ਵਿਸ਼ਵ ਸ਼ਾਂਤੀ ਲਈ ਮਹੱਤਵ ਰੱਖਦਾ ਹੈ ਗੁਰਮੇਹਰ ਕੌਰ ਦਾ ਸੁਨੇਹਾ
ਫਿਰਕਾਪ੍ਰਸਤਾਂ ਨੇ ਗੁਰਮੇਹਰ ਕੌਰ ਨੂੰ ਬਲਾਤਕਾਰ ਦੀ ਧਮਕੀ ਦੇ ਕੇ ਦਰਸਾ ਦਿੱਤਾ ਕਿ ਭਾਰਤ 'ਚ ਔਰਤ ਅਜ਼ਾਦ ਨਹੀਂ
ਭਾਜਪਾ ਦੇ ਸਿਆਸਤਦਾਨ ਔਰਤਾਂ ਤੇ ਘੱਟਗਿਣਤੀਆਂ ਵਿਰੁੱਧ ਨਫ਼ਰਤ ਦਾ ਕਰਦੇ ਨੇ ਪ੍ਰਗਟਾਵਾ
ਏਬੀਵੀਪੀ ਰਾਹੀਂ ਭਾਜਪਾ ਸਮੁੱਚੇ ਸਿੱਖਿਆ ਸੰਸਥਾਨਾਂ ਉੱਪਰ ਕਰਨਾ ਚਾਹੁੰਦੀ ਏ ਕਬਜ਼ੇ
ਦਿੱਲੀ ਮਹਿਲਾ ਕਮਿਸ਼ਨ ਵੱਲੋਂ ਗੁਰਮੇਹਰ ਕੌਰ ਬਾਰੇ ਫੇਸਬੁੱਕ ਨੂੰ ਨੋਟਿਸ
ਅਕਾਲ ਤਖ਼ਤ ਤੇ ਸ਼੍ਰੋਮਣੀ ਕਮੇਟੀ ਵੱਲੋਂ ਵੀ ਹਮਾਇਤ
ਪ੍ਰੋ. ਕਰਮਜੀਤ ਕੌਰ ਕਿਸ਼ਾਂਵਲ
ਦਿੱਲੀ ਯੂਨੀਵਰਸਿਟੀ ਦੇ ਲੇਡੀ ਸ਼੍ਰੀਰਾਮ ਕਾਲਜ ਦੀ ਵਿਦਿਆਰਥਣ ਗੁਰਮੇਹਰ ਕੌਰ ਜੋ ਕਿ ਕਾਰਗਿਲ ਸ਼ਹੀਦ ਕੈਪਟਨ ਮਨਦੀਪ ਸਿੰਘ ਦੀ ਬੇਟੀ ਵੀ ਹੈ, ਨੇ ਬੀਤੇ ਦਿਨੀਂ ਏਬੀਵੀਪੀ ਦੇ ਖ਼ਿਲਾਫ਼ ਕੈਂਪੇਨ ਚਲਾਇਆ ਸੀ। ਇੱਥੇ ਜ਼ਿਕਰਯੋਗ ਹੈ ਕਿ 1999 ਵਿੱਚ ਉਸ ਦੇ ਪਿਤਾ ਦੀ ਸ਼ਹਾਦਤ ਹੋਈ ਸੀ, ਜਦੋਂ ਕਿ ਉਹ 2 ਸਾਲ ਦੀ ਬੱਚੀ ਸੀ। ਅੱਜ ਉਹ 20 ਸਾਲ ਦੀ ਮੁਟਿਆਰ ਹੋ ਚੁੱਕੀ ਹੈ ਤੇ ਇੱਕ ਦੇਸਭਗਤ ਦੇ ਸ਼ਹੀਦ ਦੀ ਹੈਸੀਅਤ ਨਾਲ ਆਪਣੇ ਦੇਸ, ਸਮਾਜ ਅਤੇ ਵਿੱਦਿਅਕ ਅਦਾਰੇ ਦੇ ਮਾਹੌਲ ਪ੍ਰਤੀ ਜਾਗਰਿਤ ਹੋ ਕੇ ਸੋਚਦੀ ਹੈ। ਰਾਮਜਸ ਕਾਲਜ ਦੇ ਵਿੱਚ ਪ੍ਰਗਟਾਵੇ ਦੀ ਅਜ਼ਾਦੀ ਲਈ ਅੰਗਰੇਜ਼ੀ ਵਿਭਾਗ ਦੁਆਰਾ ਆਯੋਜਿਤ ਸੈਮੀਨਾਰ ਵਿੱਚ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੇ ਵਿਦਿਆਰਥੀ ਉਮਰ ਖਾਲਿਦ ਨੂੰ ਬੁਲਾਏ ਜਾਣ ਦੇ ਵਿਰੋਧ ਵਿੱਚ ਏਬੀਵੀਪੀ ਨੇ ਹਮਲਾ ਕਰਕੇ ਅਨੇਕਾਂ ਵਿਦਿਆਰਥੀਆਂ ਤੇ ਅਧਿਆਪਕਾਂ ਨੂੰ ਜ਼ਖ਼ਮੀ ਕਰ ਦਿੱਤਾ, ਜਿਸ ਦਾ ਵਿਰੋਧ ਕਰਦਿਆਂ ਹੋਇਆਂ ਗੁਰਮੇਹਰ ਨੇ ਫੇਸਬੁਕ 'ਤੇ ਇੱਕ ਚਿੱਤਰ ਲਗਾਇਆ ਕਿ ''ਮੈਂ ਦਿੱਲੀ ਯੂਨੀਵਰਸਿਟੀ ਦੀ ਵਿਦਿਆਰਥਣ ਹਾਂ। ਮੈਂ ਏਬੀਵੀਪੀ ਤੋਂ ਨਹੀਂ ਡਰਦੀ। ਮੈਂ ਇਕੱਲੀ ਹਾਂ। ਭਾਰਤ ਦਾ ਹਰੇਕ ਵਿਦਿਆਰਥੀ ਮੇਰੇ ਨਾਲ ਹੈ। ਸਟੂਡੈਂਟ ਅਗੇਂਸਟ ਏਬੀਵੀਪੀ।''
ਗੁਰਮੇਹਰ ਦਾ ਸੁਨੇਹਾ
ਇਸ ਤੋਂ ਬਾਅਦ ਫਿਰ ਕੀ ਸੀ ਸਮੱਰਥਨ ਤੇ ਵਿਰੋਧ ਵਿੱਚ ਬਹਿਸ ਛਿੜ ਪਈ। ਇਹ ਸ਼ਾਇਦ ਹੀ ਕਿਸੇ ਨੇ ਸੋਚਿਆ ਹੋਵੇਗਾ ਕਿ ਦਿੱਲੀ ਯੂਨੀਵਰਸਿਟੀ ਦੀ ਵਿਦਿਆਰਥਣ ਗੁਰਮੇਹਰ ਕੌਰ ਦਾ ਇੱਕ ਸੁਨੇਹਾ ਇਸ ਤਰ੍ਹਾਂ ਕੌਮਾਂਤਰੀ ਬਹਿਸ ਦਾ ਮੱਸਲਾ ਬਣ ਜਾਵੇਗਾ।
ਫਿਰਕੂ ਸਿਆਸਤਦਾਨ
ਅਸਲ ਵਿੱਚ, ਪਿਛਲੇ ਸਾਲ ਅਪ੍ਰੈਲ ਗੁਰਮੇਹਰ ਨੇ ਇੱਕ ਮੂਕ ਵੀਡੀਓ ਵਿੱਚ ਪਲੇਕਾਰਡ ਰਾਹੀਂ ਵਿਸ਼ਵ ਸ਼ਾਂਤੀ ਦਾ ਸੁਨੇਹਾ ਦਿੰਦਿਆਂ ਕਿਹਾ ਸੀ ਕਿ 'ਮੇਰੇ ਪਿਤਾ ਨੂੰ ਪਾਕਿਸਤਾਨ ਨੇ ਨਹੀਂ, ਜੰਗ ਨੇ ਮਾਰਿਆ।' ਉਸ ਦੇ ਕਹਿਣ ਦਾ ਭਾਵ ਇਹੀ ਸੀ ਕਿ ਦੋਹਾਂ ਦੇਸਾਂ ਵਿੱਚ ਸ਼ਾਂਤੀ ਹੋਣੀ ਚਾਹੀਦੀ ਹੈ ਤੇ ਜੰਗ ਮਨੁੱਖਤਾ ਦਾ ਘਾਣ ਕਰਦੀ ਹੈ। ਪਹਿਲਾਂ ਵਰਿੰਦਰ ਸਹਿਵਾਗ ਨੇ ਇੱਕ ਤਰ੍ਹਾਂ ਇਸ ਬਿਆਨ ਦਾ ਮਜ਼ਾਕ ਬਣਾ ਦਿੱਤਾ, ਫਿਰ ਅਦਾਕਾਰ ਰਣਦੀਪ ਹੁੱਡਾ, ਕੁਸ਼ਤੀ ਦੀ ਖਿਡਾਰੀ ਬਬਿਤਾ ਫੋਗਾਟ ਤੋਂ ਇਲਾਵਾ ਸੋਸ਼ਲ ਮੀਡੀਆ 'ਤੇ ਕਮੈਂਟ ਕਰਨ ਵਾਲਿਆਂ ਨੇ ਗੁਰਮੇਹਰ 'ਤੇ ਪਾਕਿਸਤਾਨ ਦੇ ਪ੍ਰਤੀ ਨਰਮ ਹੋਣ ਤੱਕ ਦਾ ਦੋਸ਼ ਲਗਾ ਦਿੱਤਾ। ਮੁੱਕੇਬਾਜ਼ ਯੋਗੇਸ਼ਵਰ ਦੱਤ ਨੇ ਗੁਰਮੇਹਰ ਦੀ ਤੁਲਨਾ ਓਸਾਮਾ ਬਿਨ ਲਾਦੇਨ ਤੇ ਹਿਟਲਰ ਨਾਲ ਕਰ ਦਿੱਤੀ। ਗ੍ਰਹਿ ਰਾਜ ਮੰਤਰੀ ਕਿਰਨ ਰਿਜੀਜੂ ਨੇ ਕਿਹਾ ਕਿ ਖੱਬੇਪੱਖੀਆਂ ਨੇ ਉਸ ਦਾ ਦਿਮਾਗ਼ ਗੰਦਾ ਕਰ ਦਿੱਤਾ ਅਤੇ ਕਈ ਦੂਜੇ ਨੇਤਾ ਵੀ ਗੁਰਮੇਹਰ ਦੇ ਪੱਖ-ਵਿਰੋਧੀ ਪੱਖ ਵਿੱਚ ਉਤਰ ਗਏ। ਹਾਲਾਂ ਕਿ ਉਸ ਨੇ ਕੋਈ ਵਿਵਾਦਪੂਰਨ ਗੱਲ ਨਹੀਂ ਕਹੀ ਤੇ ਨਾ ਹੀ ਇਹ ਭਾਰਤੀ ਵਿਰੋਧੀ ਬਿਆਨ ਸੀ। ਪਰ ਸੋਸ਼ਲ ਮੀਡੀਆ ਵਿੱਚ ਇਸ ਮੁੱਦੇ 'ਤੇ ਕੁਝ ਕੱਟੜਵਾਦੀਆਂ ਨੇ ਤਿੱਖੀ ਬਹਿਸ ਹੀ ਨਹੀਂ ਖੜੀ ਕੀਤੀ, ਸਗੋਂ ਉਸ ਨੂੰ ਦੇਸ ਦਾ ਗੱਦਾਰ ਤੇ ਬਲਾਤਕਾਰ ਕਰਨ ਦੀਆਂ ਧਮਕੀਆਂ ਦਿੱਤੀਆਂ।
ਪੀੜਤ ਏ ਗੁਰਮੇਹਰ
ਗੁਰਮੇਹਰ ਇਸ ਗੱਲ ਤੋਂ ਪੀੜਤ ਹੈ ਕਿ ਕਈ ਮਸ਼ਹੂਰ ਲੋਕ ਮੇਰੀ ਦੇਸ ਭਗਤੀ 'ਤੇ ਸ਼ੱਕ ਕਰ ਰਹੇ ਹਨ। ਉਹ ਕਹਿੰਦੀ ਹੈ ਕਿ ''ਮੈਂ ਦੋ ਗੱਲਾਂ ਸਾਫ਼ ਕਰ ਦੇਣਾ ਚਾਹੁੰਦੀ ਹਾਂ ਇੱਕ ਤਾਂ ਉਹ ਰਾਸ਼ਟਰਵਾਦ ਦੀ ਮੇਰੀ ਧਾਰਨਾ ਨੂੰ ਨਹੀਂ ਸਮਝਦੇ। ਦੂਸਰੇ ਵਿਦਿਆਰਥੀਆਂ ਦੀ ਇਹ ਮੁਹਿੰਮ ਰਾਜਨੀਤਕ ਨਹੀਂ ਹੈ। ਇਹ ਤਾਂ ਵਿਦਿਆਰਥੀਆਂ ਦੇ ਸਿੱਖਿਆ ਸੰਸਥਾਨਾਂ ਨੂੰ ਹਿੰਸਾ ਤੋਂ ਮੁਕਤ ਰੱਖਣ ਲਈ ਹੈ।''
