼ੈਰ ਕਿਸਾਨਾਂ ਦੀ ਭਰਤੀ ਹੋ ਗਈ। ਲੋਕ ਬਾਬਾ ਬੰਦਾ ਸਿੰਘ ਦੀ ਧਿਰ ਨਾਲ ਪਲੋ-ਪਲੀਂ ਆ ਜੁੜੇ। ਕਿਸਾਨ ਤਾਂ ਪਹਿਲਾਂ ਹੀ ਬਗਾਵਤ 'ਤੇ ਉਤਾਰੂ ਸਨ, ਉਹਨਾਂ ਨੂੰ ਤਾਂ ਜਰਨੈਲ ਦੀ ਲੋੜ ਸੀ ਜੋ ਆਪਣੇ-ਆਪ ਆ ਬਹੁੜਿਆ ਸੀ। ਇਸ 'ਖਾਲਸਾ' ਫ਼ੌਜ ਵਿੱਚ ਵੱਡੀ ਗਿਣਤੀ ਕਿਸਾਨਾਂ/ਜੱਟਾਂ ਦੀ ਸੀ। ਇਹ ਉਹ ਵਿਦਰੋਹ ਸੀ ਜੋ ਗੁਰੀਲਾ ਰੂਪ ਨਾਲ ਵਿੱਢਿਆ ਗਿਆ ਅਤੇ ਇਹ ਹਕੂਮਤ ਨਾਲ ਜਨਤਾ ਦੀਆਂ ਵਿਰੋਧਤਾਈਆਂ ਦਾ ਸਿੱਟਾ ਸੀ। ਜ਼ਾਹਿਰ ਹੈ ਕਿ ਉਹਨਾਂ ਕਿਸਾਨਾਂ/ਜੱਟਾਂ ਦੇ ਸੇਪੀਏ ਵੀ ਉਹਨਾਂ ਦੇ ਨਾਲ ਹੀ ਇਸ ਜੰਗ ਵਿੱਚ ਵੜੇ ਹੋਣਗੇ, ਜਿਨ੍ਹਾਂ ਦੀ ਗਿਣਤੀ ਉੱਨੀ ਕੁ ਹੀ ਹੋਵੇਗੀ, ਜਿੰਨਾ ਕੁ ਸੇਪੀਆਂ ਦਾ ਅਨੁਪਾਤ ਹੁੰਦਾ ਹੈ। ਬਾਬਾ ਬੰਦਾ ਸਿੰਘ ਦੀ ਗੁਰਦਾਸ ਨੰਗਲ ਵਾਲੀ ਗ੍ਰਿਫ਼ਤਾਰੀ ਵੱਲ ਧਿਆਨ ਦੇਈਏ ਤਾਂ ਇੱਕ ਸਵਾਲ ਖੜ੍ਹਾ ਹੁੰਦਾ ਹੈ ਕਿ ਉਹ ਅੱਠ ਮਹੀਨਿਆਂ ਤੱਕ ਘਿਰੇ ਰਹੇ ਅਤੇ ਹੋਰ ਕੋਈ ਉਹਨਾਂ ਦੇ ਬਚਾਓ ਲਈ ਨਹੀਂ ਬਹੁੜਿਆ ਜਦੋਂ ਕਿ ਬਿਨੋਦ ਸਿੰਘ ਵੀ ਬਾਬਾ ਬੰਦਾ ਸਿੰਘ ਦੇ ਨਾਲੋਂ ਲਾਹੌਰ ਫ਼ੌਜਾਂ ਦੇ ਘੇਰੇ 'ਚੋਂ ਬਚ ਕੇ ਨਿਕਲ ਚੁੱਕੇ ਸਨ। ਉਮੀਦ ਕੀਤੀ ਜਾ ਸਕਦੀ ਸੀ ਕਿ ਉਹ ਬਾਹਰ ਬੈਠੇ ਸਿੱਖਾਂ ਨੂੰ ਤਿਆਰ ਕਰਕੇ ਫ਼ੌਜਾਂ ਦੇ ਘੇਰੇ ਨੂੰ ਖਦੇੜਦੇ, ਪਰ ਅਜਿਹਾ ਨਾ ਕੀਤਾ ਗਿਆ। ਬਾਬਾ ਬੰਦਾ ਸਿੰਘ ਦੀ ਹਾਰ ਦਾ ਕਾਰਨ ਤੱਤ ਖਾਲਸਾ ਦੀ ਹਕੂਮਤ ਨਾਲ ਮਿਲੀ ਭੁਗਤ ਸੀ ਤੇ ਜਿਸ ਨੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਬਾਅਦ ਵਿੱਚ ਸਿੱਖ ਰਹਿਤਾਂ ਦਾ ਵਿਰੋਧੀ ਪ੍ਰਚਾਰਿਆ। ਇਹ ਉਹੀ ਤੱਤ ਖਾਲਸਾ ਹੈ, ਜਿਹੜਾ ਮੁਗ਼ਲ ਬਾਦਸ਼ਾਹ ਫਰੁਖਸ਼ੀਅਰ ਤੋਂ ਪਦਾਰਥਕ ਲਾਭ ਪ੍ਰਾਪਤ ਹਿੱਤ ਕਰਨ ਬਾਬਾ ਬੰਦਾ ਸਿੰਘ ਬਹਾਦਰ ਨੂੰ ਮੰਝਦਾਰ ਵਿੱਚ ਫਸਿਆ ਛੱਡ ਗਿਆ ਸੀ। ਤੱਤ ਖਾਲਸਾ ਸ਼ਾਇਦ ਬਾਬਾ ਬੰਦਾ ਸਿੰਘ ਬਹਾਦਰ ਦੀ ਹੇਠਲੀਆਂ ਜਾਤਾਂ ਨੂੰ ਮਾਲਕੀ ਦੇ ਅਧਿਕਾਰ ਦੇਣ ਤੋਂ ਖਿੱਝ ਗਿਆ ਹੋਵੇ ਜੋ ਗੁਰੂ ਸਾਹਿਬ ਅਤੇ ਬਾਬਾ ਬੰਦਾ ਸਿੰਘ ਬਹਾਦਰ ਦੀ ਨੀਤੀ ਸੀ ਤੇ ਇਸ ਨਾਲ ਜਗੀਰੂ ਮਾਲਕੀ ਦੇ ਅਧਿਕਾਰ ਖੁੱਸ ਰਹੇ ਸਨ, ਕਿਉਂਕਿ ਚੂਹੜੇ ਅਤੇ ਚਮਾਰਾਂ ਨੂੰ ਉਨ੍ਹਾਂ ਦੇ ਪਿੰਡਾਂ ਦੇ ਚੌਧਰੀ ਬਣਾ ਕੇ ਬਾਬਾ ਬੰਦਾ ਸਿੰਘ ਨੇ ਸਥਾਪਿਤ ਸਾਮਾਜਿਕ ਢਾਂਚੇ ਨੂੰ ਪੂਰੀ ਤਰ੍ਹਾਂ ਉਲਟਾ ਦਿੱਤਾ ਸੀ। ਅਮੀਰਾਂ ਅਤੇ ਜਗੀਰਦਾਰਾਂ ਕੋਲ ਉਹਨਾਂ ਦਾ ਹੁਕਮ ਮੰਨਣ ਤੋਂ ਬਿਨਾਂ ਕੋਈ ਚਾਰਾ ਨਹੀਂ ਰਹਿ ਗਿਆ ਸੀ।
ਅਸੀਂ ਦੇਖਦੇ ਹਾਂ ਕਿ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਤੋਂ ਬਾਅਦ ਤਿਆਰ ਹੋਈਆਂ ਮਿਸਲਾਂ ਸਰਦਾਰਾਂ/ਜੱਟਾਂ ਦੇ ਅਧੀਨ ਹੀ ਸਨ ਅਤੇ ਇਹਨਾਂ ਫ਼ੌਜਾਂ ਵਿਚਲੀ ਭਰਤੀ ਵੀ ਜੱਟਾਂ ਦੀ ਹੀ ਸੀ। ਇੱਕ ਤਰਖਾਣ ਅਤੇ ਇੱਕ ਕਲਾਲ ਮਿਸਲ ਵਿੱਚ ਵੱਡੀ ਗਿਣਤੀ ਕ੍ਰਮਵਾਰ ਤਰਖਾਣਾਂ ਅਤੇ ਕਲਾਲਾਂ ਦੀ ਸੀ। ਤਾਂ ਜੱਟ ਸਰਦਾਰਾਂ ਦੀਆਂ ਮਿਸਲਾਂ ਵਿਚਲੀ ਭਰਤੀ ਵੀ ਜੱਟਾਂ ਦੀ ਹੀ ਹੋਵੇਗੀ। ਚੌਧਰੀ ਫੂਲ ਦੇ ਪੁਰਖੇ ਤਾਂ ਮੁਗਲ ਸ਼ਾਸਨ ਦੇ ਢਾਂਚੇ ਅਧੀਨ ਹੀ ਸੱਤਾ ਪ੍ਰਾਪਤ ਕਰ ਚੁੱਕੇ ਸਨ। ਬਾਬਾ ਆਲਾ ਸਿੰਘ ਦੀ ਦੇਖ-ਰੇਖ ਹੇਠਲੀ ਮਿਸਲ ਫੂਲਕੀਆ ਅਤੇ ਬਾਕੀ ਮਿਸਲਾਂ ਵਿੱਚ ਵਖਰੇਵਾਂ ਇਹ ਸੀ ਕਿ ਆਲਾ ਦੀ ਮਿਸਲ ਹਰ ਸਮੇਂ ਸੱਤਾ ਲਈ ਸਮਝੌਤੇ ਨੂੰ ਪਹਿਲ ਦਿੰਦੀ ਜਦੋਂ ਕਿ ਬਾਕੀ ਮਿਸਲਾਂ ਦੇ ਸਰਦਾਰ ਜੰਗ ਤੇ ਆਪਣੇ ਹੱਕ ਨੂੰ।
