ਬੌਬੀ ਸਿੰਘ ਬਾਂਸਲ
ਉੱਨੀਵੀਂ ਸਦੀ ਦੇ ਸ਼ੁਰੂ ਤੋਂ ਅਫ਼ਗ਼ਾਨਿਸਤਾਨ ਦੇ ਸਿੱਖ ਅਤੇ ਹਿੰਦੂ ਉਥੋਂ ਦੇ ਸੱਭਿਆਚਾਰ ਅਤੇ ਇਤਿਹਾਸ ਦਾ ਅਟੁੱਟ ਅੰਗ ਰਹੇ ਹਨ। ਉਨ੍ਹਾਂ ਵਿੱਚ ਬਹੁਤੇ ਸਿੱਖ ਰਾਜ ਸਮੇਂ ਮਹਾਰਾਜਾ ਰਣਜੀਤ ਸਿੰਘ ਵੱਲੋਂ ਇਸ ਖਿੱਤੇ ਵਿੱਚ ਵਪਾਰ ਲਈ ਭੇਜੇ ਮਿਸ਼ਨਾਂ ਨਾਲ 1820ਵਿਆਂ 'ਚ ਅਫ਼ਗ਼ਾਨਿਸਤਾਨ ਪੁੱਜੇ। ਕਾਬੁਲ ਅਤੇ ਲਾਹੌਰ ਵਿਚਕਾਰ ਜ਼ਿਆਦਾਤਰ ਕਾਫ਼ਲੇ ਭੇਜੇ ਜਾਂਦੇ ਸਨ। ਇਸ ਦੌਰਾਨ ਇਸ ਖਿੱਤੇ ਵਿੱਚ ਭਾਈਚਾਰੇ ਵਧੇ-ਫੁਲੇ। ਸਿੱਖ ਕਾਬੁਲ ਵਿੱਚ ਆ ਵਸੇ। ਕਾਬੁਲ ਵਿੱਚ ਸਿੱਖਾਂ ਦੇ ਆਉਣ ਨਾਲ ਜਲਾਲਾਬਾਦ ਅਤੇ ਗ਼ਜ਼ਨੀ ਵਰਗੇ ਸ਼ਹਿਰਾਂ ਵਿੱਚ ਵੀ ਵੱਡੀ ਗਿਣਤੀ ਸਿੱਖ ਅਤੇ ਹਿੰਦੂ ਵੱਸਣ ਲੱਗੇ। ਸੋਲ੍ਹਵੀਂ ਸਦੀ ਦੇ ਸ਼ੁਰੂ ਵਿੱਚ ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਦੇਵ ਜੀ ਨੇ ਬਗ਼ਦਾਦ ਅਤੇ ਮੱਕੇ ਤੋਂ ਭਾਰਤ ਮੁੜਦੇ ਹੋਏ ਅਫ਼ਗ਼ਾਨਿਸਤਾਨ ਵਿੱਚ ਚਰਨ ਪਾਏ ਸਨ। ਜਲਾਲਾਬਾਦ ਸ਼ਹਿਰ ਤੋਂ ਥੋੜ੍ਹੀ ਦੂਰ ਪੈਂਦੇ ਪਿੰਡ ਸੁਲਤਾਨਪੁਰ ਵਿੱਚ ਗੁਰੂ ਨਾਨਕ ਦੇਵ ਜੀ ਤਕਰੀਬਨ 40 ਦਿਨ ਠਹਿਰੇ। ਉੱਥੇ ਉਨ੍ਹਾਂ ਦੀ ਯਾਦ ਵਿੱਚ ਗੁਰਦੁਆਰਾ ਚਿਸ਼ਮਾ ਸਾਹਿਬ ਉਸਾਰਿਆ ਗਿਆ। ਸਿੱਖ ਹੀ ਨਹੀਂ, ਸਗੋਂ ਸਥਾਨਕ ਅਫ਼ਗ਼ਾਨ ਲੋਕ ਵੀ ਉੱਥੇ ਸਿਜਦਾ ਕਰਨ ਆਉਂਦੇ ਸਨ। ਅੱਜ-ਕੱਲ੍ਹ ਉਥੇ ਸਿਰਫ਼ ਥੋੜ੍ਹੇ ਜਿਹੇ ਸਿੱਖ ਪਰਿਵਾਰ ਰਹਿੰਦੇ ਹਨ। ਸੰਨ 1991 ਤੋਂ ਪਹਿਲਾਂ ਰਾਸ਼ਟਰਪਤੀ ਨਜੀਬਉੱਲਾ ਦੇ ਸ਼ਾਸਨ ਸਮੇਂ ਅਫ਼ਗ਼ਾਨਿਸਤਾਨ ਵਿੱਚ ਤਕਰੀਬਨ 1,60,000 ਸਿੱਖ ਰਹਿੰਦੇ ਸਨ। ਇਹ ਤੱਥ ਪ੍ਰਮਾਣਿਤ ਨਹੀਂ ਹਨ ਪਰ ਅੰਦਾਜ਼ੇ ਮੁਤਾਬਕ ਇਕੱਲੇ ਕਾਬੁਲ ਵਿੱਚ ਹੀ ਸਿੱਖ ਵਸੋਂ 60,000 ਸੀ। ਉਹ ਬਹੁਤ ਕਾਮਯਾਬੀ ਵਪਾਰੀ ਤੇ ਸਨਅਤਕਾਰ ਬਣੇ ਅਤੇ ਉਥੋਂ ਦੀ ਆਰਥਿਕਤਾ ਵਿੱਚ ਸਿੱਖਾਂ ਦਾ ਭਰਪੂਰ ਯੋਗਦਾਨ ਸੀ। ਅਫ਼ਗ਼ਾਨਿਸਤਾਨ ਦੇ ਰਸਮ-ਰਿਵਾਜਾਂ ਅਤੇ ਭਾਸ਼ਾ ਨੂੰ ਅਪਣਾ ਕੇ ਸਿੱਖ ਉਥੋਂ ਦੇ ਸੱਭਿਆਚਾਰ ਵਿੱਚ ਇੰਨੇ ਘੁਲ-ਮਿਲ ਗਏ ਕਿ ਟਰਾਂਸਪੋਰਟ, ਕੱਪੜਾ, ਜਿਣਸ, ਆੜ੍ਹਤ ਅਤੇ ਹੋਰ ਮੁੱਖ ਧੰਦਿਆਂ ਵਿੱਚ ਉਨ੍ਹਾਂ ਦੀ ਤੂਤੀ ਬੋਲਣ ਲੱਗੀ। ਇਹ ਉਨ੍ਹਾਂ ਦਾ ਸੁਨਹਿਰੀ ਸਮਾਂ ਸੀ। ਸੰਨ 1991 ਤੋਂ ਬਾਅਦ ਉਨ੍ਹਾਂ ਦੀ ਵਿਲੱਖਣ ਹੋਂਦ ਅਤੇ ਰੋਜ਼ੀ-ਰੋਟੀ 'ਤੇ ਖਤਰਾ ਮੰਡਰਾਉਣ ਲੱਗਿਆ। ਸੰਨ 1991 ਵਿੱਚ ਤਾਲਿਬਾਨ ਨੇ ਰਾਸ਼ਟਰਪਤੀ ਨਜੀਬਉੱਲਾ ਦੀ ਸਰਕਾਰ ਦਾ ਤਖ਼ਤਾ ਪਲਟ ਕੇ ਸੱਤਾ 'ਤੇ ਕਬਜ਼ਾ ਕਰ ਲਿਆ। ਨਜੀਬਉੱਲਾ ਖ਼ੁਦ ਚਾਰ ਸਾਲ ਸੰਯੁਕਤ ਰਾਸ਼ਟਰ ਦੀ ਸ਼ਰਨ ਵਿੱਚ ਰਿਹਾ। ਇਸ ਮਗਰੋਂ ਤਾਲਿਬਾਨ ਫ਼ੌਜ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਸੰਨ 1996 ਵਿੱਚ ਉਸ ਨੂੰ ਫਾਂਸੀ ਦੇ ਦਿੱਤੀ। ਇਸ ਦੌਰਾਨ ਬਹੁਤ ਸਾਰੇ ਸਿੱਖਾਂ ਅਤੇ ਹਿੰਦੂਆਂ ਨੇ ਆਪਣੀ ਜਾਇਦਾਦ ਵੇਚਣ ਜਾਂ ਇਸ ਨੂੰ ਛੱਡ ਕੇ ਗੁਆਂਢੀ ਮੁਲਕਾਂ ਪਾਕਿਸਤਾਨ ਅਤੇ ਭਾਰਤ ਭੱਜ ਜਾਣ ਦਾ ਫ਼ੈਸਲਾ ਕੀਤਾ। ਵੱਡੀ ਗਿਣਤੀ ਸਿੱਖ ਰਫਿਊਜ਼ੀ ਖ਼ੈਬਰ ਦੱਰੇ ਵਾਲਾ ਬਿਖੜਾ ਪੈਂਡਾ ਤੈਅ ਕਰਕੇ ਪਿਸ਼ਾਵਰ ਜਾਣ ਲੱਗੇ। ਵੱਡੀ ਗਿਣਤੀ ਸਿੱਖ ਇੰਗਲੈਂਡ ਪਰਵਾਸ ਕਰ ਗਏ। ਉੱਥੇ ਸਾਊਥਾਲ ਵਿੱਚ ਉਹ ਕਾਮਯਾਬ ਵਪਾਰੀ ਬਣ ਗਏ ਹਨ। ਅਫ਼ਗ਼ਾਨ ਸਿੱਖ ਕੈਨੇਡਾ, ਆਸਟਰੇਲੀਆ ਅਤੇ ਦੁਨੀਆਂ ਦੇ ਹੋਰ ਹਿੱਸਿਆਂ ਵਿੱਚ ਵੀ ਜਾ ਵਸੇ ਹਨ। ਅਫ਼ਗ਼ਾਨਿਸਤਾਨ ਸਮੇਂ ਤੱਕ ਉਨ੍ਹਾਂ ਦੀ ਹਾਲਤ ਬਾਰੇ ਜਾਣਕਾਰੀ ਉਪਲਬਧ ਨਹੀਂ ਸੀ। ਮੀਡੀਆ ਰਾਹੀਂ ਤਰ੍ਹਾਂ-ਤਰ੍ਹਾਂ ਦੀਆਂ ਅਫ਼ਵਾਹਾਂ ਫੈਲੀਆਂ, ਪਰ ਜਾਣਕਾਰੀ ਦੀ ਘਾਟ ਕਾਰਨ ਜੇ ਇਹ ਰਿਪੋਰਟਾਂ ਅਵਿਸ਼ਵਾਸਯੋਗ ਨਹੀਂ ਤਾਂ ਘੱਟੋ-ਘੱਟ ਵਿਰੋਧਭਾਸੀ ਹਨ। ਅਫ਼ਗ਼ਾਨਿਸਤਾਨ ਛੱਡ ਚੁੱਕੇ ਸਿੱਖਾਂ ਦਾ ਆਪਣੇ ਕਾਬੁਲ ਰਹਿ ਗਏ ਆਪਣੇ ਮਿੱਤਰਾਂ-ਸਾਥੀਆਂ ਨਾਲ ਸੰਪਰਕ ਨਹੀਂ ਸੀ। ਇਸ ਲਈ ਕਿਸੇ ਵੀ ਰਿਪੋਰਟ ਦੀ ਪ੍ਰਮਾਣਕਿਤਾ ਬਾਰੇ ਜਾਣਨਾ ਔਖਾ ਸੀ। ਕੁਝ ਸਾਲ ਪਹਿਲਾਂ ਪਾਕਿਸਤਾਨ ਵਿੱਚ ਤਾਲਿਬਾਨ ਵੱਲੋਂ ਸਿੱਖਾਂ ਨੂੰ ਅਗਵਾ ਅਤੇ ਕਤਲ ਕਰਨ ਦੀਆਂ ਘਟਨਾਵਾਂ ਹੋਈਆਂ। ਇਸ ਦੇ ਬਾਵਜੂਦ ਪਾਕਿਸਤਾਨ ਜਾਂ ਅਫ਼ਗ਼ਾਨਿਸਤਾਨ ਵਿੱਚ ਕਿਸੇ ਸਰਕਾਰੀ ਅਧਿਕਾਰੀ ਨੇ ਇਸ ਘੱਟਗਿਣਤੀ ਭਾਈਚਾਰੇ ਦੀ ਰੱਖਿਆ ਦਾ ਮੁੱਦਾ ਨਹੀਂ ਉਠਾਇਆ। ਭਾਵੇਂ ਭਾਰਤ ਸਰਕਾਰ ਨੇ ਪਾਕਿਸਤਾਨ ਦੇ ਓਰਕਜਾਦੀ ਖਿੱਤੇ ਵਿੱਚ ਇੱਕ ਸਿੱਖ ਦੇ ਕਤਲ ਬਾਰੇ ਰੋਸ ਪ੍ਰਗਟ ਕੀਤਾ ਸੀ ਪਰ ਇਸ ਮਾਮਲੇ ਦੀ ਅੱਗੇ ਕੋਈ ਜਾਂਚ ਨਹੀਂ ਕੀਤੀ ਗਈ। ਭਾਰਤ ਸਰਕਾਰ ਨੇ ਵੀ ਮਾਮਲਾ ਨੇਪਰੇ ਨਹੀਂ ਚਾੜ੍ਹਿਆ।
ਸੰਨ 1991 ਤੋਂ ਪਹਿਲਾਂ ਕਾਬੁਲ ਵਿੱਚ 11 ਗੁਰਦੁਆਰੇ ਅਤੇ ਤਿੰਨ ਮੰਦਰ ਸਨ। ਇਨ੍ਹਾਂ ਵਿੱਚੋਂ ਹੁਣ ਸਿਰਫ਼ ਚਾਰ ਗੁਰਦੁਆਰੇ ਰਹਿ ਗਏ ਹਨ ਅਤੇ ਦੋ ਗੁਰਦੁਆਰੇ ਧਾਰਮਿਕ ਕੇਂਦਰਾਂ ਵਜੋਂ ਕੰਮ ਕਰ ਰਹੇ ਹਨ। ਭਾਈਚਾਰੇ ਵੱਲੋਂ ਛੱਡੇ ਜ਼ਿਆਦਾਤਰ ਗੁਰਦੁਆਰਿਆਂ 'ਤੇ ਸਥਾਨਕ ਪ੍ਰਸ਼ਾਸਨ ਨੇ ਅਸਲਾ ਰੱਖਣ ਲਈ ਜਬਰੀ ਕਬਜ਼ਾ ਕੀਤਾ ਹੋਇਆ ਹੈ। ਕਿਹਾ ਜਾਂਦਾ ਹੈ ਕਿ ਸੰਨ 1991 ਵਿੱਚ ਅਫ਼ਗ਼ਾਨਿਸਤਾਨ ਵਿੱਚ 65 ਗੁਰਦੁਆਰੇ ਅਤੇ 21 ਮੰਦਰ ਸਨ। ਕਾਬੁਲ ਦੇ ਸ਼ੋਰ ਬਾਜ਼ਾਰ ਸਥਿਤ 400 ਸਾਲ ਤੋਂ ਵੱਧ ਪੁਰਾਣੇ ਗੁਰਦੁਆਰਾ ਹਰਿ ਰਾਏ ਸਾਹਿਬ ਵਿੱਚ ਤਕਰੀਬਨ 40 ਸਿੱਖ ਪਰਿਵਾਰ ਰਹਿੰਦੇ ਹਨ। 