deshpunjabtimes.blogspot.com

Sunday, 8 October 2017

ਆਓ ਬੋਰ ਹੋਈਏ ਆ

ਅਰਤਿੰਦਰ ਸੰਧੂ




ਅਜਕੱਲ੍ਹ ਅਕਸਰ ਬੱਚਿਆਂ ਨੂੰ ਕਹਿੰਦਿਆਂ ਸੁਣਦੇ ਹਾਂ ਕਿ ਅਸੀਂ ਬੋਰ ਹੋ ਰਹੇ ਹਾਂ। ਮੈਨੂੰ ਯਾਦ ਆਇਆ ਕਿ ਮੈਂ ਇਹ ਸ਼ਬਦ ਪਹਿਲੀ ਵਾਰ, ਕਾਲਜ ਪੜ੍ਹਦੇ ਸਮੇਂ ਸੁਣਿਆ ਸੀ। ਮੈਨੂੰ ਇਸ ਦਾ ਅਰਥ ਵੀ ਨਹੀਂ ਪਤਾ ਸੀ। ਮੈਂ ਸੋਚਦੀ ਰਹੀ ਕਿ ਬੋਰ ਤਾਂ ਗਹਿਣਿਆਂ ਦੇ ਹੁੰਦੇ ਹਨ। ਫਿਰ ਜਦੋਂ ਵਾਰ-ਵਾਰ ਇੱਕੋ ਸ਼ਬਦ ਸੁਣਿਆ ਤਾਂ ਮਤਲਬ ਸਮਝ ਆਉਣ ਲੱਗਾ ਤੇ ਆਪਣੀ ਬੋਰੀਅਤ ਦੀ ਵੀ ਸਮਝ ਆਉਣ ਲੱਗੀ ਜਿਹੜੀ ਆਪਣੇ ਬਚਪਨ ਵਿੱਚ ਬਹੁਤ ਘੱਟ ਸੀ ਕਿਉਂਕਿ ਦਿਮਾਗ਼ ਕਦੇ ਪੜ੍ਹਨ ਤੇ ਕਦੇ ਖੇਡਣ ਵਿੱਚ ਰੁੱਝਾ ਹੀ ਰਹਿੰਦਾ। ਉਦੋਂ ਭੋਲੇਪਣ ਵਾਲਾ ਬਚਪਨ ਘਰ ਦੀਆਂ ਚੀਜ਼ਾਂ ਨੂੰ ਹੀ ਖਿਡੌਣੇ ਮੰਨ ਕੇ ਖ਼ੁਸ਼ ਹੋ ਜਾਂਦਾ। ਬਹੁਤੀ ਵਾਰ ਤਾਂ ਕਲਪਨਾ ਸ਼ਕਤੀ ਅਨੁਸਾਰ ਵਸਤਾਂ ਤੇ ਸਥਿਤੀਆਂ ਨੂੰ ਚਿਤਵ ਕੇ ਹੀ ਗੁਜ਼ਾਰਾ ਹੋ ਜਾਂਦਾ ਸੀ। ਜੇ ਸੱਚਮੁੱਚ ਕੋਈ ਖਿਡੌਣਾ ਮਿਲ ਜਾਂਦਾ ਤਾਂ ਉਹ ਬਹੁਤ ਕੀਮਤੀ ਹੁੰਦਾ। ਪਰ ਹੁਣ ਹਰੇਕ ਚੀਜ਼ ਬਹੁਲਤਾ ਵਿੱਚ ਮਿਲ ਜਾਣ ਕਰਕੇ ਮਨ ਵੀ ਜਲਦੀ ਹੀ ਅੱਕ ਜਾਂਦੇ ਹਨ।
ਇਹ ਵੀ ਨਹੀਂ ਕਿ ਸਿਰਫ਼ ਬੱਚੇ ਹੀ ਅੱਕਦੇ ਜਾਂ ਬੋਰ ਹੁੰਦੇ ਹਨ, ਵੱਡੇ ਵੀ ਅਕਸਰ ਉਕਤਾਹਟ ਮਹਿਸੂਸ ਕਰਦੇ ਹਨ। ਹਰ ਇੱਕ ਦਾ ਮੂਡ ਖ਼ਰਾਬ ਹੋਣ ਦੀ ਵਜ੍ਹਾ ਵੀ ਅਲੱਗ-ਅਲੱਗ ਹੋ ਸਕਦੀ ਹੈ, ਪਰ ਇਹ ਵਿਸ਼ਾ ਇੰਨਾ ਸੀਮਿਤ ਨਹੀਂ ਕਿ ਇਸ ਨੂੰ ਇੰਨੀ ਕੁ ਗੱਲ ਵਿੱਚ ਸਮੇਟਿਆ ਜਾ ਸਕੇ। ਇਸ ਦੇ ਬੀਜ ਸਾਡੀ ਧਰਤੀ, ਸਾਡੇ ਵਾਯੂਮੰਡਲ ਵਿੱਚ ਵਿਆਪਕ ਰੂਪ ਵਿੱਚ ਖਿੱਲਰੇ ਪਏ ਹਨ ਤੇ ਇਸ ਤੋਂ ਪਾਰ ਬ੍ਰਹਿਮੰਡ ਵਿੱਚ ਵੀ ਹੋਣਗੇ। ਫਿਲਹਾਲ ਧਰਤੀ ਦੀ ਹੀ ਗੱਲ ਕਰਦੇ ਹਾਂ।
ਧਰਤੀ ਉਤਲੇ ਜੀਵਨ ਵਿੱਚ ਵਿਭਿੰਨਤਾ ਹੈ ਤੇ ਇਸ ਵਿੱਚ ਇਹ ਵਰਤਾਰਾ ਵੀ ਵਿਸ਼ਾਲ ਰੂਪ ਵਿੱਚ ਮਿਲਦਾ ਹੈ। ਧਰਤੀ ਦੇ ਵੱਖ ਵੱਖ ਅੰਸ਼ਾਂ ਵੱਲ ਧਿਆਨ ਕਰਦੇ ਹਾਂ ਤਾਂ ਵੇਖਦੇ ਹਾਂ ਕਿ ਪਾਣੀ ਵਹਿੰਦੇ ਹੀ ਖ਼ੁਸ਼ ਰਹਿੰਦੇ ਤੇ ਰਾਗਨੀਆਂ ਗਾਉਂਦੇ ਹਨ। ਖੜ੍ਹੇ ਪਾਣੀ ਤਰੱਕ ਜਾਂਦੇ ਹਨ ਤੇ ਉਨ੍ਹਾਂ ’ਤੇ ਕਿੰਨਾ ਸਾਰਾ ਜਾਲਾ ਤੇ ਜਰ ਆਦਿ ਪੈਦਾ ਹੋਣ ਲੱਗਦੇ ਹਨ। ਪਾਣੀ ਨੂੰ ਜ਼ਰਾ ਕੁ ਵੀ ਢਲਾਣ ਮਿਲੇ ਤਾਂ ਉਹ ਫਟਾਫਟ ਵਹਿ ਤੁਰਦਾ ਹੈ। ਹਵਾ ਰੁਕੀ ਹੈ ਤਾਂ ਹੁੰਮਸ ਪੈਦਾ ਹੁੰਦਾ ਹੈ ਤੇ ਉਸ ਸਥਿਤੀ ਵਿੱਚੋਂ ਨਿਕਲਣ ਵਾਸਤੇ ਉਹ ਹਨੇਰੀ ਬਣਦੀ ਹੈ। ਕੁਝ ਵਰ੍ਹੇ ਖਾਲੀ ਪਈ ਧਰਤੀ ’ਤੇ ਫ਼ਸਲ ਬੀਜੀ ਜਾਵੇ ਤਾਂ ਭਰਪੂਰਤਾ ਨਾਲ ਉੱਗਦੀ ਹੈ। ਜੰਗਲ ਦੇ ਸੜਨ ਪਿੱਛੋਂ ਬਹੁਤ ਤੇਜ਼ੀ ਨਾਲ ਬਨਾਸਪਤੀ ਮੁੜ ਉੱਗਦੀ ਹੈ। ਇਨ੍ਹਾਂ ਸਭ ਵਰਤਾਰਿਆਂ ਦੇ ਵਿਗਿਆਨਕ ਸਪੱਸ਼ਟੀਕਰਨ ਦਿੱਤੇ ਜਾ ਸਕਦੇ ਹਨ, ਪਰ ਸਮੁੱਚੇ ਤੌਰ ’ਤੇ ਇਹ ਕੁਦਰਤ ਦਾ ਸੁਭਾਅ ਹੈ ਕਿ ਜਦੋਂ ਵੀ ਉਕਤਾਹਟ ਜਾਂ ਬੋਰੀਅਤ ਪੈਦਾ ਹੁੰਦੀ ਹੈ ਤਾਂ ਉਹ ਗਤੀ ਵਿੱਚ ਆਉਂਦੀ ਹੈ, ਫਿਰ ਉਹੀ ਗਤੀ ਸਿਰਜਨਾਤਮਕ ਹੋਵੇ ਤੇ ਭਾਵੇਂ ਤਬਾਹਕੁੰਨ। ਇਸ ਪੱਧਰ ’ਤੇ ਸੋਚਦਿਆਂ ਮੌਸਮਾਂ ਦੇ ਬਦਲਣ ਨੂੰ ਵੀ ਇਉਂ ਮੰਨ ਸਕਦੇ ਹਾਂ।
ਧਰਤੀ ਸਿਰਜਨਾਤਮਿਕਤਾ ਦਾ ਵਿਸ਼ਾਲ ਅੰਬਾਰ ਹੈ ਤੇ ਸਿਰਜਣਸ਼ੀਲਤਾ ਦੀ ਇਸ ਪ੍ਰਕਿਰਿਆ ਦੌਰਾਨ ਕੁਝ ਬਿੰਦੂ ਅਜਿਹੇ ਵੀ ਆਉਂਦੇ ਹਨ ਕਿ ਚੱਲ ਰਹੇ ਵਰਤਾਰੇ ਦਾ ਸੁਭਾਅ ਬਦਲੇ । ਅਸੀਂ ਵੀ ਧਰਤੀ ਦੇ ਜੀਵ ਹਾਂ ਤੇ ਇਸ ਕੁਦਰਤ ਦਾ ਹੀ ਇੱਕ ਹਿੱਸਾ ਹਾਂ। ਸੋ ਸਾਡੇ ਅੰਦਰ ਵੀ ਅਜਿਹੀਆਂ ਕਿਰਿਆਵਾਂ ਦਾ ਵਾਪਰਨਾ ਸਾਡੇ ਅੰਦਰਲੀ ਕੁਦਰਤ ਦੇ ਸੁਭਾਅ ਕਾਰਨ ਹੀ ਹੈ। ਇਹ ਬੋਰ ਹੋਣਾ ਜਾਂ ਉਕਤਾਉਣਾ ਵੀ ਇਸੇ ਤਰ੍ਹਾਂ ਦਾ ਵਰਤਾਰਾ ਹੈ ਤੇ ਸੋਚਵਾਨ ਇਨਸਾਨ ਦੀ ਜਗਿਆਸਾ ਇਸ ਬਾਰੇ ਵੀ ਮਨ ਨੂੰ ਟੁੰਬਦੀ ਰਹਿੰਦੀ ਹੈ। ਇਸ ਵਰਤਾਰੇ ਦੇ ਅਸਰ ਨੂੰ ਸਮਝਣ ਵਾਸਤੇ ਇੱਕ ਜਗਿਆਸੂ ਖੋਜਕਾਰ ਪੀਟਰ ਤੂਹੇ ਨੇ ਇੱਕ ਪੁਸਤਕ ਲਿਖੀ ਹੈ ਜਿਸ ਵਿੱਚ ਉਸ ਨੇ ਆਪਣੇ ਤਜਰਬੇ ਅੰਕਿਤ ਕੀਤੇ ਹਨ। ਤੂਹੇ ਕੈਨੇਡਾ ਦੇ ਕੈਲਗਰੀ ਵਿਸ਼ਵ ਵਿਦਿਆਲੇ ਵਿੱਚ ਕਲਾਸੀਕਲ ਹਿਸਟਰੀ ਦਾ ਪ੍ਰੋਫ਼ੈਸਰ ਹੈ। ਜਦੋਂ ਉਸ ਨੇ ਆਪਣੇ ਪ੍ਰਕਾਸ਼ਕ ਨੂੰ ਬੋਰੀਅਤ ਬਾਰੇ ਪੁਸਤਕ ਲਿਖਣ ਸਬੰਧੀ ਆਪਣੇ ਵਿਚਾਰ ਦੀ ਗੱਲ ਕੀਤੀ ਤਾਂ ਪ੍ਰਕਾਸ਼ਕ ਘਬਰਾ ਗਿਆ ਕਿ ਅਜਿਹੀ ਕਿਤਾਬ ਕੌਣ ਪੜ੍ਹੇਗਾ? ਪਰ ਜਦੋਂ ਤੂਹੇ ਨੇ ਆਪਣੀ ਕਿਤਾਬ ‘ਬੋਰੀਅਤ- ਇੱਕ ਜੀਵੰਤ ਇਤਿਹਾਸ’ ਲਿਖੀ ਤਾਂ ਪ੍ਰਕਾਸ਼ਕ ਦੇ ਵਿਚਾਰ ਹੀ ਬਦਲ ਗਏ।
ਉਸ ਨੇ ਲਿਖਿਆ ਕਿ ਲੋਕ ਬੋਰੀਅਤ ਨੂੰ ਪਸੰਦ ਨਹੀਂ ਕਰਦੇ। ਕੋਈ ਵੀ ਉਕਤਾਉਣਾ ਨਹੀਂ ਚਾਹੁੰਦਾ, ਭਾਵੇਂ ਇਹ ਵਿਸ਼ਵ ਵਿਆਪੀ ਮਨੁੱਖੀ ਵਰਤਾਰਾ ਹੈ। ਤੂਹੇ ਮੰਨਦਾ ਹੈ ਕਿ ਅਜੋਕੇ ਤਕਨਾਲੋਜੀ ਦੇ ਦੌਰ ਵਿੱਚ ਬੋਰੀਅਤ ਨੂੰ ਨਾਂਹ ਪੱਖੀ ਵਰਤਾਰਾ ਮੰਨਿਆ ਜਾਂਦਾ ਹੈ। ਮਨੋਵਿਗਿਆਨੀਆਂ ਨੇ ਵੀ ਇਧਰ ਧਿਆਨ ਨਹੀਂ ਦਿੱਤਾ ਜਾਪਦਾ। ਯੂਕੇ ਤੋਂ ਸਾਊਥਹੈਂਪਟਨ ਦੇ ਸਮਾਜਿਕ ਮਨੋਵਿਗਿਆਨੀ ਵਿਜੰਦ ਵੈਨ ਤਿਲਬਰਗ ਦਾ ਕਹਿਣਾ ਹੈ ਕਿ ਮੈਂ ਖ਼ੁਦ ਹੈਰਾਨ ਹਾਂ ਕਿ ਇਸ ਵਿਸ਼ੇ ’ਤੇ ਨਾਂਹ ਦੇ ਬਰਾਬਰ ਖੋਜ ਕੀਤੀ ਗਈ ਹੈ। ਫਿਰ ਤਿਲਬਰਗ ਨੇ ਸਾਊਥਹੈਂਪਟਨ ਯੂਨੀਵਰਸਿਟੀ (ਇੰਗਲੈਂਡ) ਵਿਚਲੇ ਆਪਣੇ ਸਾਥੀ ਐਰਿਕ ਆਇਗੂ ਨਾਲ ਮਿਲ ਕੇ ਇਸ ਵਿਸ਼ੇ ਬਾਰੇ ਕੰਮ ਸ਼ੁਰੂ ਕੀਤਾ।
ਅਜੇ ਤਕ ਪ੍ਰਾਪਤ ਜਾਣਕਾਰੀਆਂ ਮੁਤਾਬਿਕ ਜਿਹੜੇ ਲੋਕ ਜਲਦੀ ਉਕਤਾ ਜਾਂਦੇ ਹਨ ਜਾਂ ਬੋਰ ਹੋ ਜਾਂਦੇ ਹਨ, ਉਹ ਆਮ ਤੌਰ ’ਤੇ ਡਿਪਰੈਸ਼ਨ, ਫ਼ਿਕਰ ਵਾਲੇ ਸੁਭਾਅ ਜਾਂ ਝਗੜਾਲੂ ਪ੍ਰਵਿਰਤੀ ਦੇ ਹੁੰਦੇ ਹਨ, ਜਾਂ ਜੂਏ ਵਰਗੀਆਂ ਆਦਤਾਂ ਦਾ ਸ਼ਿਕਾਰ ਹੁੰਦੇ ਹਨ। ਕੁਝ ਅਧਿਐਨ ਵਧੇਰੇ ਬੋਰੀਅਤ ਦੇ ਸ਼ਿਕਾਰ ਲੋਕਾਂ ਵਿੱਚ ਡੋਪਾਮਾਈਨ ਦੇ ਪੱਧਰ ਦੇ ਘੱਟ ਹੋਣ ਨੂੰ ਵੀ ਇਸ ਦਾ ਕਾਰਨ ਮੰਨਦੇ ਹਨ। ਡੋਪਾਮਾਈਨ ਇੱਕ ਅਜਿਹਾ ਹਾਰਮੋਨ ਹੈ ਜੋ ਮਨੁੱਖੀ ਦਿਮਾਗ਼ ’ਤੇ ਅਸਰ ਕਰ ਕੇ ਖ਼ੁਸ਼ੀ ਵਾਲਾ ਅਹਿਸਾਸ ਦਿੰਦਾ ਹੈ। ਪਰ ਉਹ ਉਸ ਬੋਰੀਅਤ ਨੂੰ ਮਾੜਾ ਨਹੀਂ ਮੰਨਦੇ ਜਿਹੜਾ ਤੁਹਾਨੂੰ ਸੁਪਰ ਮਾਰਕੀਟ ਦੀ ਲੰਬੀ ਕਤਾਰ ਜਾਂ ਕਿਸੇ ਵਧੇਰੇ ਹੀ ਲਮਕ ਗਈ ਮੀਟਿੰਗ ਆਦਿ ਵਿੱਚ ਹੁੰਦਾ ਹੈ। ਤਿਲਬਰਗ ਕਹਿੰਦਾ ਹੈ: ‘ਅਸੀਂ ਹੈਰਾਨ ਹੁੰਦੇ ਸਾਂ ਕਿ ਬੋਰੀਅਤ ਦਾ ਕੋਈ ਹਾਂ-ਪੱਖੀ ਅਸਰ ਵੀ ਹੋ ਸਕਦਾ ਹੈ।’
ਬੋਰੀਅਤ ਵਾਲੀਆਂ ਸਥਿਤੀਆਂ ਦਾ ਅਧਿਐਨ ਕਰਦਿਆਂ ਮਨੋਵਿਗਿਆਨੀਆਂ  ਨੇ ਮਹਿਸੂਸ ਕੀਤਾ ਕਿ ਜ਼ਿੰਦਗੀ ਦੇ ਅਰਥਾਂ ਨੂੰ ਸਮਝਣ ਤੇ ਵਧੇਰੇ ਸਪੱਸ਼ਟ ਕਰਨ ਵਿੱਚ ਉਕਤਾਹਟ ਜਾਂ ਬੋਰੀਅਤ ਦਾ ਰੋਲ ਫ਼ਾਇਦੇਮੰਦ ਹੋ ਸਕਦਾ ਹੈ। ਉਸ ਨੇ ਨਤੀਜਾ ਕੱਢਿਆ ਕਿ ਆਮ ਤੌਰ ’ਤੇ ਉਕਤਾਹਟ ਵਿੱਚ ਇਨਸਾਨ ਸਮਝ ਸਕਦਾ ਹੈ ਕਿ ਉਸ ਵਾਸਤੇ ਕਿਹੜੇ ਕੰਮ ਵਧੇਰੇ ਮਹੱਤਵਪੂਰਨ ਹਨ ਤੇ ਉਹ ਗ਼ੈਰ-ਜ਼ਰੂਰੀ ਕੰਮਾਂ ਨੂੰ ਲਾਂਭੇ ਕਰ ਸਕਦਾ ਹੈ। ਇਹ ਸਾਡੇ ਵਾਸਤੇ ਇੱਕ ਭਾਵਨਾਤਮਕ ਇਸ਼ਾਰਾ ਹੈ ਕਿ ਕਿਹੜੇ ਕੰਮ ਸਾਡੇ ਵਾਸਤੇ ਅਰਥਪੂਰਣ ਨਹੀਂ।
ਕੁਝ ਸਾਲ ਪਹਿਲਾਂ ਹੋਈ ਖੋਜ ਤੋਂ ਇਹ ਇਸ਼ਾਰਾ ਵੀ ਮਿਲਦਾ ਹੈ ਕਿ ਉਕਤਾਹਟ ਸਾਡੇ ਜ਼ਿਹਨ ਨੂੰ ਤਾਜ਼ਗੀ ਦੇ ਕੇ ਉਸਾਰੂ ਕੰਮਾਂ ਵੱਲ ਤੋਰਦੀ ਹੈ। ਪਿਛਲੇ ਕੁਝ ਸਾਲਾਂ ਵਿੱਚ ਵਿਗਿਆਨੀਆਂ ਨੇ ਮਨੁੱਖਾਂ ਵਿੱਚ ਇੱਕ ਅਜਿਹੀ ਸਥਿਤੀ ਦੀ ਪਛਾਣ ਕੀਤੀ ਹੈ ਜਿਸ ਨੂੰ ਉਨ੍ਹਾਂ ਨੇ ਡਿਫਾਲਟ ਨੈੱਟਵਰਕ ਦਾ ਨਾਂ ਦਿੱਤਾ ਹੈ। ਇਹ ਉਦੋਂ ਹੀ ਕਾਰਜਸ਼ੀਲ ਹੁੰਦਾ ਹੈ, ਜਦੋਂ ਅਸੀਂ ਕਿਸੇ ਕੰਮ ਵਿੱਚ ਰੁੱਝੇ ਨਹੀਂ ਹੁੰਦੇ, ਯਾਨੀ ਬੋਰ ਹੋ ਰਹੇ ਹੁੰਦੇ ਹਾਂ। ਦੂਜੇ ਸ਼ਬਦਾਂ ਵਿੱਚ ਵਿਗਿਆਨੀਆਂ ਨੇ ਮੰਨਿਆ ਕਿ ਉਕਤਾਉਣਾ  ਜਾਂ ਬੋਰ ਹੋਣਾ ਮਤਲਬ ਜ਼ਿਹਨ ਦਾ ਕਾਰਜਸ਼ੀਲ ਨਾ ਹੋਣਾ। ਪਰ ਅਸਲ ਵਿੱਚ ਬੇਧਿਆਨੀ ਵਿੱਚ ਅਸੀਂ ਦਿਨ ਦਿਹਾੜੇ ਸੁਪਨੇ ਲੈ ਰਹੇ ਹੁੰਦੇ ਹਾਂ ਤੇ ਸਾਡਾ ਦਿਮਾਗ਼ ਇੱਕ ਸ਼ਕਤੀਸ਼ਾਲੀ ਬਿਜਲਈ ਗੱਲਬਾਤ ਵਿੱਚ ਰੁੱਝਿਆ ਹੁੰਦਾ ਹੈ। ਇਸ ਕਾਰਜ ਦਾ ਸਬੰਧ ਦਿਮਾਗ਼ ਦੇ ਸਾਹਮਣੇ ਹਿੱਸੇ  ਨਾਲ ਜੁੜਿਆ ਹੁੰਦਾ ਹੈ। ਇਹ ਕਿਉਂ ਹੈ?
ਇੱਕ ਵਿਚਾਰ ਇਹ ਹੈ ਕਿ ਜ਼ਿਹਨ ਉਸ ਵੇਲੇ ਖ਼ੁਦ ਦੀ ਸੰਭਾਲ ਵਿੱਚ ਰੁੱਝਿਆ ਹੁੰਦਾ ਹੈ। ਦੂਜਾ ਵਿਚਾਰ ਇਹ ਕਹਿੰਦਾ ਹੈ ਕਿ ਜ਼ਿਹਨ ਉਸ ਵਕਤ ਇਧਰ, ਉਧਰ ਦੇ ਖ਼ਿਆਲਾਂ ਨਾਲ ਜੁੜ ਕੇ ਨਵੀਆਂ ਚੁਣੌਤੀਆਂ ਵਾਸਤੇ ਤਿਆਰ ਹੋ ਰਿਹਾ ਹੁੰਦਾ ਹੈ। ਬਾਹਰੀ ਦੁਨੀਆਂ ਨੂੰ ਹੁੰਗਾਰਾ ਦੇਣ ਤੋਂ ਖ਼ੁਦ ਨੂੰ ਰੋਕ ਕੇ ਇਹ ਆਪਣੇ ਆਪ ਨੂੰ ਪਰਖ ਰਿਹਾ ਹੁੰਦਾ ਹੈ। ਅਮਰੀਕਾ ਦੇ ਸਾਂਤਾ ਬਾਰਬਰਾ ਵਿਖੇ ਯੂਨੀਵਰਸਿਟੀ ਆਫ ਕੈਲੀਫੋਰਨੀਆ ਵਿੱਚ ਬੈਂਜਾਮਿਨ ਬੇਅਰਡ ਤੇ ਜੋਨਾਥਨ ਸਕੂਲਰ ਵੱਲੋਂ ਬੋਰੀਅਤ ਤੇ ਕਿਰਿਆਸ਼ੀਲਤਾ ਦੇ ਆਪਸੀ ਸਬੰਧਾਂ ਬਾਰੇ ਇੱਕ ਤਜਰਬਾ ਕੀਤਾ ਗਿਆ ਜੋ ਅਜਿਹੇ ਅਨੇਕ ਤਜਰਬਿਆਂ ਵਿੱਚੋਂ ਇੱਕ ਸੀ।
ਖੋਜਕਾਰਾਂ ਨੇ ਇੱਕ ਸੌ ਪੰਜਤਾਲੀ ਵਿਦਿਆਰਥੀਆਂ ’ਤੇ ਇੱਕ ਸਟੈਂਡਰਡ ਕਿਰਿਆਸ਼ੀਲਤਾ ਟੈਸਟ ਕੀਤਾ ਜਿਸ ਦਾ ਨਾਂ ਉਨ੍ਹਾਂ ਨੇ ”nusual use (ਖ਼ਾਸ ਵਰਤੋਂ) ਰੱਖਿਆ। ਇਸ ਵਿੱਚ ਉਨ੍ਹਾਂ ਨੇ ਵਿਦਿਆਰਥੀਆਂ ਨੂੰ ਦਿੱਤੇ ਗਏ ਵਕਤ ਵਿੱਚ ਕੁਝ ਆਮ ਵਸਤਾਂ, ਜਿਵੇਂ ਟੁੱਥ ਪਿਕਸ ਤੇ ਇੱਟਾਂ ਆਦਿ ਬਾਰੇ ਲਿਖਣ ਨੂੰ ਕਿਹਾ ਕਿ ਇਨ੍ਹਾਂ ਦੇ ਜਿੰਨੇ ਫ਼ਾਇਦੇ ਗਿਣਾ ਸਕੋ, ਲਿਖੋ। ਇਸ ਪਿਛੋਂ ਉਨ੍ਹਾਂ ਨੇ ਵਿਦਿਆਰਥੀਆਂ ਨੂੰ ਚਾਰ ਟੋਲਿਆਂ ਵਿੱਚ ਵੰਡਿਆ। ਇੱਕ ਟੋਲੇ ਨੂੰ ਬਹੁਤ ਹੀ ਅਕਾਊ ਕੰਮ ਦਿੱਤਾ ਕਿ ਉਨ੍ਹਾਂ ਦੇ ਦਿਮਾਗ਼ ਇਧਰ ਉਧਰ ਦੀਆਂ ਗੱਲਾਂ ਸੋਚਦੇ ਰਹਿਣ ਜਦੋਂਕਿ ਦੂਜਿਆਂ ਨੂੰ ਪੂਰੇ ਰੁਝੇਵੇਂ ਵਾਲਾ ਕੰਮ ਦਿੱਤਾ।
ਟੈਸਟ ਦੇ ਦੂਜੇ ਹਿੱਸੇ ਵਿੱਚ ਜਿਹੜੇ ਗਰੁੱਪ ਨੂੰ ਬਹੁਤ ਬੋਰ ਹੋਣ ਵਾਲਾ ਕੰਮ ਦਿੱਤਾ ਸੀ, ਉਨ੍ਹਾਂ ਨੇ ਦੂਜੇ ਗਰੁੱਪ, ਜਿਨ੍ਹਾਂ ਨੂੰ ਦਿਲਚਸਪੀ ਵਾਲਾ ਕੰਮ ਦਿੱਤਾ ਗਿਆ ਸੀ, ਨਾਲੋਂ ਬਹੁਤ ਜ਼ਿਆਦਾ ਨੰਬਰ ਪ੍ਰਾਪਤ ਕੀਤੇ। ਯਾਨੀ ਬਾਰਾਂ ਮਿੰਟ ਦੀ ਉਕਤਾਹਟ ਜਾਂ ਬੋਰੀਅਤ (ਇੱਧਰ ਉੱਧਰ ਦੀਆਂ ਗੱਲਾਂ ਸੋਚਣ ਤੇ ਵਾਧੂ ਦੇ ਸੁਪਨੇ ਲੈਣ) ਪਿੱਛੋਂ ਇਕਤਾਲੀ ਫ਼ੀਸਦੀ ਵੱਧ ਸੰਭਾਵਨਾ ਭਰਪੂਰ ਨਤੀਜੇ ਮਿਲੇ।