ਅਠਾਰ੍ਹਵੀਂ ਸਦੀ ਦੇ ਪੰਜਵੇਂ ਦਹਾਕੇ ਵਿੱਚ ਲੜਨ ਵਾਲੇ ਜੱਟਾਂ ਦੀ ਗਿਣਤੀ ਵੱਧਦੀ ਹੀ ਗਈ, ਕਿਉਂਕਿ ਜ਼ਕਰੀਆ ਖਾਨ ਤੇ ਮੀਰ ਮੰਨੂੰ ਦਾ ਫ਼ੌਜੀ ਖਰਚਾ ਬਹੁਤ ਵੱਧ ਗਿਆ ਸੀ, ਕਿਉਂਕਿ ਮੁਇਨ-ਉਲ-ਮੁਲਕ ਨੇ ਕੇਂਦਰੀ ਏਸ਼ੀਆ 'ਚੋਂ ਫ਼ੌਜੀ ਭਰਤੀ ਕਰ ਲਈ ਸੀ ਅਤੇ ਅਬਦਾਲੀ ਦੇ ਹਮਲੇ ਵਿੱਚ ਹਾਰ ਕਾਰਨ ਲੱਖਾਂ ਰੁਪਏ ਦੇ ਕੇ ਸਮਝੌਤਾ ਕਰਨਾ ਪਿਆ ਸੀ। ਜੱਟਾਂ ਉੱਪਰ ਲਗਾਨ ਦੀ ਦਰ ਵੱਧਦੀ ਜਾਂਦੀ ਤੇ ਉਹਨਾਂ ਦੀ 'ਭੁੱਖ' ਉਹਨਾਂ ਨੂੰ ਵਿਦਰੋਹ ਕਰਨ ਲਈ ਮਜਬੂਰ ਕਰ ਦਿੰਦੀ। ਅਬਦਾਲੀ ਹਮਲੇ ਵੇਲੇ ਲਾਹੌਰ ਦਰਬਾਰ ਦੀ ਫ਼ੌਜ ਇਹਨਾਂ ਗੁਰੀਲਿਆਂ ਨਾਲ ਲੜ ਰਹੀ ਸੀ।
ਫ਼ੌਜ ਦੀ ਦੋ ਥਾਈਂ ਵੰਡ ਵੀ ਮੁਇਨ-ਉਲ-ਮੁਲਕ ਦੀ ਹਾਰ ਦਾ ਵੱਡਾ ਕਾਰਨ ਸੀ ਅਤੇ ਤੀਸਰਾ ਕਾਰਨ ਬਾਦਸ਼ਾਹ ਦਿੱਲੀ ਦਾ ਕਮਾਊਂ ਦੀ ਲੜਾਈ ਵਿੱਚੋਂ ਪੱਛੜ ਕੇ ਆਉਣਾ ਸੀ। ਇਹਨਾਂ ਕਿਸਾਨ ਬਗ਼ਾਵਤਾਂ ਅਤੇ ਅਬਦਾਲੀ ਹਮਲਿਆਂ ਦੀ ਲੁੱਟ-ਖੋਹ ਨੇ ਪੰਜਾਬ ਵਿੱਚ ਮੁਗ਼ਲ ਹਕੂਮਤ ਦੀ ਬਿਲਕੁਲ ਖਸਤਾ ਹਾਲਤ ਕਰ ਦਿੱਤੀ ਸੀ। ਇਸ ਦੋਹਰੀ ਲੜਾਈ ਵਿੱਚ ਹਾਰ ਸੂਬੇਦਾਰ ਲਾਹੌਰ ਦੀ ਹੋਣੀ ਸੀ, ਕਿਉਂਕਿ ਹਰ ਤਰ੍ਹਾਂ ਦੇ ਸਰਦਾਰਾਂ, ਚੌਧਰੀਆਂ ਨੇ ਆਪਣੀ ਪ੍ਰਭੂਸੱਤਾ ਦਾ ਐਲਾਨ ਕੀਤਾ ਹੋਇਆ ਸੀ। ਇਸ ਕਾਰਨ ਸੂਬਾ ਪੰਜਾਬ ਬਹੁ ਸੱਤਾ ਦਾ ਖੇਤਰ ਬਣ ਚੁੱਕਾ ਸੀ। ਜੱਟਾਂ ਨੂੰ ਆਪਣੀ ਹੋਂਦ ਬਚਾਉਣ ਲਈ 'ਆਪਣਾ ਰਾਜ' ਸਥਾਪਿਤ ਕਰਨ ਤੋਂ ਇਲਾਵਾ ਕੋਈ ਰਾਹ ਨਹੀਂ ਸੀ। ਮਿਸਲਾਂ ਭਾਵੇਂ ਇੱਕੋ ਸਿੱਖ ਧਰਮ ਦੇ ਅਧੀਨ ਲੜਦੀਆਂ ਸਨ, ਪਰ ਇਹਨਾਂ ਦਾ ਆਪਸੀ ਟੰਟਾ ਵੀ ਬਰਕਰਾਰ ਰਹਿੰਦਾ ਤੇ ਮਗਰੋਂ ਸਭ ਰਾਜਿਆਂ ਨੇ ਜਦੋਂ ਇੱਕ ਮਹਾਰਾਜੇ ਦੀ ਅਧੀਨਤਾ ਸਵੀਕਾਰੀ ਤਦ ਇਸ ਟੰਟੇ ਵਿੱਚ ਕੁਝ ਸੁਧਾਰ ਹੋਇਆ। ਸਿੱਖ ਮਿਸਲਦਾਰਾਂ ਕੋਲ 1761 ਤੱਕ ਇੱਕ ਵੱਡੀ ਫ਼ੌਜ ਬਣ ਗਈ ਸੀ, ਜਿਨ੍ਹਾਂ ਦੀ ਗਿਣਤੀ ਲੱਗਪੱਗ ਚਾਲੀ ਤੋਂ ਪੰਜਾਹ ਹਜ਼ਾਰ ਘੋੜ-ਸਵਾਰਾਂ ਤੱਕ ਪੁੱਜ ਗਈ ਸੀ। ਇਹ ਲੜਾਈ ਮੁੱਖ ਰੂਪ 'ਚ ਤਿੰਨ ਧਿਰੀ ਸੀ। ਇਸ ਬਦਅਮਨੀ ਨੇ ਪੰਜਾਬ ਦੇ ਵਿਕਾਸ ਦੀਆਂ ਜੜ੍ਹਾਂ ਪੁੱਟ ਦਿੱਤੀਆਂ ਸਨ।
ਤਿਜਾਰਤੀ ਪੂੰਜੀ ਤੇ ਸਾਮੰਤੀ ਪੂੰਜੀ
ਪੰਜਾਬ ਦੀ ਲੰਬਾ ਸਮਾਂ ਚਲਦੀ ਇਸ ਅਧੋਗਤੀ ਨੂੰ ਵਾਰਿਸ 'ਕਿੱਸਾ ਹੀਰ' ਵਿੱਚ ਕਲਮਬੱਧ ਕਰਦਾ ਹੈ। ਉਸ ਦੇ ਸਮੁੱਚੇ ਕਿੱਸੇ ਵਿੱਚ ਘੋੜਿਆਂ ਦੀਆਂ ਟਾਪਾਂ ਅਤੇ ਤਤਾਰਾਂ ਦੀ ਲੁੱਟ ਦੇ ਦ੍ਰਿਸ਼ ਉਪਜਦੇ ਹਨ। ਉਸ ਦਾ ਚੌਕੰਨਾ ਚਿੰਤਨ ਇਸ ਸਥਿਤੀ ਉੱਪਰ ਕੇਂਦਰਿਤ ਹੋਣਾ ਲਾਜ਼ਮੀ ਸੀ। ਉਸ ਦਾ ਕਿੱਸਾ ਇਸ ਅਧੋਗਤੀ ਦੇ ਮਾਹੌਲ ਵਿੱਚ ਹੀ ਸੰਪੰਨ ਹੁੰਦਾ ਹੈ। ਹੀਰ ਦੀ ਕਥਾ ਉੱਭਰ ਰਹੀ ਜੱਟ ਜ਼ਿਮੀਂਦਾਰਾਂ ਦੀ ਜਮਾਤ ਉੱਪਰ ਕੇਂਦਰਿਤ ਹੈ, ਕਿਉਂਕਿ ਇਹਨਾਂ ਹਾਲਾਤ ਦੇ ਸਨਮੁੱਖ ਵਾਰਿਸ ਦੀ ਪੜ੍ਹੀ-ਲਿਖੀ ਜਮਾਤ ਹਾਸ਼ੀਏ 'ਤੇ ਧੱਕੀ ਜਾ ਰਹੀ ਸੀ। ਮੁਗਲ ਰਾਜ ਨੂੰ ਢਾਹ ਲਾਉਣ ਵਾਲੇ ਕਿਸਾਨ ਨਹੀਂ, ਜ਼ਿਮੀਂਦਾਰ ਸਨ। ਇਹ ਗੱਲ ਠੀਕ ਹੈ ਅਤੇ ਵਾਰਿਸ ਇਸ ਗੱਲ ਬਾਰੇ ਬਿਲਕੁਲ ਸਾਫ਼ ਹੈ ਕਿ ਪੰਜਾਬ ਦੀ 'ਮੁਗਲ' ਸੱਤਾ ਨੂੰ ਢਾਹ ਲਾਉਣ ਵਾਲਾ ਇਹ ਕਮੀਨ ਵਰਗ (ਜੱਟ/ਕਿਸਾਨ) ਹੀ ਹੈ ਜੋ ਬਗ਼ਾਵਤ ਕਰਕੇ ਚੌਧਰੀਆਂ/ਸਰਦਾਰਾਂ/ਜ਼ਿਮੀਂਦਾਰ ਦੀ ਲੜਨ ਦੀ ਤਾਕਤ ਅਤੇ ਤੋਪ ਦਾ ਚਾਰਾ ਬਣਿਆ। ਜ਼ਿਮੀਂਦਾਰ ਵਰਗ ਜੋ ਪਹਿਲਾਂ ਚੌਧਰੀ ਸੀ ਅਤੇ ਹੇਠਲੀ ਜਮਾਤ ਦੀ ਬਗ਼ਾਵਤ ਨੇ ਉਹਨਾਂ ਦੀ ਤਾਕਤ ਨੂੰ ਕਈ ਗੁਣਾ ਵਧਾ ਦਿੱਤਾ ਸੀ। ਕੇਂਦਰੀ ਹਕੂਮਤ ਦੀ ਗੈਰ-ਹਾਜ਼ਰੀ/ਕਮਜ਼ੋਰੀ ਨਾਲ ਇਹ ਪ੍ਰਭੂ ਸੰਪੰਨ ਹੋ ਕੇ ਘਰੋ-ਘਰੀਂ ਨਵੀਂ ਸਰਕਾਰ ਬਣਾ ਬੈਠੇ। ਭਾਵ ਹਰ ਸੱਤਾ ਕਿਸੇ ਕੇਂਦਰੀ ਹੁਕਮ ਦੀ ਬਜਾਏ ਆਪਣੀ ਮਰਜ਼ੀ ਅਨੁਸਾਰ ਚੱਲ ਰਹੀ ਸੀ। ਇਸ ਤਰ੍ਹਾਂ ਵਾਰਿਸ ਸਥਿਤੀ ਨੂੰ ਸਹੀ ਰੂਪ 'ਚ ਵਾਚਦਿਆਂ ਹੀ ਇਤਿਹਾਸ ਨੂੰ ਪੇਸ਼ ਕਰਨ ਦੀ ਕੋਸ਼ਿਸ਼ ਕਰਦਾ ਹੈ, ਕਿਉਂਕਿ ਉਸ ਕੋਲ ਇਤਿਹਾਸਕਾਰੀ ਦੀ ਪਰੰਪਰਾ ਵੀ ਹੈ।
ਇੱਥੇ ਇਹ ਗੱਲ ਸਪੱਸ਼ਟ ਹੋ ਜਾਂਦੀ ਹੈ ਕਿ ਤੁਰਕਾਂ ਅਤੇ ਮੁਗਲਾਂ ਦੀ ਤਿਜ਼ਾਰਤੀ ਪੂੰਜੀ ਦਾ ਅੰਤ ਮੁਗਲ ਸੱਤਾ ਦੀ ਤਬਾਹੀ ਨਾਲ ਵਾਪਰਿਆ। ਇਸ ਤਿਜ਼ਾਰਤੀ ਪੂੰਜੀ ਵਿੱਚੋਂ ਉਹ ਜਮਾਤ ਨਾ ਪੈਦਾ ਹੋ ਸਕੀ ਜੋ ਇਸ ਨੂੰ ਉਦਯੋਗਿਕ ਪੂੰਜੀ ਵਿੱਚ ਬਦਲ ਸਕਦੀ। ਸਿੱਟਾ ਇਹ ਨਿਕਲਿਆ ਕਿ ਤਿਜ਼ਾਰਤੀ ਪੂੰਜੀ ਦਾ ਬਦਲ ਮੁੜ ਸਾਮੰਤੀ/ਜਗੀਰੂ ਪੂੰਜੀ ਬਣ ਗਈ ਭਾਵ ਸਮਾਂ ਅੱਗੇ ਨੂੰ ਤੁਰਨ ਦੀ ਬਜਾਏ ਪਿੱਛੇ ਨੂੰ ਤੁਰਨ ਲੱਗਾ। ਇਸ ਵਿਕਾਸ ਦੇ ਰੱਥ ਦਾ ਮੂੰਹ ਪਿਛਾਂਹ ਭਵਾਂ ਦਿੱਤਾ ਸੀ ਅਤੇ ਸਾਮੰਤੀ ਯੁੱਗ (ਮੱਧਕਾਲ) ਦਾ ਆਰੰਭ ਹੋ ਗਿਆ ਸੀ। ਤਿਜ਼ਾਰਤੀ ਪੂੰਜੀ ਨੇ ਪੰਜਾਬ ਵਿੱਚ ਵਿਦਵਤਾ/ਚਿੰਤਨ/ਪ੍ਰਤੀਰੋਧ ਦਾ ਜੋ ਹੜ੍ਹ ਲਿਆਂਦਾ ਸੀ, ਸਾਮੰਤੀ ਪੂੰਜੀ ਨੇ ਉਸ ਦਾ ਭੋਗ ਪਾ ਦਿੱਤਾ। ਤਿਜ਼ਾਰਤੀ ਪੂੰਜੀ ਦੇ ਚਿੰਤਨ ਦਾ ਆਖਰੀ ਵੱਡਾ ਵਿਦਵਾਨ ਵਾਰਿਸ ਸ਼ਾਹ ਹੀ ਹੈ, ਜਿਸ ਨੂੰ ਮੱਤਭੇਦਾਂ ਦੇ ਬਾਵਜੂਦ ਅੱਜ ਤੱਕ ਵੱਡਾ ਵਿਦਵਾਨ ਹੀ ਕਿਹਾ ਜਾ ਰਿਹਾ ਹੈ।
ਕਬਾਇਲੀ ਸਮਾਜ ਤੇ ਸੱਭਿਅਤਾ
ਵਾਰਿਸ ਸ਼ਾਹ ਕਿਸੇ ਵੀ ਅਜਿਹੇ ਇਸ਼ਕ ਦਾ ਕਿੱਸਾ ਨਹੀਂ ਲਿਖ ਰਿਹਾ, ਜੋ ਇਸ਼ਕ ਹਕੀਕੀ ਤੱਕ ਪਹੁੰਚਣ ਦਾ ਮਾਰਗ ਹੋਵੇ। ਉਹ ਸਾਮਾਜਿਕ ਹਕੀਕਤਾਂ ਨਾਲ ਦੋ ਚਾਰ ਹੁੰਦਾ ਹੈ ਅਤੇ ਇਸ ਇਸ਼ਕ ਨੂੰ ਵੀ ਪਦਾਰਥਕ ਰੂਪ ਸਵੀਕਾਰ ਕਰਦਾ ਹੈ। ਦੋਵੇਂ ਰਾਹ ਮਜਾਜੀ ਦੇ ਗਏ ਸਾਬਤ, ਨਾਲ ਸਿਦਕ ਦੇ ਗਏ ਵਿਹਾਇ ਮੀਆਂ।
ਵਾਰਿਸ ਹੀਰ ਦੀ ਕਥਾ ਨੂੰ ਚੁਣ ਕੇ ਆਪਣੇ ਵਿਚਾਰਾਂ ਨੂੰ ਪ੍ਰਗਟਾਅ ਸਕਦਾ ਸੀ ਅਤੇ ਕਿੱਸੇ ਦੀ ਪਰੰਪਰਾ ਨੂੰ ਬੌਧਿਕ ਰੂਪ ਵਿੱਚ ਤੋੜ ਸਕਦਾ ਸੀ, ਕਿਉਂਕਿ ਉਹ ਗਿਆਨ ਦੇ ਸਕੂਲ ਨਾਲ ਜੁੜਿਆ ਹੋਇਆ ਮਾਹਿਰ ਸੀ। ਉਹ ਜਿਸ ਭਵਿੱਖੀ ਜਮਾਤ ਦਾ ਵਿਸ਼ਲੇਸ਼ਣ ਕਰਨਾ ਚਾਹੁੰਦਾ ਸੀ, ਉਹ 'ਹੀਰ' ਅਤੇ ਉਸ ਦੇ ਜੱਟ ਸੱਭਿਆਚਾਰ ਰਾਹੀਂ ਹੀ ਸਪੱਸ਼ਟ ਹੋ ਸਕਦਾ ਸੀ। ਇਸੇ ਕਾਰਨ ਉਹ ਹੀਰ ਰਾਂਝੇ ਦੇ ਇਸ਼ਕ ਨੇ ਕਿੱਸੇ ਨੂੰ ਤਾਂ ਸੌ ਕੁ ਬੰਦਾਂ ਵਿੱਚ ਸਮੇਟ ਦਿੰਦਾ ਹੈ, ਜਦੋਂ ਕਿ ਸਾਮਾਜਿਕ, ਸੱਭਿਆਚਾਰਕ ਅੰਤਰ ਵਿਰੋਧਾਂ ਨੂੰ ਉਜਾਗਰ ਕਰਨ ਹਿੱਤ ਪੰਜ ਸੌ ਬੰਦ ਸਿਰਜਦਾ ਹੈ। ਉਹ ਪੰਜਾਬ ਅਤੇ ਉਸ ਦੇ ਲੋਕਾਂ ਨੂੰ ਉਹਨਾਂ ਦਾ ਭਵਿੱਖ ਦਿਖਾ ਰਿਹਾ ਸੀ। ਇਸੇ ਕਾਰਨ ਉਹ ਜੱਟ ਸੱਭਿਆਚਾਰ ਦੀਆਂ ਤਹਿਆਂ ਫਰੋਲਦਿਆਂ ਉਸ ਅੰਦਰ ਲੁਪਤ ਜਨ-ਜਾਤੀ ਮਾਨਸਿਕਤਾ ਦੇ ਦਰਸ਼ਨ ਕਰਾਉਂਦਾ ਹੈ।
ਯਾਰੋ ਜੱਟ ਦਾ ਕੌਲ ਮਨਜ਼ੂਰ ਨਾਹੀਂ, ਗੋਜ਼ ਸ਼ੁਤਰ ਹੈ ਕੌਲ ਗੁਸਾਈਆਂ ਦਾ ਪੱਤਾ ਹੋਣ ਇਕੀਸ ਜਿਸ ਜੱਟ ਤਾਈਂ ਸੋਈ ਅਸਲ ਭਰਾ ਹੈ ਭਾਈਆਂ ਦਾ ਜਦੋਂ ਬਹਿਣ ਅਰੂੜੀ 'ਤੇ ਅਕਲ ਆਵੇ, ਜਿਵੇਂ ਖੋਤੜਾ ਹੋਵੇ ਗੁਸਾਈਆਂ ਦਾ ਸਿਰੋਂ ਲਾਹ ਕੇ ਚਿੱਤੜਾਂ ਹੇਠ ਦੇਂਦੇ, ਮਜ਼ਾ ਆਂਵਨੈ ਤਦੋਂ ਸਫ਼ਾਈਆਂ ਦਾ ਜੱਟੀ ਜੱਟ ਦੇ ਸਾਂਗ 'ਤੇ ਹੋਏ ਰਾਜ਼ੀ, ਫਿਰੇ ਮੁਗਲ ਤੇ ਵੇਸ ਗੀਲਾਈਆਂ ਦਾ ਧੀਆਂ ਦੇਣੀਆਂ ਕਰਨ ਮੁਸਾਫਰਾਂ ਨੂੰ, ਵੇਚਣ ਹੋਰ ਦਰੇ ਮਾਲ ਜਵਾਈਆਂ ਦਾ ਵਾਰਿਸ ਸ਼ਾਹ ਨਾ ਮੁਹਤਬਰ ਜਾਨਣਾ ਜੇ, ਕੌਲ ਜੱਟ, ਸੁਨਿਆਰ ਕਸਾਈਆਂ ਦਾ।
ਇਹ ਸਾਰੇ ਲੱਛਣ ਸੱਭਿਅਤਾ ਵਿੱਚ ਪ੍ਰਵੇਸ਼ ਕਰਨ ਦੇ ਬਾਵਜੂਦ ਜਾਰੀ ਹਨ ਅਰਥਾਤ ਜੱਟ ਵਾਅਦਾ ਕਰਕੇ ਪੂਰਾ ਨਹੀਂ ਕਰਦੇ। ਇਹਨਾਂ ਦੀਆਂ ਇੱਕ ਦੀ ਬਜਾਏ ਇੱਕੀ ਪੱਤਾਂ ਹਨ। ਪੰਜਾਬੀ ਵਿੱਚ ਇੱਕ ਮੁਹਾਵਰਾ ਹੈ ਕਿ ਜੱਟਾਂ ਦੀਆਂ ਇੱਕੀ ਪੱਤਾਂ ਹੁੰਦੀਆਂ ਹਨ, ਜੇ ਰਹਿੰਦੀ ਰਹਿੰਦੀ ਇੱਕ ਵੀ ਰਹਿ ਜਾਵੇ, ਤਾਂ ਉਸ ਵਰਗਾ ਕੋਈ ਨਹੀਂ। ਇਸ ਤੋਂ ਭਾਵ ਵੀ ਇਹੋ ਹੈ ਕਿ ਇਹ ਜਾਤੀ ਇੱਜ਼ਤ ਨੂੰ ਕੋਈ ਤਰਜ਼ੀਹ ਨਹੀਂ ਦਿੰਦੀ, ਜਿਹਾ ਕਿ ਅਸ਼ਰਾਫ ਜਾਂ ਸੱਭਿਅਕ ਵਰਗ ਵਿੱਚ ਵਾਪਰਦਾ ਹੈ। ਇਹ ਬੈਠਣ ਲਈ ਕੋਈ ਸਾਫ਼ ਜਗ੍ਹਾ ਨਹੀਂ ਤਲਾਸ਼ਦੇ, ਕਿਉਂਕਿ ਕਿਸਾਨੀ ਕੋਲ ਜ਼ਮੀਨੀ ਸੰਘਰਸ਼ ਅਜਿਹੀ ਸ਼ੁੱਧਤਾ ਵਾਪਰਨ ਹੀ ਨਹੀਂ ਦਿੰਦਾ ਤੇ ਇਹ ਰੂੜੀ 'ਤੇ ਵੀ ਬੈਠਣ ਵੇਲੇ ਉਸ ਨੂੰ ਸਿਰੋਂ ਲਾਹ ਕੇ ਚਿੱਤੜਾਂ ਹੇਠ ਦੇ ਦਿੰਦੇ ਹਨ ਤੇ ਉੱਠਣ ਵੇਲੇ ਉਸ ਨੂੰ ਝਾੜ ਕੇ ਸਿਰ 'ਤੇ ਲੈ ਲੈਂਦੇ ਹਨ। ਇਹ ਕਾਰਜ ਪੰਜਾਬ ਵਿੱਚ ਪਿਛਲੀ ਸਦੀ ਤੱਕ ਵਾਪਰਦਾ ਰਿਹਾ ਹੈ। ਜੱਟੀ ਆਪਣੇ ਕਬੀਲੇ ਨਾਲ ਵਿਆਹ ਨੂੰ ਮਹੱਤਵ ਦਿੰਦੀ ਹੈ, ਇਸ ਲਈ ਮੁਗ਼ਲਾਂ ਨੂੰ ਗਿਲਾਨੀ ਹੰਢਾਉਣੀ ਪੈਂਦੀ ਹੈ। ਇਹ ਧੀਆਂ ਨੂੰ ਅਜਿਹੇ ਤਰੀਕੇ ਨਾਲ ਵੇਚਦੇ ਹਨ ਕਿ ਜੇ ਉਹ ਪੇਕੇ ਆ ਜਾਵੇ, ਤਾਂ ਮੁੜ ਵੇਚ ਦਿੰਦੇ ਹਨ। ਇਸ ਤਰ੍ਹਾਂ ਇਹ ਸਾਰੇ ਕਾਰਜ ਸੱਭਿਅਤਾ ਵਿੱਚ ਪ੍ਰਵੇਸ਼ ਕਰਨ ਦੇ ਬਾਵਜੂਦ ਅਸੱਭਿਅਕ ਹਨ। ਕੁੜੀ ਨੂੰ ਮਾਰਨਾ ਜਾਂ ਵੇਚਣਾ ਇਸਲਾਮਕ ਰੂਪ 'ਚ ਵਰਜਿਤ ਹੈ, ਕਿਉਂਕਿ ਵੇਚਿਆ ਗੁਲਾਮ ਨੂੰ ਜਾਂਦਾ ਹੈ ਅਤੇ ਇਹ ਗੈਰ ਕੁਦਰਤੀ ਵਰਤਾਰਾ ਹੈ।