90 ਦੇ ਦਹਾਕੇ ਵਿੱਚ ਖਾਨਾਜੰਗੀ ਸ਼ੁਰੂ ਹੋਣ ਕਾਰਨ ਇਹ ਗੁਰਦੁਆਰਾ ਪੂਰੀ ਤਰ੍ਹਾਂ ਤਬਾਹ ਹੋ ਗਿਆ ਹੈ। ਇੱਥੋਂ ਤੱਕ ਕਿ ਇਸ ਦਾ ਅਗਲਾ ਹਿੱਸਾ ਸਿੱਖਾਂ ਦੇ ਇਤਿਹਾਸਕ ਧਾਰਮਿਕ ਅਸਥਾਨ ਵਰਗਾ ਨਹੀਂ ਜਾਪਦਾ। ਇਸ ਦੀਆਂ ਬਾਹਰਲੀਆਂ ਕੰਧਾਂ 'ਤੇ ਗੋਲੀਆਂ ਅਤੇ ਤੋਪਾਂ ਦੇ ਗੋਲਿਆਂ ਦੇ ਨਿਸ਼ਾਨ ਦਿਖਾਈ ਦਿੰਦੇ ਹਨ। ਗੁਰਦੁਆਰੇ ਵਿੱਚ ਰਹਿੰਦੇ ਕਈ ਸਿੱਖਾਂ ਨੇ ਆਪਣੀਆਂ ਤਬਾਹ ਹੋਈਆਂ ਜ਼ਿੰਦਗੀਆਂ ਬਾਰੇ ਦੱਸਿਆ। ਕਾਬੁਲ 'ਚ ਜਨਮੇ ਨੌਜਵਾਨ ਸਿੱਖ ਨਰਿੰਦਰ ਸਿੰਘ ਦੇ ਲਫ਼ਜ਼ ਉਥੇ ਰਹਿੰਦੇ ਲੋਕਾਂ ਦੀ ਤਰਾਸਦੀ ਬਿਆਨਦੇ ਹਨ, ''ਮੈਂ 26 ਸਾਲ ਦਾ ਹਾਂ ਅਤੇ ਕਾਬੁਲ ਵਿੱਚ ਰਹਿੰਦਾ ਹਾਂ। ਮੈਂ ਡਿਸਪੈਂਸਰੀ ਸਟੋਰ ਚਲਾਉਂਦਾ ਹਾਂ। ਜ਼ਿੰਦਗੀ ਹੁਣ ਉਹੋ ਜਿਹੀ ਨਹੀਂ ਰਹੀ ਜੋ ਦਹਾਕਿਆਂ ਪਹਿਲਾਂ ਸੀ। ਜ਼ਿਆਦਾਤਰ ਅਮੀਰ ਪਰਿਵਾਰ ਮੁਲਕ ਛੱਡ ਗਏ ਹਨ। ਹੁਣ ਸਿਰਫ਼ ਗ਼ਰੀਬ ਸਿੱਖ ਹੀ ਗੁਰਦੁਆਰਾ ਕੰਪਲੈਕਸ ਵਿੱਚ ਰਹਿੰਦੇ ਹਨ, ਕਿਉਂਕਿ ਉਹ ਆਪਣੇ ਘਰ ਬਣਾਉਣ ਦੀ ਸਮਰੱਥਾ ਨਹੀਂ ਰੱਖਦੇ। ਬੱਚਿਆਂ ਲਈ ਸਕੂਲ ਨਹੀਂ ਹਨ ਅਤੇ ਨਾ ਹੀ ਅਧਿਆਪਕ/ਬੱਚੇ ਆਪਣਾ ਜ਼ਿਆਦਾ ਸਮਾਂ ਵਿਹਲੇ ਗੁਜ਼ਾਰਦੇ ਹਨ ਅਤੇ ਸਿੱਖਿਆ ਤੋਂ ਵਾਂਝੇ ਹਨ। ਅਸੀਂ ਆਪਣੇ ਬੱਚਿਆਂ ਨੂੰ ਪੜ੍ਹਾ ਜਾਂ ਚੰਗੇ ਭਵਿੱਖ ਲਈ ਲੋੜੀਂਦਾ ਗਿਆਨ ਨਹੀਂ ਦੇ ਸਕਦੇ, ਕਿਉਂਕਿ ਅਫ਼ਗ਼ਾਨਿਸਤਾਨ ਵਿੱਚ ਕੋਈ ਭਵਿੱਖ ਨਹੀਂ ਹੈ। ਜੇ ਮੈਨੂੰ ਮੌਕਾ ਮਿਲੇ ਤਾਂ ਮੈਂ ਇਸੇ ਵਕਤ ਇਹ ਮੁਲਕ ਛੱਡ ਜਾਵਾਂ।'' ਇਹ ਪੁੱਛਣ 'ਤੇ ਕਿ ਉਹ ਕਿੱਥੇ ਜਾਵੇਗਾ? ਉਸ ਨੇ ਕਿਹਾ, ''ਮੈਂ ਭਾਰਤ ਜਾਣਾ ਪਸੰਦ ਕਰਾਂਗਾ ਜਿੱਥੇ ਅਸੀਂ ਆਪਣੇ ਸਿੱਖ ਭਾਈਆਂ ਨਾਲ ਘੁਲ-ਮਿਲ ਸਕਦੇ ਹਾਂ ਅਤੇ ਸਾਨੂੰ ਵਧੀਆ ਭਵਿੱਖ ਬਣਾਉਣ ਦੇ ਬਿਹਤਰ ਮੌਕੇ ਮਿਲ ਸਕਦੇ ਹਨ।'' ਇਸ ਗੁਰਦੁਆਰੇ ਦੇ ਨਿਕਾਸੀ ਦਾ ਸਹੀ ਪ੍ਰਬੰਧ ਨਹੀਂ ਹੈ। ਗਰਮ ਪਾਣੀ ਬਹੁਤ ਘੱਟ ਮਿਲਦਾ ਹੈ, ਕਮਰੇ ਟੁੱਟੇ-ਭੱਜੇ ਹੋਏ ਹਨ ਅਤੇ ਇਨ੍ਹਾਂ ਨੂੰ ਗਰਮ ਰੱਖਣ ਦਾ ਵੀ ਕੋਈ ਪ੍ਰਬੰਧ ਨਹੀਂ ਹੈ। ਇੱਕ ਸਿੱਖ ਔਰਤ ਨੇ ਕਿਹਾ, ''ਇੱਥੋਂ ਦੀ ਸਰਕਾਰ ਸਾਡੀ ਮਦਦ ਨਹੀਂ ਕਰਦੀ। ਸਾਡੇ ਕੋਲ ਪਾਕਿਸਤਾਨ ਜਾਂ ਭਾਰਤ ਜਾਣ ਲਈ ਕੋਈ ਸਾਧਨ ਨਹੀਂ ਹਨ। ਸਾਡੇ ਬੱਚਿਆਂ ਨਾਲ ਹਰ ਰੋਜ਼ ਵਿਤਕਰਾ ਹੁੰਦਾ ਹੈ। ਜਦੋਂ ਅਸੀਂ ਬਾਹਰ ਜਾਂਦੇ ਹਾਂ ਤਾਂ ਸਥਾਨਕ ਅਫ਼ਗ਼ਾਨ ਸਾਨੂੰ ਮੰਦਾ ਬੋਲਦੇ ਅਤੇ ਅਪਮਾਨ ਕਰਦੇ ਹਨ। ਉਹ ਸਾਡੇ 'ਤੇ ਇਸਲਾਮ ਕਬੂਲਣ ਲਈ ਦਬਾਅ ਪਾਉਂਦੇ ਹਨ। ਸ਼ੋਰ ਬਾਜ਼ਾਰ ਵਿੱਚ ਪਹਿਲਾਂ 80 ਫ਼ੀਸਦੀ ਦੁਕਾਨਾਂ ਸਿੱਖਾਂ ਦੀਆਂ ਸਨ, ਪਰ ਹੁਣ ਨਹੀਂ।''