ਗੁਰਮੇਹਰ ਨੂੰ ਧਮਕੀਆਂ
ਇਸ ਤੋਂ ਸਾਫ ਜ਼ਾਹਿਰ ਹੈ ਕਿ ਅਖੌਤੀ ਰਾਸ਼ਟਰਵਾਦ ਦੀ ਪਰਿਭਾਸ਼ਾ ਦੇ ਅੰਤਰਗਤ ਫਿਰਕੂ ਲੋਕਾਂ ਨੇ ਭਾਰਤੀ ਸੰਵਿਧਾਨ ਵਿੱਚ ਬੋਲਣ ਦੀ ਅਜ਼ਾਦੀ ਤੇ ਪ੍ਰਗਟਾਵੇ ਦੀ ਅਜ਼ਾਦੀ ਨੂੰ ਖ਼ਤਮ ਕਰਨ ਦੀ ਕੋਸ਼ਿਸ਼ ਕੀਤੀ ਹੈ ਤੇ ਇੱਥੋਂ ਤੱਕ ਸਿੱਖਿਆ ਸੰਸਥਾਨਾਂ ਦਾ ਮਾਹੌਲ ਜ਼ਹਿਰੀਲਾ ਤੇ ਭੜਕਾਊ ਬਣਾ ਦਿੱਤਾ ਹੈ। ਅਸਲ ਵਿੱਚ ਇਸ ਪਿੱਛੇ ਸਭ ਰਾਜਨੀਤੀ ਚੱਲ ਰਹੀ ਹੈ। ਭਾਜਪਾ ਚਾਹੁੰਦੀ ਹੈ ਕਿ ਸਿੱਖਿਆ ਸੰਸਥਾਨਾਂ ਉੱਪਰ ਉਸ ਦਾ ਕਬਜ਼ਾ ਹੋਵੇ, ਤਾਂ ਜੋ ਸਮੁੱਚੇ ਵਿਦਿਆਰਥੀ ਵਰਗ ਨੂੰ ਭਗਵੇਂ ਰੰਗ ਵਿੱਚ ਰੰਗ ਕੇ ਆਪਣੀ ਸਿਆਸਤ ਨੂੰ ਮਜ਼ਬੂਤ ਬਣਾਇਆ ਜਾ ਸਕੇ। ਇਸੇ ਲਈ ਏਬੀਵੀਪੀ ਨਾਂ ਦਾ ਸੰਗਠਨ ਖੜ੍ਹਾ ਕੀਤਾ ਗਿਆ ਹੈ। ਜਿੱਥੋਂ ਤੱਕ ਗੁਰਮੇਹਰ ਨੂੰ ਬਲਾਤਕਾਰ ਧਮਕੀਆਂ ਦਾ ਸੁਆਲ ਹੈ ਇਹ ਸਿੱਧੇ ਤੌਰ 'ਤੇ ਅਪਰਾਧ ਹੈ ਤੇ ਇਸ ਵਿਰੁੱਧ ਭਾਵੇਂ ਕੇਸ ਦਰਜ ਹੋ ਚੁੱਕਾ ਹੈ ਤੇ ਗੁਰਮੇਹਰ ਨੂੰ ਸੁਰੱਖਿਆ ਵੀ ਮਿਲ ਚੁੱਕੀ ਹੈ, ਪਰ ਦੋਸ਼ੀਆਂ ਦਾ ਹਾਲੇ ਤੱਕ ਗ੍ਰਿਫ਼ਤਾਰ ਨਾ ਹੋਣਾ ਸਾਫ਼ ਜ਼ਾਹਿਰ ਕਰਦਾ ਹੈ ਕਿ ਇਸ ਪਿੱਛੇ ਡੂੰਘੀ ਸਿਆਸਤ ਕੰਮ ਕਰ ਰਹੀ ਹੈ। ਇਨ੍ਹਾਂ ਸਿਆਸਤਦਾਨਾਂ ਦੀ ਅਨੈਤਿਕ ਰਾਜਨੀਤੀ ਕਾਰਨ ਅੱਜ ਭਾਰਤ ਵਿੱਚ ਔਰਤ ਸੁਰੱਖਿਅਤ ਨਹੀਂ। ਬਲਾਤਕਾਰ ਹੋ ਰਹੇ ਹਨ ਪਰ ਕਿਸੇ ਨੂੰ ਸਜ਼ਾ ਨਹੀਂ।