ਪੰਜਾਬ ਵਿੱਚ ਜੱਟ ਵੀ ਸੱਭਿਅਤਾ ਅੰਦਰ ਆਰਥਿਕ ਰੂਪ ਵਿੱਚ ਸ਼ਮੂਲੀਅਤ ਕਰਦੇ ਹਨ। ਸੱਭਿਆਚਾਰਕ ਰੂਪਾਂਤਰਨ ਨਾ ਹੋ ਸਕਣ 'ਤੇ ਸਿੱਖਿਆ ਅਤੇ ਗਿਆਨ ਤੋਂ ਵਾਂਝੇ ਰਹਿ ਜਾਂਦੇ ਹਨ ਅਤੇ ਆਪਣੇ ਕਬੀਲਾਈ ਸੱਭਿਆਚਾਰ ਸੱਭਿਅਤਾ ਉੱਪਰ ਆਰਥਿਕ ਰੂਪ ਵਿੱਚ ਕਾਬਜ਼ ਹੋ ਜਾਂਦਾ ਹੈ ਤਾਂ ਸੱਭਿਅਤਾ ਪਿਛਾਂਹ ਵੱਲ ਜਾਂ ਪਤਨ ਵੱਲ ਮੁੜਦੀ ਹੈ (ਹਿੰਸਾ ਸੱਭਿਅਕ ਵਰਤਾਰਾ ਨਹੀਂ ਹੈ, ਪਰ ਕਬੀਲੇ ਦੀ ਹੋਂਦ ਹਿੰਸਾ ਉੱਤੇ ਟਿਕੀ ਹੁੰਦੀ ਹੈ)। ਅਠਾਰ੍ਹਵੀਂ ਸਦੀ ਵਿੱਚ ਅਜਿਹਾ ਹੀ ਹੋ ਰਿਹਾ ਸੀ ਤੇ ਸੱਭਿਅਤਾ 'ਹਾਸ਼ੀਏ' 'ਤੇ ਜਾ ਰਹੀ ਸੀ। ਵਾਰਿਸ ਇਸ ਨੂੰ ਮਹਿਸੂਸ ਕਰਦਾ ਹੈ ਤੇ ਇਹਨਾਂ ਵਿਰੋਧਤਾਈਆਂ 'ਚੋਂ ਪੰਜਾਬੀ ਬੰਦੇ ਨੂੰ ਉਸ ਦਾ ਭਵਿੱਖ ਵਿਖਾਉਂਦਾ ਹੈ।
ਜੰਗਾਂ/ਅਧੋਗਤੀ ਗਿਆਨ ਦਾ ਅੰਤ ਕਰ ਦਿੰਦੀਆਂ ਹਨ। ਗਿਆਨ ਦੇ ਵਿਕਾਸ ਲਈ ਜੰਗਾਂ ਦਾ ਅੰਤ ਜ਼ਰੂਰੀ ਹੁੰਦਾ ਹੈ। ਵਾਰਿਸ ਤੇ ਬੁੱਲ੍ਹਾ ''ਹਸ਼ਰ ਆਯਾਬ'' ਦੇ ਇਸ ਦਰ ਦੇ ਖੁੱਲ੍ਹਣ 'ਤੇ ਬੰਦੇ ਦੀ ਪੀੜਾ ਨੂੰ ਕਾਗਜ਼ਾਂ 'ਤੇ ਉਤਾਰਦੇ ਹਨ। ਵਾਰਿਸ ਦਾ ਸਾਰਾ ਕਿੱਸਾ 'ਜੱਟ' ਸ਼ਬਦ ਨਾਲ ਭਰਿਆ ਪਿਆ ਹੈ। ਉਹ ਜਾਣਦਾ ਹੈ ਕਿ ਹੁਣ ਪੰਜਾਬ ਦਾ ਭਵਿੱਖ ਇਹੋ ਹੀ ਹੈ। ਇਸੇ ਲਈ ਉਹ ਇਹਨਾਂ ਦੇ ਸੱਭਿਆਚਾਰ ਦੀਆਂ ਬਰੀਕ ਪਰਤਾਂ ਦੇ ਨਕਸ਼ ਕਾਗਜ਼ਾਂ ਉੱਤੇ ਉੱਕਰਦਾ ਹੈ। ਬਾਬਰ ਤੋਂ ਅਕਬਰ ਤੱਕ ਮੁਗਲ ਸਲਤਨਤ ਇੱਕ ਵਿਕਾਸਮੁਖੀ ਚੜ੍ਹਤ ਵੱਲ ਜਾ ਰਹੀ ਸੀ। ਵਾਰਿਸ ਉਸੇ ਦੀ ਤਲਾਸ਼ ਵਿੱਚ ਹੀ ਆਖਦਾ ਹੈ, ਰਾਜ ਹਿੰਦ ਪੰਜਾਬ ਨਾ ਬਾਬਰੀ ਵੇ।
ਵਾਰਿਸ ਦੇ ਕਿੱਸੇ ਦੇ ਕੇਂਦਰ ਵਿੱਚ ਤਿੰਨ ਜੱਟ ਕਬੀਲੇ (ਗੋਤਰ) ਰਾਂਝੇ, ਸਿਆਲ ਤੇ ਖੇੜੇ ਹਨ, ਜੋ ਰਾਜਪੂਤਾਂ ਤੋਂ ਜੱਟਾਂ ਵਿੱਚ ਰਾਜਨੀਤਕ ਮੁਫ਼ਾਦਾਂ ਕਾਰਨ ਤਬਦੀਲ ਹੋਏ ਪਰ ਵਾਰਿਸ ਇਹਨਾਂ ਤੱਕ ਹੀ ਸੀਮਤ ਨਹੀਂ ਰਹਿੰਦਾ। ਇਸ ਕਰਕੇ ਉਹ ਉਹਨਾਂ ਜੱਟ ਗੋਤਰਾਂ ਨੂੰ ਵੀ, ਜਿਵੇਂ ਡੋਗਰ ਜੱਟਾਂ ਨੂੰ ਕਿਸੇ ਵਿੱਚ ਖਿੱਚ ਲੈਂਦਾ ਹੈ, ਜੋ ਮੁਸਲਮਾਨ ਤਾਂ ਬਣੇ, ਪਰ ਇਸਲਾਮ ਦੀਆਂ ਹੱਦਾਂ ਨੂੰ ਤੋੜ ਕੇ ਅਸੱਭਿਅਕ ਕੰਮ ਕਰਦੇ ਹਨ।
ਡੋਗਰ ਜੱਟ ਈਮਾਨ ਤੋਂ ਦੂਰ ਰਹਿੰਦੇ, ਧੀਆਂ ਮਾਰਦੇ ਤੇ ਪਾੜ ਲਾਂਵਦੇ ਨੇ ਤਰਕ ਕੌਲ ਹਦੀਸ ਦੀ ਨਿੱਤ ਕਰਦੇ, ਚੋਰੀ ਯਾਰੀਆਂ ਵਿਆਜ ਕਮਾਂਵਦੇ ਨੇ ਜੇਹੇ ਆਪ ਤੇਹੋ ਜਿਹੀਆਂ ਔਰਤਾਂ ਨੇ, ਬੇਟੇ ਬੇਟੀਆਂ ਚੋਰੀਆਂ ਲਾਂਵਦੇ ਨੇ ਜਿਹੜਾ ਚੋਰ ਤੇ ਰਾਹਜ਼ਨ ਹੋਏ ਕੋਈ, ਉਸ ਦੀ ਵੱਡੀ ਤਾਰੀਫ਼ ਸੁਣਾਂਵਦੇ ਨੇ ਜਿਹੜਾ ਪੜ੍ਹੇ ਨਮਾਜ਼ ਹਲਾਲ ਖਾਣੇ, ਉਹਨੂੰ ਮੇਹਣਾ ਮਸ਼ਕਰੀ ਲਾਂਵਦੇ ਨੇ।
ਵਾਰਿਸ ਅਜਿਹੇ ਅਸੱਭਿਅਕ ਕੰਮਾਂ ਨੂੰ ਕੁਰਾਨ ਅਤੇ ਇਸਲਾਮ ਦੇ ਅਮਲ ਵਿੱਚ ਪਾੜ ਵਜੋਂ ਮਹਿਸੂਸ ਕਰਦਾ ਹੈ ਤੇ ਆਪਣੇ ਸ਼ਿਅਰਾਂ ਨੂੰ ਕੁਰਾਨ ਦੇ ਅਰਥ ਵਜੋਂ ਪ੍ਰੀਭਾਸ਼ਿਤ ਕਰਦਾ ਹੈ, ਕਿਉਂਕਿ ਭਾਰਤ ਵਿੱਚ ਇਸਲਾਮ ਅਮਲ ਵਜੋਂ ਕੁਰਾਨ ਦੇ ਅਰਥਾਂ ਤੋਂ ਟੁੱਟ ਗਿਆ ਸੀ। ਭਾਵ ਕੁਰਾਨ ਵਿਆਜ ਨੂੰ ਬੱਜਰ ਕੁਰਹਿਤ ਕਹਿ ਕੇ ਰੱਦ ਕਰਦਾ ਹੈ ਤੇ ਮੁਸਲਮਾਨ ਵਿਆਜ ਨਹੀਂ ਲੈ ਸਕਦਾ। ਵੇਚਿਆ ਗੁਲਾਮ ਨੂੰ ਜਾ ਸਕਦਾ ਹੈ ਜੋ ਗ਼ੈਰ-ਕੁਦਰਤੀ ਹੈ, ਇਸ ਲਈ ਧੀਆਂ ਨੂੰ ਵੇਚਣਾ ਵੀ ਗੈਰ-ਕੁਰਾਨੀ ਵਰਤਾਰਾ ਹੈ। ਇਸ ਤਰ੍ਹਾਂ ਡੋਗਰ ਜੱਟ ਮੁਸਲਮਾਨ ਬਣ ਕੇ ਵੀ ਕੁਰਾਨ ਤੋਂ ਬਾਹਰੇ ਕਾਰਜ ਕਰਦੇ ਹਨ। ਭਾਰਤ ਵਿੱਚ ਸ਼ਾਹੂਕਾਰ/ਵਿਆਜੜੀਏ/ਖੱਤਰੀ ਇਸੇ ਕਰਕੇ ਇਸਲਾਮ ਧਰਮ ਵਿੱਚ ਪ੍ਰਵੇਸ਼ ਨਹੀਂ ਕਰਦੇ ਕਿ ਇਸ ਵਿੱਚ ਵਿਆਜ ਲੈਣ ਦੀ ਮਨਾਹੀ ਹੈ ਤੇ ਉਹ ਗੈਰ-ਮੁਸਲਮਾਨ ਰਹਿ ਕੇ ਦੋਵਾਂ ਕੋਲੋਂ ਵਿਆਜ ਪ੍ਰਾਪਤ ਕਰ ਸਕਦੇ ਸਨ। ਇਸੇ ਕਰਕੇ ਵਿਆਜੜੀਆਂ ਦੀ ਵੱਡੀ ਧਿਰ ਮੁਸਲਮਾਨ ਨਾ ਬਣੀ। ਇਸੇ ਲਈ ਵਾਰਿਸ ਖੱਤਰੀਆਂ ਦੀ ਜਾਤੀ ਨੂੰ ਪੇਸ਼ ਕਰਦਿਆਂ, ਉਸ ਦੇ ਸੰਦਾਂ ਨੂੰ ਉਸੇ ਵਰਗੇ ਵਿਆਜਖੋਰ ਹੋ ਜਾਣ ਦੀ ਬਰੀਕੀ ਪੇਸ਼-ਏ ਨਜ਼ਰ ਕਰਦਾ ਹੈ।
ਵਹੀ ਖੱਤਰੀ ਦੀ ਗਈ ਖੱਤਰੀ 'ਤੇ,
ਲੇਖਾ ਗਿਆ ਹੀ ਹੋਇ ਪਹਾੜ ਮੀਆਂ।
ਕੁਰਾਨ ਤੇ ਇਸਲਾਮ
ਵਾਰਿਸ ਕੁਰਾਨ ਅਤੇ ਉਸ ਦੇ ਵਰਤਮਾਨ ਇਸਲਾਮ ਵਿੱਚ ਇੱਕ ਲਕੀਰ ਖਿੱਚਦਾ ਹੈ। ਉਹ ਇਸਲਾਮ ਦੇ ਪਤਨ ਨੂੰ ਦਰਸਾਉਣ ਲਈ ਵਾਰ-ਵਾਰ ਕੁਰਾਨ ਦੇ ਹਵਾਲੇ ਦਿੰਦਾ ਹੈ। ਵਾਰਿਸ ਕੋਲ ਤਰਕ ਦੀ ਵਿਗਿਆਨਕ ਪਰੰਪਰਾ ਹੈ। ਉਸ ਦੇ ਪਾਤਰ ਤਰਕ 'ਤੇ ਖੜ੍ਹੇ ਹਨ ਅਤੇ ਸੱਤਾ ਸੰਪੰਨ ਤਰਕਹੀਣੇ ਹਨ। ਤਿਜ਼ਾਰਤੀ ਪੂੰਜੀ ਜਾਂ ਗੈਰ-ਸਾਮੰਤੀ ਪੂੰਜੀ ਵਿਚਲੀ ਦਮਿਤ ਧਿਰ ਕੋਲ ਮੁਕਤੀ ਦਾ ਮਾਰਗ ਤਰਕ ਹੈ। ਇਹ ਤਰਕ ਹੀ ਬੰਦੇ ਨੂੰ ਪ੍ਰਤੀਰੋਧ ਤੱਕ ਲੈ ਜਾਂਦਾ ਹੈ ਜਦੋਂ ਕਿ ਸੱਤਾ ਕੋਲ ਸੱਤਾ ਨੂੰ ਬਣਾਈ ਰੱਖਣ ਲਈ ਰਾਹ ਦਮਨ ਹੁੰਦਾ ਹੈ। ਸੱਤਾ ਕੋਲ ਦਮਨ ਦਾ ਕੋਈ ਤਰਕ ਨਹੀਂ ਹੁੰਦਾ ਤੇ ਇਸੇ ਕਾਰਨ ਉਹ ਤਰਕ 'ਤੇ ਨਹੀਂ ਦਮਨ ਉੱਪਰ ਵਿਸ਼ਵਾਸ ਰੱਖਦੀ ਹੈ। ਇਸੇ ਦੀ ਵੰਨਗੀ ਹੈ ਕਿ ਵਾਰਿਸ ਦਾ ਰਾਂਝਾ ਉਦੋਂ ਤਰਕ ਕਰਦਾ ਹੈ ਜਦੋਂ ਸੱਤਾ ਦੇ ਦਮਨ ਦਾ ਸ਼ਿਕਾਰ ਹੁੰਦਾ ਹੈ ਅਤੇ ਜਦੋਂ ਉਹ ਆਪ ਪੁਰਖ ਦੀ ਸੱਤਾ ਵਿੱਚ ਸ਼ਾਮਲ ਹੁੰਦਾ ਹੈ, ਤਾਂ ਤਰਕਹੀਣ ਹੋ ਜਾਂਦਾ ਹੈ। ਰਾਂਝਾ ਸਹਿਤੀ ਨਾਲ ਉਹੋ ਵਿਵਹਾਰ ਕਰਦਾ ਹੈ ਜੋ ਪੁਰਖ ਦੀ ਸੱਤਾ ਨਾਰੀ ਨਾਲ ਕਰਦੀ ਹੈ। ਹੀਰ ਵੀ ਪਿਤਾ ਪੁਰਖੀ ਸੱਤਾ ਨੂੰ ਵੰਗਾਰਦੀ ਹੈ ਕਿ ਵਾਰਿਸ ਸ਼ਾਹ ਨੀ ਮੁੜਾਂਗੀ ਰਾਂਝਣੇ ਤੋਂ, ਭਾਵੇਂ ਬਾਪ ਦੇ ਬਾਪ ਦਾ ਬਾਪ ਆਵੇ, ਜਦੋਂ ਕਿ ਰਾਂਝੇ ਕੋਲ ਪੁਰਖ ਤੰਤਰ ਵੱਲੋਂ ਪ੍ਰਾਪਤ ਪੁਰਖ ਦੀ ਸੱਤਾ ਹੀ ਔਰਤ ਵਿਰੋਧੀ ਅਤਰਕ ਸਿਰਜਦੀ ਹੈ ਤੇ ਉਹ ਔਰਤ ਦੀ ਔਕਾਤ ਲਿੰਗਕ ਹਿੰਸਾ ਰਾਹੀਂ ਦਿਖਾਉਂਦਾ ਹੈ ਅਤੇ ਤਰਕਹੀਣੇ 'ਤਰਕ' ਸਿਰਜਦਾ ਹੈ ਜਦੋਂ ਕਿ ਸਹਿਤੀ ਤਰਕ 'ਤੇ ਖੜ੍ਹੀ 'ਢੱਠੀ' ਹੈ ਜੋ ਪੁਰਖ ਦੇ ਤੰਤਰ ਦੇ ਚੀਥੜੇ ਕਰ ਦਿੰਦੀ ਹੈ। ਸਹਿਤੀ ਅਤੇ ਹੀਰ ਦੀ ਪ੍ਰੇਰਣਾ ਸਰੋਤ ਕੁਰਾਨ ਹੈ ਅਤੇ ਉਹ ਮੌਜੂਦਾ ਇਸਲਾਮਕ ਦਮਨ ਤੋਂ ਮੁਕਤੀ ਵਾਸਤੇ ਤਰਕ ਲਈ ਕੁਰਾਨ ਦੇ ਹਵਾਲੇ ਦਿੰਦੀਆਂ ਹਨ। ਉਹਨਾਂ ਦਾ ਤਰਕ ਹੀ ਉਹਨਾਂ ਨੂੰ 'ਢੱਠੀਆਂ' ਦੇ ਦਰਜੇ ਤੱਕ ਪਹੁੰਚਾਉਂਦਾ ਹੈ। ਢੱਠੀ ਦਾ ਅਰਥ ਹੈ ਤਾਕਤਵਰ ਅਤੇ ਵਾਰਿਸ ਸੱਭਿਆਚਾਰ ਅੰਦਰ ਢੱਠੇ ਦੀ ਬਜਾਏ ਢੱਠੀ ਦਾ ਨਵਾਂ ਸੰਕਲਪ ਸਿਰ ਕੇ ਔਰਤ ਦੇ 'ਹੋਣ' ਦੀ ਗੱਲ ਕੇਂਦਰ ਵਿੱਚ ਲੈ ਕੇ ਆਉਂਦਾ ਹੈ ਅਤੇ ਸਮਾਜ ਦੀ ਸਿਰਜਣਾ ਦਾ ਸਰੋਤ ਔਰਤ ਨੂੰ ਬਣਾਉਂਦਾ ਹੈ, ਜਿਸ ਨੇ ਹਰ ਚੰਗੇ ਮਾੜੇ ਕੰਮ 'ਚ ਮਰਦ ਦਾ ਸਾਥ ਦਿੱਤਾ ਹੈ। ਸਹਿਤੀ ਤਰਕ ਸਿਰਜਦੀ ਹੈ-