ਦਹਾਕੇ ਪਹਿਲਾਂ ਉਥੋਂ ਪਰਵਾਸ ਕਰ ਚੁੱਕੇ ਸਿੱਖਾਂ ਵਿੱਚੋਂ ਸਿਰਫ਼ ਇੱਕ ਫ਼ੀਸਦੀ ਹੀ ਅਫ਼ਗ਼ਾਨ ਪਰਤੇ ਹਨ। ਬਾਕੀ ਇਹ ਮਹਿਸੂਸ ਕਰਦੇ ਹਨ ਕਿ ਕਰਜ਼ਾਈ ਸਰਕਾਰ ਉਨ੍ਹਾਂ ਦੀ ਰੱਖਿਆ ਕਰਨ ਅਤੇ ਉਨ੍ਹਾਂ ਦੇ ਸਹੀ ਭਵਿੱਖ ਅਤੇ ਸਥਿਰਤਾ ਦੀ ਗਾਰੰਟੀ ਦੇਣ ਦੇ ਯੋਗ ਨਹੀਂ ਹੈ। ਇੱਕ ਪਾਸੇ ਲੇਖਕ ਕਾਬੁਲ ਦੇ ਮਾਣਮੱਤੇ ਸਿੱਖਾਂ ਨੂੰ ਮਿਲਣ ਲਈ ਉਤਾਵਲਾ ਸੀ, ਪਰ ਦੂਜੇ ਪਾਸੇ ਉਨ੍ਹਾਂ ਦੀ ਦਰਦ ਕਹਾਣੀ ਸੁਣ ਕੇ ਨਿਰਾਸ਼ ਹੋਇਆ। ਉਮੀਦ ਹੈ ਕਿ ਲੇਖਕ ਅਤੇ ਸਾਥੀਆਂ ਵੱਲੋਂ ਬਣਾਈ ਗਈ ਦਸਤਾਵੇਜ਼ੀ ਫ਼ਿਲਮ ਅਫ਼ਗ਼ਾਨਿਸਤਾਨ ਵਿਚਲੇ ਸਿੱਖ ਭਾਈਚਾਰੇ ਦੀ ਦੁਰਦਸ਼ਾ ਤੋਂ ਦੁਨੀਆਂ ਨੂੰ ਜਾਣੂੰ ਕਰਵਾਏਗੀ। ਉਨ੍ਹਾਂ ਦੀਆਂ ਮੁਸ਼ਕਲਾਂ ਦੇ ਹੱਲ ਲਈ ਫੌਰੀ ਕਦਮ ਚੁੱਕਣ ਦੀ ਲੋੜ ਹੈ। ਉਮੀਦ ਹੈ ਕਿ ਦਸਤਾਵੇਜ਼ੀ ਫ਼ਿਲਮ ਵਿਖਾ ਕੇ ਇਤਿਹਾਸਕ ਗੁਰਦੁਆਰੇ ਦੀ ਦਿੱਖ ਸੁਧਾਰਨ ਅਤੇ ਕਾਬੁਲ ਵਿੱਚ ਸਿੱਖ ਸਕੂਲ ਸਥਾਪਿਤ ਕਰਨ ਲਈ ਅਪੀਲ ਹੋ ਸਕੇਗੀ। ਹਾਲਾਤ ਨਾ ਬਦਲੇ ਤਾਂ ਅਜਿਹਾ ਨਾ ਹੋਵੇ ਕਿ ਇਹ ਸਿੱਖ ਵੀ ਅਫ਼ਗ਼ਾਨਿਸਤਾਨ ਨੂੰ ਅਲਵਿਦਾ ਕਹਿ ਜਾਣ।







No comments:
Post a Comment