ਇਹ ਕਿੰਨੀ ਦੁਖਾਂਤਕ ਗੱਲ ਹੈ ਕਿ ਜਿਸ ਦਾ ਬਾਪ ਕੈਪਟਨ ਮਨਦੀਪ ਸਿੰਘ ਦੇਸ ਦੇ ਲਈ ਸ਼ਹੀਦ ਹੋ ਗਿਆ ਹੋਵੇ, ਉਸ ਨੂੰ ਕੁਝ ਹਵਸੀ ਲੋਕ ਬਲਾਤਕਾਰ ਦੀਆਂ ਧਮਕੀਆਂ ਦੇਣ, ਤਾਂ ਇਹ ਦੇਸ ਦੀ ਜਮਹੂਰੀਅਤ 'ਤੇ ਕਾਲਾ ਧੱਬਾ ਹੈ।
ਕੀ ਦੇਸਵਾਸੀਆਂ ਨੂੰ ਇਸ ਗੱਲ 'ਤੇ ਮਾਣ ਨਹੀਂ ਕਿ ਕੈਪਟਨ ਮਨਦੀਪ ਸਿੰਘ ਇਸ ਗੱਲ ਦੀ ਪਰਵਾਹ ਕੀਤੇ ਬਿਨਾਂ ਸ਼ਹੀਦ ਹੋਏ ਹਨ ਕਿ ਮੇਰੇ ਪਿੱਛੇ ਮੇਰਾ ਪਰਿਵਾਰ ਹੈ ਤੇ ਉਨ੍ਹਾਂ ਦੀ ਸੁਰੱਖਿਆ ਕੌਣ ਕਰੇਗਾ। ਪਰ ਅਫ਼ਸੋਸ ਹੈ ਕਿ ਕੇਂਦਰੀ ਗ੍ਰਹਿ ਰਾਜ ਮੰਤਰੀ ਕਿਰਨ ਰਿਜਿਜੂ ਤੇ ਇੱਕ ਭਾਜਪਾ ਸੰਸਦ ਮੈਂਬਰ ਪ੍ਰਤਾਪ ਸਿਨਹਾ ਸਮੇਤ ਕਈ ਰਾਜਸੀ ਹਸਤੀਆਂ ਨੇ ਇਸ ਮਾਮਲੇ ਵਿੱਚ ਸਿਆਸਤ ਖੇਡੀ ਹੈ ਤੇ ਸ਼ਹੀਦ ਕੈਪਟਨ ਦੀ ਧੀ ਵਿਰੁੱਧ ਮੰਦੀ ਸ਼ਬਦਾਵਲੀ ਬੋਲ ਕੇ ਗੁੰਡਾਗਰਦ ਤਾਕਤਾਂ ਦੇ ਹੌਂਸਲੇ ਵਧਾਏ ਹਨ।
ਗੁਰਮੇਹਰ ਦੀ ਹਮਾਇਤ
ਗੁਰਮੇਹਰ ਨੇ ਕੁਝ ਕਾਰਨਾਂ ਕਰਕੇ ਚਾਹੇ ਉਸ ਨੂੰ ਪਰਿਵਾਰ ਦਾ ਦਬਾਅ ਮੰਨ ਲਓ ਹੁਣ ਏਬੀਵੀਪੀ ਖ਼ਿਲਾਫ਼ ਮੁਹਿੰਮ ਤੋਂ ਖ਼ੁਦ ਨੂੰ ਅਲਹਿਦਾ ਕਰ ਲਿਆ ਹੈ ਤੇ ਜਲੰਧਰ ਆਪਣੇ ਘਰ ਆ ਗਈ ਹੈ। ਉਸ ਦੇ ਦਾਦੇ ਨੇ ਵੀ ਗੁਰਮੇਹਰ ਦਾ ਸਮਰਥਨ ਕੀਤਾ ਹੈ। ਇਸ ਦੌਰਾਨ ਉਸ ਦੇ ਦਾਦਾ ਕਮਲਜੀਤ ਸਿੰਘ ਨੇ ਕਿਹਾ ਕਿ ਗੁਰਮੇਹਰ ਕੌਰ ਜਲਦੀ ਆਪਣੀ ਪੜ੍ਹਾਈ ਪੂਰੀ ਕਰਨ ਲਈ ਵਾਪਸ ਦਿੱਲੀ ਚਲੀ ਜਾਵੇਗੀ। ਉਨ੍ਹਾਂ ਕਿਹਾ ਕਿ ਗੁਰਮੇਹਰ ਦਲੇਰ ਲੜਕੀ ਹੈ ਤੇ ਉਸ ਵੱਲੋਂ ਉਠਾਏ ਮੁੱਦਿਆਂ ਨੂੰ ਰਾਜਸੀ ਰੰਗਤ ਨਾ ਦਿੱਤੀ ਜਾਵੇ। ਉਨ੍ਹਾਂ ਦੇ ਪੁੱਤਰ ਕੈਪਟਨ ਮਨਦੀਪ ਸਿੰਘ ਨੇ ਦੇਸ਼ ਲਈ ਜਾਨ ਵਾਰੀ ਹੈ। ਭਾਰਤ-ਪਾਕਿ ਵਿੱਚ ਸ਼ਾਂਤੀ ਦਾ ਮਾਹੌਲ ਰੱਖਣ ਦੀ ਵਕਾਲਤ ਕਰਨ ਵਾਲੀ ਗੁਰਮਿਹਰ ਕੌਰ ਨੇ ਕੋਈ ਗਲਤ ਗੱਲ ਨਹੀਂ ਕੀਤੀ।
ਕਾਂਗਰਸ , ਖੱਬੇਪੱਖੀ ਧਿਰਾਂ, ਆਪ ਪਾਰਟੀ ਵੀ ਇਸ ਦੇ ਸਮਰਥਨ ਵਿੱਚ ਆ ਗਈੇਆਂ ਹਨ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਪਹਿਲਾਂ ਹੀ ਹਮਾਇਤ ਕਰ ਚੁੱਕੀ ਹੈ, ਹੁਣ ਸ਼੍ਰੋਮਣੀ ਕਮੇਟੀ ਤੇ ਅਕਾਲ ਤਖ਼ਤ ਵੱਲੋਂ ਗੁਰਮੇਹਰ ਕੌਰ ਦੀ ਹਮਾਇਤ ਕਰ ਦਿੱਤੀ ਗਈ ਹੈ ਕਿ ਉਹ ਪੰਜਾਬ ਦੀ ਧੀ ਨਾਲ ਖਲੋਤੇ ਹਨ। ਇਨ੍ਹਾਂ ਧਿਰਾਂ ਦਾ ਮੰਨਣਾ ਹੈ ਕਿ ਦੇਸ਼ ਲਈ ਜਾਨ ਕੁਰਬਾਨ ਕਰਨ ਵਾਲੇ ਸ਼ਹੀਦ ਕੈਪਟਨ ਮਨਦੀਪ ਸਿੰਘ ਦੀ ਬੇਟੀ ਨਾਲ ਅਜਿਹੀ ਦੁਖਦਾਈ ਘਟਨਾ ਵਾਪਰਨਾ ਸ਼ਹੀਦਾਂ ਦਾ ਵੱਡਾ ਅਪਮਾਨ ਹੈ। ਪਰ ਗੁਰਮੇਹਰ ਦੇ ਘਰ ਦੇ ਇਸ ਨੂੰ ਰਾਜਨੀਤਕ ਮੁੱਦਾ ਨਹੀਂ ਬਣਾਉਣਾ ਚਾਹੁੰਦੇ, ਚਾਹੇ ਕੁਝ ਵੀ ਹੋਵੇ, ਗੁਰਮੇਹਰ ਵਿਚਾਰਧਾਰਕ ਆਜ਼ਾਦੀ ਦਾ ਝੰਡਾ ਬੁਲੰਦ ਕਰਨ ਵਿੱਚ ਕਾਮਯਾਬ ਹੋਈ ਹੈ।