ਜੇ ਬੋਰ ਹੋਣ ਜਾਂ ਉਕਤਾਉਣ ਦੀ ਕਿਰਿਆ ਸਾਡੇ ਵਾਸਤੇ ਇੰਨੀ ਫ਼ਾਇਦੇਮੰਦ ਹੈ ਤਾਂ ਸਾਡਾ ਹਰ ਵੇਲੇ ਤਕਨਾਲੋਜੀ ਨਾਲ ਰੁੱਝੇ ਰਹਿਣ ਦਾ ਰੁਝਾਨ ਫ਼ਿਕਰ ਲਾਉਣ ਵਾਲਾ ਹੈ। ਯੂਕੇ ਦੀ ਯੂਨੀਵਰਸਿਟੀ ਆਫ ਈਸਟ ਐਂਜਲੀਆ ਦੀ ਟਰੋਸਾ, ਬੈਲਟਨ ਅਜੋਕੇ ਬੋਰ ਹੋਣ ਦੇ ਰੁਝਾਨ ਵੱਲ ਵਧਦੀ ਅਸਹਿਣਸ਼ੀਲਤਾ ਪ੍ਰਤੀ ਸੋਚਣ ਵਾਲੇ ਖੋਜਕਾਰਾਂ ਵਿੱਚੋਂ ਇੱਕ ਹੈ। ਬੱਚਿਆਂ ਵਿੱਚ ਟੈਲੀਵਿਜ਼ਨ ਤੇ ਕਹਾਣੀਆਂ ਸੁਣਨ ਦੇ ਰੁਝਾਨ ਨੂੰ ਵੀ ਉਹ ਕਲਪਨਾਸ਼ੀਲਤਾ ਦੀ ਕਮੀ ਨਾਲ ਜੋੜਦੀ ਹੈ। ਉਸ ਦਾ ਮੰਨਣਾ ਹੈ ਕਿ ਲਗਾਤਾਰ ਮਨ ਪਰਚਾਵੇ ਦੇ ਕਾਰਜ ਵਿੱਚ ਰੁੱਝੇ ਰਹਿਣਾ ਸਾਡੇ ਦਿਮਾਗ਼ ਦੀ ਆਪਣੇ ਵਾਸਤੇ ਵਸੀਲੇ ਪੈਦਾ ਕਰਨ ਦੀ ਪ੍ਰਤਿਭਾ ਨੂੰ ਨੁਕਸਾਨ ਪਹੁੰਚਾਉਂਦਾ ਹੈ। ਉਹ ਮੰਨਦੀ ਹੈ ਕਿ ਉਕਤਾਉਣਾ ਜਾਂ ਬੋਰ ਹੋਣਾ ਇੱਕ ਬੇਆਰਾਮੀ ਵਾਲੀ ਸਥਿਤੀ ਹੈ ਜਿਸ ਨੂੰ ਮਨੁੱਖੀ ਮਨ ਪਸੰਦ ਨਹੀਂ ਕਰਦਾ। ਜੇ ਸਾਡੇ ਕੋਲ ਇਸ ਨਾਲ ਉਸਾਰੂ ਢੰਗ ਨਾਲ ਨਿਭਣ ਦੀ ਸਮਰੱਥਾ ਹੋਵੇ ਤਾਂ ਇਹ ਸਥਿਤੀ ਕਾਰਜਸ਼ੀਲਤਾ ਨੂੰ ਉਕਸਾਉਣ ਵਾਲੀ ਹੋ ਸਕਦੀ ਹੈ। ਬੋਰੀਅਤ ਵਿੱਚੋਂ ਨਿਕਲਣ ਵਾਸਤੇ ਟੀਵੀ ਦੇਖਣ ਲੱਗ ਪੈਣਾ ਜਾਂ ਮੋਬਾਈਲ ਪਕੜ ਕੇ ਬੈਠ ਜਾਣਾ, ਕੁਝ ਵੀ ਨਾ ਕਰਨ ਵਰਗਾ ਹੈ।
ਬੈਲਟਨ ਨੇ ਵੱਖ ਵੱਖ ਖੇਤਰ ਦੀਆਂ ਕਲਾਵਾਂ ਨਾਲ ਸਬੰਧਿਤ ਸ਼ਖ਼ਸੀਅਤਾਂ ਜਿਵੇਂ ਕਲਾਕਾਰ ਗਰੇਅਨ ਪੈਰੀ ਅਤੇ ਕਿ ਊਟਰੋ ਵਿਗਿਆਨੀ ਸੂਸਨ ਗ੍ਰੀਨਫੀਲਡ ਸਮੇਤ ਕਈ ਸ਼ਖ਼ਸੀਅਤਾਂ ’ਤੇ ਬੋਰੀਅਤ ਦੇ ਅਸਰ ਸਬੰਧੀ ਅਧਿਐਨ ਕੀਤਾ। ਉਹ ਸਭ ਇਸ ਤੱਥ ਨਾਲ ਸਹਿਮਤ ਸਨ ਕਿ ਬਾਲਪਨ ਵਿੱਚ ਉਕਤਾਉਣ ਦੀ ਸਥਿਤੀ ਨੇ ਉਨ੍ਹਾਂ ਦੇ ਅੰਦਰਲੀ ਕਾਰਜਸ਼ੀਲਤਾ ਨੂੰ ਉਕਸਾਇਆ ਤੇ ਅਜੇ ਵੀ ਇਹੋ ਸਥਿਤੀ, ਉਨ੍ਹਾਂ ਦੀ ਕਿਰਿਆਸ਼ੀਲਤਾ ਵਾਸਤੇ ਜਾਨਦਾਰ ਮਦਦ ਹੈ। ਉਦਾਹਰਣ ਵਜੋਂ ਗ੍ਰੀਨਫੀਲਡ ਉਨ੍ਹਾਂ ਪਲਾਂ ਦਾ ਆਨੰਦ ਨਾਲ ਜ਼ਿਕਰ ਕਰਦੀ ਹੈ, ਜਦੋਂ ਬੁਝਾਰਤਾਂ ਬੁਝਦਿਆਂ, ਜ਼ਿਹਨ ਆਪਣੇ ਆਪ ਚੁਸਤੀ ਫੁਰਤੀ ਨਾਲ ਸੋਚਣ ਲੱਗਦਾ ਹੈ। ਉਹ ਮੰਨਦੀ ਹੈ ਕਿ ਲੰਬੀਆਂ ਹਵਾਈ ਉਡਾਣਾਂ ਦੌਰਾਨ ਉਹ ਲੈਪਟੌਪ ਦੀ ਬਜਾਏ ਕਾਗਜ਼ ਤੇ ਕਲਮ ਨਾਲ ਲੈਸ ਰਹਿੰਦੀ ਹੈ।
ਹੁਣ ਸੋਚੀਏ ਤਾਂ ਸਾਡੇ ਵਾਲੀ ਪੀੜ੍ਹੀ ਕੋਲ ਬਾਜ਼ਾਰ ਤੋਂ ਖ਼ਰੀਦੇ ਖਿਡਾਉਣੇ ਘੱਟ ਹੀ ਹੁੰਦੇ ਸਨ। ਉਦੋਂ ਬੱਚੇ ਸਹਿਜ ਸੁਭਾਅ ਆਪਣੀ ਕਲਪਨਾ ਨਾਲ ਆਮ ਚੀਜ਼ਾਂ ਨੂੰ ਖਿਡੌਣੇ ਬਣਾ ਲੈਂਦੇ ਸਨ, ਕੋਈ ਬੱਚਾ ਇੱਕ ਸੋਟੀ ਨੂੰ ਅੱਗਿਉਂ ਫੜ ਕੇ ਆਪਣੀਆਂ ਦੋਵਾਂ ਲੱਤਾਂ ਵਿਚਕਾਰ ਘੜੀਸਦਾ ਤੁਰਿਆ ਜਾਂਦਾ ਤੇ ਸੋਟੀ ਨੂੰ ਘੋੜਾ ਚਿਤਵਦਾ ਬੋਲਦਾ ਜਾਂਦਾ:
ਤੱਤਾ ਤੱਤਾ ਘੋੜਿਆ
ਗੁਲਾਬੀ ਫੁੱਲ ਤੋੜਿਆ।
ਮੈਨੂੰ ਯਾਦ ਹੈ, ਉਦੋਂ ਕਾਨੇ ਆਮ ਤੌਰ ’ਤੇ ਮਿਲ ਜਾਂਦੇ ਸਨ ਤੇ ਕਾਨੇ ਨੂੰ ਛਿੱਲ ਕੇ ਗੁੱਦੇ ਦੇ ਟੋਟਿਆਂ ਵਿੱਚ ਅੜਾ ਕੇ ਕਦੇ ਮੰਜਾ ਬਣਾ ਲੈਣਾ, ਕਦੇ ਕੁਰਸੀ, ਮੇਜ਼ ਜਾਂ ਕਦੇ ਕੁਝ ਹੋਰ।
ਕਾਗਜ਼ਾਂ ਨੂੰ ਖ਼ਾਸ ਤਰੀਕੇ ਨਾਲ ਤਹਿ ਕਰਕੇ ਖੇਡਾਂ ਬਣਾ ਲੈਣੀਆਂ। ਹੋਰ ਨਹੀਂ ਤਾਂ ਕੁੜੀਆਂ ਨੇ ਕਿਸੇ ਵਡੇਰੀ ਸਵੈਟਰ ਉਣਦੀ ਕੋਲੋਂ ਉੱਨ ਦਾ ਧਾਗਾ ਲੈਣਾ ਤੇ ਹੱਥਾਂ ’ਤੇ ਪਾ ਕੇ ਵੱਖ ਵੱਖ ਤਰ੍ਹਾਂ ਦੇ ਨਮੂਨੇ ਬਣਾਉਂਦੇ ਰਹਿਣਾ। ਪਿੰਡਾਂ ਵਿੱਚ ਜਿੱਥੇ ਸਹੂਲਤਾਂ  ਦੀ ਹੋਰ ਵੀ ਘਾਟ ਹੁੰਦੀ ਸੀ, ਉੱਥੇ ਸਿਰਜਣ ਸ਼ਕਤੀ ਦਾ ਕਮਾਲ ਦੇਖਿਆ ਹੈ। ਬਚਪਨ ਵਿੱਚ ਕੁੜੀਆਂ ਵੱਲੋਂ ਖਾਲੀ ਬੋਤਲ ਵਿੱਚ ਨਿੱਕੀ ਜਿਹੀ ਮੰਜੀ ਉਣੀ ਹੋਈ ਕਈ ਘਰਾਂ ਵਿੱਚ ਦੇਖੀ ਜੋ ਕੁੜੀਆਂ ਬੜੇ ਹੁਨਰ ਨਾਲ ਬੋਤਲ ਦੇ ਮੂੰਹ ਵੱਲੋਂ ਇੱਕ ਲੰਬੀ ਸਿਲਾਈ ਦੀ ਮਦਦ ਨਾਲ ਉਣਦੀਆਂ ਸਨ। ਕਹਿਣ ਤੋਂ ਮਤਲਬ ਇਹ ਕਿ ਸਾਧਨਹੀਣਤਾ ਵੀ ਨਵੇਂ ਨਵੇਂ ਢੰਗਾਂ ਨਾਲ ਕਿਰਿਆਸ਼ੀਲਤਾ ਉਪਜਾਉਂਦੀ ਸੀ।
ਕਾਰਟੂਨਿਸਟ ਡਿਲਬਰਟ ਤਾਂ ਆਪਣੇ ਬਚਪਨ ਵਿਚਲੀ ਅਤਿ ਦੀ ਉਕਤਾਹਟ ਨੂੰ ਹੀ ਆਪਣੀ ਕਲਾਸ਼ੀਲਤਾ ਲਈ ਜ਼ਿੰਮੇਵਾਰ ਮੰਨਦਾ ਹੈ। ਗ੍ਰੀਨਫੀਲਡ ਅਜੋਕੀ ਜ਼ਿੰਦਗੀ ਵਿੱਚ ਹਰ ਵੇਲੇ ਤਕਨਾਲੋਜੀ ਨਾਲ ਜੁੜੇ ਰਹਿਣ ਕਰਕੇ ਵਿਚਾਰ ਉਤਪਾਦਕਤ ਸਮਰੱਥਾ ਨੂੰ ਹੋਣ ਵਾਲੇ ਨੁਕਸਾਨ ਬਾਰੇ ਫ਼ਿਕਰਮੰਦ ਹੈ। ਹੁਣ ਜਦੋਂ ਕਿਸੇ ਨੂੰ ਮੋਬਾਈਲ ’ਤੇ ਬਣੀ ਬਣਾਈ ਗੇਮ ਵਿੱਚ ਕਾਰਾਂ ਦੀ ਦੌੜ, ਬਣੇ ਬਣਾਏ ਹਵਾਈ ਜਹਾਜ਼ ਨੂੰ ਉਡਾਉਣ ਦਾ ਮੌਕਾ ਮਿਲਦਾ ਰਹੇਗਾ ਤਾਂ ਆਪ ਸੋਚਣ ਤੇ ਸਾਧਨ ਪੈਦਾ ਕਰਨ ਵੱਲ ਕੌਣ ਤੁਰੇਗਾ?