ਸਹਿਤੀ ਆਖਿਆ ਪੇਟ ਨੇ ਖੁਆਰ ਕੀਤਾ ਕਣਕ ਖਾ ਬਹਿਸ਼ਤ ਥੀਂ ਕੱਢਿਆ ਈ ਆਈ ਮੈਲ ਤਾਂ ਜੰਨਤੋਂ ਮਿਲੇ ਧੱਕੇ ਰੱਸਾ ਆਸ ਉਮੀਦ ਦਾ ਵੱਢਿਆ ਈ ਇਲਾਕਤ ਰੱਬੀਉ ਹਿਜ਼ਾਸਜਰਤ ਨਾਲੇ ਸੱਪ ਤੇ ਮੋਰ ਨੂੰ ਕੱਢਿਆ ਈ ਇਹ ਸਮਝ ਸ਼ੈਤਾਨ ਵੀ ਮਰਦ ਹੋਇਆ ਨਾਮ ਰੰਨ ਦਾ ਬੁਰਾ ਕਰ ਛੱਡਿਆ ਈ, ਸਗੋਂ ਆਦਮੀ ਹਵਾ ਨੂੰ ਖੁਆਰ ਕੀਤਾ ਸਾਥ ਓਸ ਨਾ ਏਸ ਦਾ ਛੱਡਿਆ ਈ ਫਿਰਨ ਮਰਦ ਤੇ ਕੋਸਦਾ ਤ੍ਰੀਮਤਾਂ ਨੂੰ ਮੂੰਹ ਝੂਠ ਦਾ ਕਾਸ ਤੋਂ ਅੱਡਿਆ ਈ ਮਰਦ ਚੋਰ ਤੇ ਠੱਗ ਜੁਆਰੀਏ ਨੂੰ ਸਾਥ ਬੁਰੇ ਦਾ ਨਰਾਂ ਨੇ ਲੱਦਿਆ ਈ ਫ਼ਰਕਾਨ ਵਿੱਚ ਫ਼ਾਨਕਿਹੂ ਰੱਬ ਕਹਿਆ ਜਦੋਂ ਵਹੀ ਰਸੂਲ ਨੇ ਸੱਦਿਆ ਈ ਵਾਰਿਸ ਸ਼ਾਹ ਇਹ ਤ੍ਰੀਮਤਾਂ ਖਾਣ ਰਹਿਮਤ ਪੈਦਾ ਜਿਨ੍ਹਾਂ ਜਹਾਨ ਕਰ ਛੱਡਿਆ ਈ।
ਵਾਰਿਸ ਸ਼ਾਹ ਔਰਤ ਦੇ ਹੱਕਾਂ ਵਿੱਚ ਖਲੋਣ ਲਈ ਕੁਰਾਨ ਦੇ ਹਵਾਲੇ ਦਿੰਦਾ ਹੈ, ਕਿਉਂਕਿ ਉਸ ਦਾ ਵਰਤਮਾਨ ਇਸਲਾਮ ਕੁਰਾਨ ਦੀ ਬਜਾਏ ਸੱਤਾ ਦੀ ਝੋਲੀ ਵਿੱਚ ਡਿੱਗ ਚੁੱਕਾ ਸੀ। ਧਾਰਮਿਕ ਨਿਆਂ ਦੇ ਚਿੰਨ੍ਹ ਮੁੱਲਾਂ, ਕਾਜ਼ੀ ਪੂੰਜੀ ਦੇ ਚੱਕ 'ਤੇ ਚੜ੍ਹੇ ਨਿਆਂ ਹੀਣੇ ਹੋ ਗਏ ਸਨ ਅਤੇ ਉਹ ਕੁਰਾਨ ਤੇ ਦਮਿਤ ਦੇ ਹੱਕ ਵਿੱਚ ਖਲੋ ਕੇ ਨਿਆਂ ਕਰਨ ਦੀ ਬਜਾਏ ਰਿਸ਼ਵਤ ਨਾਲ ਹਾਕਮ/ਮਾਲਕ/ਸਾਧਨ ਸੰਪੰਨ ਦੇ ਹੱਕ ਵਿੱਚ ਫਤਵੇ ਜਾਰੀ ਕਰਦੇ ਹਨ/ਸਨ। ਕੁਰਾਨ ਔਰਤ ਨੂੰ ਅਜ਼ਾਦੀ ਪ੍ਰਦਾਨ ਕਰਦਾ ਹੈ, ਉਹ ਉਸ ਨੂੰ ਦਾਸ/ਗੁਲਾਮ ਨਹੀਂ ਮੰਨਦਾ, ਕਿਉਂਕਿ ਗੁਲਾਮ ਹੋਣ ਨਾਲ ਉਸ ਦਾ ਕੁਦਰਤ ਦੇ ਵਿਰੋਧ ਵਿੱਚ ਹੋ ਜਾਣਾ ਹੈ। ਔਰਤ ਦੀ ਅਜ਼ਾਦੀ ਲਈ ਲਾਜ਼ਮੀ ਹੈ ਕਿ ਉਹ ਜਾਇਦਾਦ ਦੀ ਮਾਲਕ ਹੋਵੇ। ਕੁਰਾਨ ਅਨੁਸਾਰ ਔਰਤ/ਧੀ ਪਿਤਾ ਦੀ ਜਾਇਦਾਦ 'ਚੋਂ ਭਰਾ ਦੇ ਅੱਧ ਦੀ ਹਿੱਸੇਦਾਰ/ਮਾਲਕ ਹੈ ਭਾਵ ਦੋ ਭੈਣਾਂ ਇੱਕ ਭਰਾ ਦੀ ਜਾਇਦਾਦ ਦੇ ਬਰਾਬਰ ਹਨ (ਔਰਤ ਆਪਣੇ ਪਤੀ ਦੇ ਹਿੱਸੇ ਵਿੱਚ ਵੀ ਹਿੱਸੇਦਾਰ ਹੈ ਅਤੇ ਨਿਕਾਹਨਾਮੇ ਵੇਲੇ ਹੱਕ ਮਿਹਰ ਵਿੱਚ ਇਸ ਦੀ ਰਕਮ ਲਿਖੀ ਜਾਂਦੀ ਹੈ) ਤਾਂ ਕਿ ਉਹ ਕਿਸੇ ਵੀ ਹਾਲਤ 'ਚ ਪਿਤਾ ਜਾਂ ਪਤੀ ਦੀ ਗੁਲਾਮ ਨਾ ਹੋਵੇ। ਭਾਵੇਂ ਉਹ ਪੁਰਸ਼ ਮੁਕਾਬਲੇ ਘੱਟ ਕਦਰ ਰੱਖਦੀ ਹੈ ਪਰ ਉਸ ਦੀ ਭਰਾ ਦੇ ਅੱਧ ਦੀ ਮਾਲਕੀ ਵੀ ਉਸ ਦੇ 'ਹੋਣ' ਵਿੱਚ ਹਿੱਸਾ ਪਾਉਂਦੀ ਹੈ। ਇਹ ਵਰਤਾਰਾ ਇਸਲਾਮ ਵਿੱਚ ਸਰਵ-ਵਿਆਪਕ ਸੀ। ਹਿੰਦੁਸਤਾਨ ਵਿੱਚ ਤੁਰਕਾਂ ਦੀ ਸੱਤਾ ਸਮੇਂ ਉਹਨਾਂ ਦੇ ਕੁਝ ਚਾਕਰਾਂ ਨੇ ਹਿੰਦੂ ਧਰਮ ਵਿਚਲੀ ਔਰਤ/ਪਤਨੀ ਨੂੰ ਆਦਰਸ਼ ਬਣਾਉਂਦਿਆਂ ਉਪਰੋਕਤ ਨਿਯਮਾਂ ਵਿੱਚ ਰੱਦੋ-ਬਦਲ ਕਰਦਿਆਂ ਸਤੀ ਪ੍ਰਥਾ ਦੀ ਵੀ ਵਡਿਆਈ ਕਰ ਦਿੱਤੀ। ਸੁਲਤਾਨਾਂ ਨੂੰ ਚਾਰ ਵਿਆਹਾਂ ਨਾਲ ਰਖੇਲ ਰੱਖਣ ਦੇ ਹੱਕ ਦੀ ਵੀ ਵਕਾਲਤ ਕਰ ਦਿੱਤੀ। ਇਹ ਇਸ ਲਈ ਕਿ ਔਰਤ ਕੋਲ ਪਤੀ ਨੂੰ ਰਕਮ ਦੇ ਤਲਾਕ ਖਰੀਦ ਸਕਣ ਦਾ ਹੱਕ ਸੀ। ਬਦੂਨੀ ਕਹਿੰਦਾ ਹੈ ਕਿ ਹਜ਼ਰਤ ਮੁਹੰਮਦ ਸਮੇਂ ਇੱਕ ਰਾਤ ਦੇ ਵਿਆਹ ਵੀ ਹੁੰਦੇ ਸਨ। ਅਕਬਰ ਨੇ ਦੂਸਰੇ ਵਿਆਹ ਉੱਤੇ ਪਾਬੰਦੀ ਲਾ ਦਿੱਤੀ। ਦੂਸਰੇ ਵਿਆਹ ਦੀ ਸ਼ਰਤ ਸੀ ਕਿ ਜੇ ਔਰਤ ਬਾਂਝ ਹੋਵੇ ਜਾਂ ਮੁੰਡਾ ਨਾ ਪੈਦਾ ਕਰ ਸਕੇ। ਉਸ ਨੇ ਸਤੀ ਹੋਣ 'ਤੇ ਪਾਬੰਦੀ ਲਾਈ ਅਤੇ ਗੁਲਾਮ ਰੱਖਣ/ਵਿਕਰੀ ਕਰਨ ਉੱਪਰ ਵੀ। ਔਰਤ ਨਿਕਾਹ ਸਮੇਂ ਵਿਆਹ ਨੂੰ ਕਬੂਲ ਕਰਦੀ ਹੈ ਤਾਂ ਨਿਕਾਹ ਦੀ ਰਸਮ ਸੰਪੰਨ ਹੁੰਦੀ ਹੈ, ਪਰ ਹਿੰਦੁਸਤਾਨ ਅੰਦਰਲੀ ਪੁਰਖ ਤੰਤਰ ਦੀ ਸੱਤਾ ਉਸ ਕੋਲੋਂ ਇਹ ਵੀ ਹੱਕ ਖੋਹ ਲੈਂਦੀ ਹੈ ਅਤੇ ਕਾਜ਼ੀ ਰਿਸ਼ਵਤ ਲੈ ਕੇ ਹੀ ਵਿਆਹ ਦਾ ਪ੍ਰਮਾਣ-ਪੱਤਰ ਜਾਰੀ ਕਰ ਦਿੰਦਾ ਹੈ ਭਾਵੇਂ ਔਰਤ ਦੀ ਨਿਕਾਹ ਕਬੂਲਣ ਦੀ ਮਰਜ਼ੀ ਨਾ ਵੀ ਹੋਵੇ। ਕਾਜ਼ੀ ਹੀਰ ਦੀਆਂ ਮੁਸ਼ਕਾਂ ਬੰਨ੍ਹ ਕੇ ਅਤੇ ਮੂੰਹ ਬੰਦ ਕਰਕੇ, ਔਰਤ ਦੇ ਨਿਕਾਹ ਮਨਜ਼ੂਰ ਕਰਨ ਦੇ ਹੱਕ ਨੂੰ ਖੋਹ ਲੈਣ ਦੀ ਗਵਾਹੀ ਭਰਦਾ ਹੈ ਅਤੇ ਇਹ ਅਧਿਕਾਰ ਵੀ ਪੁਰਖਾਂ ਦੀ ਸੱਤਾ ਨੂੰ ਸੌਂਪ ਦਿੰਦਾ ਹੈ। ਇਸੇ ਲਈ ਵਾਰਿਸ ਬਿਗਾਨਗੀ ਮਹਿਸੂਸ ਕਰਦਾ ਹੈ।
ਜੇ ਕੋ ਏਸ ਜਹਾਨ 'ਤੇ ਆਦਮੀ ਹੈ,
ਰੋਂਦਾ ਮਰੇਗਾ ਉਮਰ ਥੀਂ ਝੂਰਦਾ ਈ।
ਭਾਵ ਕਿ ਅਸੀਂ ਅਜਿਹੇ ਤੰਤਰ 'ਚ ਘਿਰ ਗਏ ਹਾਂ ਕਿ ਪ੍ਰਤੀਬੱਧ ਅਤੇ ਸੰਵੇਦਨਸ਼ੀਲ ਵਿਅਕਤੀ (ਆਦਮੀ) ਰੋਂਦਾ ਤੇ ਝੂਰਦਾ ਹੀ ਉਮਰ ਲੰਘਾਵੇਗਾ, ਇਹ ਉਸ ਦੀ ਹੋਣੀ ਹੈ।
ਵਾਰਿਸ ਇਸੇ ਹੋਣੀ ਦੇ ਸਮੇਂ ਪੈਦਾ ਹੋਇਆ ਜਦੋਂ ਆਦਲਾਂ (ਨਿਆਂਕਾਰਾਂ) ਦਾ ਸਮਾਂ ਨਹੀਂ ਹੈ। ਉਹ ਮਨੁੱਖ ਦੀ ਅਜ਼ਾਦ ਹਸਤੀ ਦਾ ਖਾਹਿਸ਼ਮੰਦ ਹੈ। ਵਾਰਿਸ ਪੁਰਖ ਤੰਤਰ, ਸੱਤਾ, ਪੂੰਜੀ, ਇਸਲਾਮ, ਜਾਤਾਂ, ਘਰ, ਨਿਆਂ ਪ੍ਰਬੰਧ ਵਿੱਚੋਂ ਘੜ੍ਹੀ ਜਾ ਰਹੀ ਮਾਨਸਿਕਤਾ ਦਾ ਡੂੰਘਾ ਚਿੰਤਕ ਹੈ। ਉਹ ਹਰ ਚੀਜ਼ ਨੂੰ ਪ੍ਰਗਟਾਉਣ ਲਈ ਪਰਤ-ਦਰ-ਪਰਤ ਸਮਾਜ ਅਤੇ ਮਨੁੱਖ ਦੀ ਮਾਨਸਿਕਤਾ ਅੰਦਰ ਉਤਰਦਾ ਜਾਂਦਾ ਹੈ। ਇਹ ਉਸ ਦੇ ਗਿਆਨ ਦੀ ਸਿਧਾਂਤਕ ਅਤੇ ਵਿਵਹਾਰਕ ਸਮਝ ਦਾ ਨਤੀਜਾ ਹੈ।
ਵਾਰਿਸ ਜਿਹੜੀਆਂ ਸਾਮਾਜਿਕ ਸੱਭਿਆਚਾਰਕ ਇਲਮ ਨਾਲ ਭਰਪੂਰ ਸੂਚਨਾਵਾਂ/ਇਤਿਹਾਸ ਸਾਡੇ ਸਾਹਮਣੇ ਪੇਸ਼ ਕਰਦਾ ਹੈ, ਉਸ ਦੇ ਰਾਹੀਂ ਅਸੀਂ ਉਸ ਸਮੇਂ ਹੀ ਪੰਜਾਬੀ ਜ਼ੁਬਾਨ, ਸੱਭਿਆਚਾਰ, ਤਰਕ ਅਤੇ ਇਲਮ ਦੀ ਤਰੱਕੀ ਦੇ ਸਿਖ਼ਰ ਨੂੰ ਦੇਖ ਸਕਦੇ ਹਾਂ ਜੋ ਉਸ ਤੋਂ ਬਾਅਦ ਰਸਾਤਲ ਵੱਲ ਨੂੰ ਤੁਰਨ ਲੱਗਦੀ ਹੈ। ਵਾਰਿਸ ਮੁਗਲਾਂ ਦੀ ਹਕੂਮਤ ਦੀ ਤਾਰੀਫ਼ 'ਸੀਹਰਫੀ ਲਾਹੌਰ' ਵਿੱਚ ਕਰ ਚੁੱਕਾ ਹੈ ਅਤੇ ਚਾਹੁੰਦਾ ਹੈ ਕਿ ਇਸ ਰਾਜ ਦਾ ਅੰਤ ਨਹੀਂ ਹੋਣਾ ਚਾਹੀਦਾ। ਵਾਰਿਸ ਅਬਦਾਲੀ ਦੇ ਪਹਿਲੇ ਹਮਲੇ ਬਾਰੇ ਟਿੱਪਣੀ ਕਰਦਿਆਂ 'ਸੀਹਰਫ਼ੀ ਲਹੌਰ' ਵਿੱਚ ਆਖਦਾ ਹੈ-
ਰੱਬ ਕਰੇ ਚੁਗੱਤੇ ਦੀ ਬਾਦਸ਼ਾਹੀ,
ਸ਼ੀਸ਼ਾ ਕਹਿਰ ਪਠਾਣਾਂ ਦਾ ਚੁਰ ਹੋਵੇ।
ਅਲਫ਼ ਅੱਲ੍ਹਾ ਤੂੰ ਅਪਣਾ ਫਜ਼ਲ ਕਰੀਂ,
ਬਾਦਸ਼ਾਹ ਮੁਹੰਮਦ ਸ਼ਾਹ ਹੋਵੇ।
ਤਬ ਲਗ ਚਗੱਤਿਆਂ ਦਾ ਰਾਜ ਹੋਵੇ,
ਜਬ ਲਗ ਤਾਈ ਮਿਹਰੋ ਮਾਹ ਹੋਵੇ।
ਜਿਹੜਾ ਰਾਜ਼ੀ ਨਾ ਹੋਇ ਚੁਗੱਤਿਆਂ ਤੇ,
ਪੈਰ ਨੀਲੇ ਤੇ ਮੁੱਖ ਸਿਆਹ ਹੋਵੇ।
ਸਦੀ ਬਾਰ੍ਹਵੀਂ ਵਿੱਚ ਤੁਸੀਂ ਅਦਲ ਭਾਲੋਂ,
ਇੱਥੇ ਆਦਲਾਂ ਦਾ ਕੋਈ ਦੌਰ ਨਾਹੀਂ।
ਇਹ ਪਹਿਲਾ ਸਮਾਂ ਸੀ ਜਦੋਂ ਵਾਰਿਸ ਸਿੱਧੀ ਰਾਜਨੀਤਕ ਟਿੱਪਣੀ ਕਰ ਰਿਹਾ ਸੀ ਤੇ ਜਦੋਂ ਉਸ ਦੀ ਉਮਰ ਅਠਾਈ ਸਾਲ ਸੀ, ਪਰ ਉਮਰ ਦੀਆਂ ਠੋਕਰਾਂ ਨੇ ਉਸ ਨੂੰ ਪ੍ਰੌੜ ਕੀਤਾ, ਤਾਂ ਉਹ ਇਸ ਅਧੋਗਤੀ ਦੇ ਹਸ਼ਰ ਨੂੰ ਪੇਸ਼ ਕਰਨ ਲਈ ਕਥਾ ਦਾ ਸਾਹਿਤਕ/ਸੱਭਿਆਚਾਰਕ ਮਾਧਿਅਮ ਵਰਤਦਾ ਹੈ ਅਤੇ ਇਸ ਦੇ ਸਿੱਟੇ ਨੂੰ ਇੱਕ ਪੂਰਨ ਵਿਸਥਾਰ ਦਿੰਦਾ ਹੈ।

No comments:
Post a Comment