ਇਸ ਸੰਦਰਭ ਵਿੱਚ ਦਿੱਲੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਸਵਾਤੀ ਮਾਲੀਵਾਲ ਨੇ ਫੇਸਬੁੱਕ ਨੂੰ ਨੋਟਿਸ ਜਾਰੀ ਕਰਕੇ ਦਿੱਲੀ ਯੂਨੀਵਰਸਿਟੀ ਦੀ ਵਿਦਿਆਰਥਣ ਗੁਰਮੇਹਰ ਕੌਰ ਨੂੰ ਜਾਨ ਤੋਂ ਮਾਰਨ ਅਤੇ ਬਲਾਤਕਾਰ ਕਰਨ ਦੀਆਂ ਧਮਕੀਆਂ ਦੇਣ ਵਾਲਿਆਂ ਦਾ ਬਿਊਰਾ ਦੇਣ ਲਈ ਆਖਿਆ ਹੈ।
ਕਮਿਸ਼ਨ ਨੇ ਦੋਸ਼ੀਆਂ ਦੇ ਆਈ ਪੀ ਐਡਰੈੱਸ ਅਤੇ ਹੋਰ ਜਾਣਕਾਰੀ ਦੇਣ ਲਈ ਵੀ ਕਿਹਾ ਹੈ। ਇਸ ਦੇ ਨਾਲ ਹੀ ਮਹਿਲਾ ਕਮਿਸ਼ਨ ਨੇ ਜਿਹੜੇ ਫੇਸਬੁੱਕ ਖਾਤਿਆਂ ਤੋਂ ਧਮਕੀਆਂ ਦਿੱਤੀਆਂ ਗਈਆਂ ਹਨ, ਉਨ੍ਹਾਂ ਨੂੰ ਬੰਦ ਕਰਨ ਲਈ ਵੀ ਆਖਿਆ ਹੈ। ਦਿੱਲੀ ਪੁਲਸ ਨੇ ਮਹਿਲਾ ਕਮਿਸ਼ਨ ਦੇ ਦਖਲ ਤੋਂ ਬਾਅਦ ਇਸ ਮਾਮਲੇ ਸੰਬੰਧੀ ਐੱਫ ਆਈ ਆਰ ਦਰਜ ਕਰ ਲਈ ਹੈ। ਦੁਨੀਆਂ ਭਰ ਵਿੱਚ ਮਨੁੱਖੀ ਸਮਾਜ ਲਈ ਕੰਮ ਕਰਨ ਵਾਲੀਆਂ ਸਾਰੀਆਂ ਮਸ਼ਹੂਰ ਸ਼ਖ਼ਸੀਅਤਾਂ, ਲੋਕ, ਮਨੁੱਖੀ ਅਧਿਕਾਰ ਸੰਗਠਨਾਂ ਨੇ ਯੁੱਧ ਨੂੰ ਮਨੁੱਖਤਾ ਦਾ ਸਭ ਤੋਂ ਵੱਡਾ ਦੁਸ਼ਮਣ ਮੰਨਿਆ ਹੈ। ਯੁੱਧ ਵਿੱਚ ਵਿਰੋਧੀ ਪੱਖ ਦੇ ਰੂਪ ਵਿੱਚ ਦੋ ਦੇਸ ਹੁੰਦੇ ਹੋਣ, ਪਰ ਯੁੱਧ ਦਾ ਨਤੀਜਾ ਆਖਿਰਕਾਰ ਅਣਗਿਣਤ ਇਨਸਾਨਾਂ ਦੀ ਮੌਤ ਤੇ ਇਨਸਾਨੀਅਤ ਦੇ ਨੁਕਸਾਨ ਦੀ ਸ਼ਕਲ ਵਿੱਚ ਹੀ ਸਾਹਮਣੇ ਆਉਂਦਾ ਹੈ। ਇਸ ਪੱਖੋਂ ਜੇਕਰ ਸਿਰਫ਼ 20 ਸਾਲ ਦੀ ਵਿਦਿਆਰਥਣ ਗੁਰਮੇਹਰ ਆਪਣੇ ਪਿਤਾ ਦੇ ਸ਼ਹੀਦ ਹੋਣ ਦੇ ਬਾਵਜੂਦ ਕਿਸੇ ਖ਼ਾਸ ਪੱਖ ਨੂੰ ਕਸੂਰਵਾਰ ਠਹਿਰਾਉਣ ਦੀ ਬਜਾਏ ਉਸ ਦੇ ਕਾਰਨਾਂ ਨੂੰ ਜ਼ਿੰਮੇਵਾਰ ਠਹਿਰਾ ਰਹੀ ਸੀ, ਤਾਂ ਇਸ ਨੂੰ ਉਸ ਅਮਨ ਸ਼ਾਂਤੀ ਵਾਲੀ ਭਾਵਨਾ ਦਾ ਸਬੂਤ ਮੰਨਿਆ ਜਾਣਾ ਚਾਹੀਦਾ ਹੈ, ਜਿਸ ਹਾਹੀਂ ਦੋਹਾਂ ਦੇਸਾਂ ਵਿੱਚ ਅਮਨ ਸ਼ਾਂਤੀ ਦਾ ਸੁਨੇਹਾ ਉਜਾਗਰ ਹੁੰਦਾ ਹੈ। ਬੀਤੇ ਹੋਏ ਨਫ਼ਰਤ ਦੇ ਅਧਿਆਇ ਨੂੰ ਭੁਲਾ ਕੇ ਹੀ ਮਨੁੱਖਤਾ ਤੇ ਪ੍ਰੇਮ ਦਾ ਸਮਾਜ ਬਣਾਇਆ ਜਾ ਸਕਦਾ ਹੈ।
ਕੀ ਹੋਵੇ
ਇਸ ਸੰਦਰਭ ਵਿੱਚ ਨਾਲ ਦੇਖੀਏ, ਤਾਂ ਗੁਰਮੇਹਰ ਦੇ ਵਿਚਾਰ ਹਿੰਸਾ ਤੇ ਨਫ਼ਰਤ ਨੂੰ ਰੱਦ ਕਰਦੇ ਹਨ। ਜਿਸ ਲੜਕੀ ਦੇ ਪਿਤਾ ਕਾਰਗਿਲ ਜੰਗ ਵਿੱਚ ਅੱਤਵਾਦੀਆਂ ਨਾਲ ਲੜਦੇ ਹੋਏ ਦੇਸ ਲਈ ਸ਼ਹੀਦ ਹੋਏ, ਉਸ ਦੀ ਸਦਭਾਵਨਾ ਦੀ ਮੰਗ ਨੂੰ ਕਟਹਿਰੇ ਵਿੱਚ ਖੜ੍ਹਾ ਕਰ ਦਿੱਤਾ ਗਿਆ ਤੇ ਉਸ ਨੂੰ ਦੋਸ਼ੀ ਠਹਿਰਾ ਦਿੱਤਾ ਗਿਆ। ਇਹ ਕਿਸ ਤਰ੍ਹਾਂ ਦੀ ਮਲੀਨ ਸੋਚ ਹੈ, ਜੋ ਰਾਸ਼ਟਰਵਾਦ 'ਤੇ ਪਹਿਰਾ ਦੇਣ ਦਾ ਦਿਖਾਵਾ ਕਰ ਰਹੀ ਹੈ। ਇਸ ਨਾਲ ਉਹ ਨਿਰਦੋਸ਼ ਮੁਟਿਆਰ ਗੁਰਮੇਹਰ ਖ਼ੁਦ ਨੂੰ ਪੀੜਤ ਮਹਿਸੂਸ ਕਰ ਰਹੀ ਹੈ। ਲੋੜ ਇਸ ਗੱਲ ਦੀ ਹੈ ਕਿ ਸਮੁੱਚਾ ਸਮਾਜ ਔਰਤ ਦੀ ਅਜ਼ਾਦੀ ਦੇ ਲਈ ਤੇ ਵਿਸ਼ਵ ਦੀ ਸ਼ਾਂਤੀ ਲਈ ਗੁਰਮੇਹਰ ਕੌਰ ਦੀ ਹਮਾਇਤ ਕਰੇ, ਤਾਂ ਜੋ ਫਾਸ਼ੀਵਾਦੀ ਤਾਕਤਾਂ ਵਿਰੁੱਧ ਜੂਝਣ ਵਾਲੀਆਂ ਜਮਹੂਰੀ ਤਾਕਤਾਂ ਦਾ ਮਨੋਬਲ ਵਧ ਸਕੇ।


No comments:
Post a Comment