ਯਾਰਕ ਯੂਨੀਵਰਸਿਟੀ (ਟੋਰਾਂਟੋ, ਕੈਨੇਡਾ)  ਵਿੱਚ ਜੌਹਨ ਈਸਟਵੁੱਡ ਦੇ ਬੋਰੀਅਤ ਬਾਰੇ ਖੋਜ ਦੇ ਵੀ ਇਹੋ ਜਿਹੇ ਹੀ ਨਤੀਜੇ ਹਨ। ਉਸ ਨੇ ਇੱਕ ਭਾਸ਼ਨ ਵਿੱਚ ਕਿਹਾ ਵੀ ਸੀ ਕਿ ਸਾਨੂੰ ਅਸਾਧਾਰਨ ਜ਼ਿੰਦਗੀ ਜਿਊਣ ਵੱਲ ਤੋਰਨ ਵਾਲੇ ਉਪਕਰਣ ਖਰੀਦਣੋਂ ਤੇ ਬੱਚਿਆਂ ਨੂੰ ਲੈ ਕੇ ਦੇਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਅਜੋਕੀ ਭੱਜ ਦੌੜ ਵਾਲੀ ਜ਼ਿੰਦਗੀ ਵਿੱਚ ਤਾਂ ਕੁਝ ਪਲਾਂ ਦੀ ਬੋਰੀਅਤ, ਜ਼ਿਹਨ ਕੁਝ ਪਲ, ਆਪਣੇ ਆਪ ਵਿੱਚ ਪਰਤਾ ਦੇਣ ਵਰਗੀ ਹੋਵੇਗੀ।
ਸੋ ਮਾਹਿਰਾਂ ਅਨੁਸਾਰ ਅਸੀਂ ਬੋਰੀਅਤ ਜਾਂ ਉਕਤਾਹਟ ਨੂੰ ਅਜੋਕੀ ਜ਼ਿੰਦਗੀ ਵਿੱਚ ਫ਼ਾਇਦੇਮੰਦ ਪ੍ਰਕਿਰਿਆ ਮੰਨ ਸਕਦੇ ਹਾਂ। ਨੌਰਵੇ ਦੇ ਫਿਲਾਸਫਰ ਲਾਰਜ ਸਵੈਂਡਸਨ
ਦਾ ਕਥਨ ਹੈ ਕਿ ਅਸੀਂ ਬੋਰੀਅਤ ਤੋਂ ਆਜ਼ਾਦੀ
ਮਾਣਨ ਵਿੱਚ ਵਧੇਰੇ ਹੀ ਖ਼ੁਸ਼ ਹੋਣ ਲੱਗੇ ਹਾਂ। ਪਿਛਲੇ


ਸਮੇਂ ਵਿੱਚ ਸਮਾਜ ਦੇ ਪ੍ਰਤਿਸ਼ਟ ਆਦਮੀਆਂ ਤੇ
ਸੰਤਾਂ ਕੋਲ ਬੋਰ ਹੋਣ ਵਾਸਤੇ ਬਹੁਤ ਸਮਾਂ ਹੁੰਦਾ ਸੀ ਜਦੋਂਕਿ ਬਾਕੀ ਦੁਨੀਆਂ ਜਿਊਣ ਲਈ ਲਗਾਤਾਰ ਜੱਦੋਜਹਿਦ ਵਿੱਚ ਰੁੱਝੀ ਰਹਿੰਦੀ ਸੀ।
ਬਰਟਰੈਂਡ ਰੱਸਲ ਦਾ ਤਾਂ ਇੱਥੋਂ ਤਕ ਕਹਿਣਾ ਹੈ ਕਿ ਉਹ ਪੀੜ੍ਹੀ, ਜੋ ਬੋਰੀਅਤ ਨੂੰ ਨਹੀਂ ਸਹਾਰ ਸਕਦੀ, ਛੋਟੇ ਮਨੁੱਖਾਂ ਦੀ ਪੀੜ੍ਹੀ ਹੋਵੇਗੀ। ਬੋਰੀਅਤ ਦੀ ਆਪਣੀ ਸ਼ਕਤੀ ਹੈ ਤੇ ਇਹ ਨਵੇਂ ਅਰਥ ਸੰਚਾਰ ਦਾ ਮਾਧਿਅਮ ਹੋ ਸਕਦੀ ਹੈ।
ਸੋ, ਆਓ ਬੋਰ ਹੁੰਦੇ ਰਹੀਏ… ਤਕਨਾਲੋਜੀ ਤੋਂ ਕੁਝ ਬਚ ਬਚਾ ਕੇ।
                                                                                               ਸੰਪਰਕ: 98153-02081




No comments:

Post a Comment